
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾਹ ਤਰਾਰ ਨੇ ਕਿਹਾ ਕਿ ਅਲ-ਸ਼ਿਫਾ ਹਸਪਤਾਲ ਦੇ ਰਸਤੇ ਤੇ ਹਸਪਤਾਲ ਦੇ ਬਾਹਰ ਪੀਟੀਆਈ ਵਰਕਰਾਂ ਕਾਰਨ ਬਣੀ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਖ਼ਾਨ ਨੂੰ ਪੀਆਈਐੱਮਐੱਸ ਲਿਜਾਇਆ ਗਿਆ ਤੇ ਮੈਡੀਕਲ ਜਾਂਚ ਅਨੁਸਾਰ ਉਹ ਸਿਹਤਮੰਦ ਪਾਏ ਗਏ।

ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮ ਦੀ ਅਣਦੇਖੀ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ੁੱਕਰਵਾਰ ਸਵੇਰੇ ਸਰਕਾਰੀ ਹਸਪਤਾਲ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀਆਈਐੱਮਐੱਸ) ’ਚ ਜਾਂਚ ਕਰਵਾਈ। ਬਾਅਦ ’ਚ ਉਨ੍ਹਾਂ ਨੂੰ ਮੁੜ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਭੇਜ ਦਿੱਤਾ ਗਿਆ, ਜਦਕਿ ਸਰਬਉੱਚ ਅਦਾਲਤ ਨੇ ਮੰਗਲਵਾਰ ਦੇ ਫ਼ੈਸਲੇ ਵਿਚ ਕਿਹਾ ਸੀ ਕਿ ਖ਼ਾਨ ਨੂੰ 16 ਸਤੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਸ਼ਿਫਾ ਹਸਪਤਾਲ ਵਿਚ ਹੀ ਰਹਿਣਾ ਚਾਹੀਦਾ ਹੈ। ਪਾਕਿਸਤਾਨ ਸਰਕਾਰ ਨੇ ਆਪਣੇ ਆਪ ਨੂੰ ਪਾਕ-ਸਾਫ ਦਿਖਾਉਣ ਲਈ ਦਲੀਲ ਦਿੱਤੀ ਹੈ ਕਿ ਇਮਰਾਨ ਦੀ ਪਾਰਟੀ ਦੇ ਵਰਕਰਾਂ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਜਾਂਚ ਕਰਵਾਉਣੀ ਪਈ। ਉਥੇ ਨਿੱਜੀ ਹਸਪਤਾਲ ਅਲ ਸ਼ਿਫਾ ਦੇ ਡਾਕਟਰ ਵੀ ਮੌਜੂਦ ਸਨ ਤੇ ਉਨ੍ਹਾਂ ਦੀ ਭੈਣ ਉਜ਼ਮਾ ਵੀ ਉਥੇ ਸੀ।
ਇਸ ਤੋਂ ਪਹਿਲਾਂ ਖ਼ਾਨ ਦੇ ਅੰਤਰਰਾਸ਼ਟਰੀ ਮੀਡੀਆ ਬੁਲਾਰੇ ਜ਼ੁਲਫੀ ਬੁਖਾਰੀ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸਥਾਪਕ ਨੂੰ ਨਿੱਜੀ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਲਿਜਾਇਆ ਗਿਆ ਸੀ। ਸੁਪਰੀਮ ਕੋਰਟ ਨੇ 18 ਅਗਸਤ ਨੂੰ ਹੁਕਮ ਦਿੱਤਾ ਸੀ ਕਿ ਖ਼ਾਨ ਨੂੰ ਦੋ ਦਿਨਾਂ ਦੇ ਅੰਦਰ ਹਸਪਤਾਲ ਲਿਜਾਇਆ ਜਾਵੇ। ਇਹ ਹੁਕਮ ਕੋਰਟ ਵਿਚ ਪੇਸ਼ ਕੀਤੀ ਗਈ ਇਕ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਦਿੱਤਾ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਹ ਲੈਵਲ ਥ੍ਰੀ ਪਲੱਸ ਐਂਗਜ਼ਾਇਟੀ (ਚਿੰਤਾ) ਨਾਲ ਜੂਝ ਰਹੇ ਹਨ। ਲੈਵਲ ਥ੍ਰੀ ਪਲੱਸ ਐਂਗਜ਼ਾਇਟੀ ਦਾ ਮਤਲਬ ਹੈ ਬਹੁਤ ਜ਼ਿਆਦਾ ਜਾਂ ਗੰਭੀਰ ਚਿੰਤਾ, ਜਿਸ ਕਾਰਨ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੁੰਦੇ ਹਨ।
ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾਹ ਤਰਾਰ ਨੇ ਕਿਹਾ ਕਿ ਅਲ-ਸ਼ਿਫਾ ਹਸਪਤਾਲ ਦੇ ਰਸਤੇ ਤੇ ਹਸਪਤਾਲ ਦੇ ਬਾਹਰ ਪੀਟੀਆਈ ਵਰਕਰਾਂ ਕਾਰਨ ਬਣੀ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਖ਼ਾਨ ਨੂੰ ਪੀਆਈਐੱਮਐੱਸ ਲਿਜਾਇਆ ਗਿਆ ਤੇ ਮੈਡੀਕਲ ਜਾਂਚ ਅਨੁਸਾਰ ਉਹ ਸਿਹਤਮੰਦ ਪਾਏ ਗਏ। ਉਨ੍ਹਾਂ ਨੂੰ ਸਵੇਰੇ ਪੰਜ ਵਜੇ ਮੁੜ ਅਦਿਆਲਾ ਜੇਲ੍ਹ ਭੇਜ ਦਿੱਤਾ ਗਿਆ।
ਪੀਟੀਆਈ ਨਾਲ ਜੁੜੇ ਖੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਕਿਹਾ ਕਿ ਖ਼ਾਨ ਨੂੰ ਨਿੱਜੀ ਹਸਪਤਾਲ ਨਾ ਲਿਜਾਣ ਕਾਰਨ ਸਰਕਾਰ ਨੇ ਕੋਰਟ ਦੇ ਹੁਕਮ ਦੀ ਉਲੰਘਣਾ ਕੀਤਾ ਹੈ। ਇਹ ਨਾ ਸਿਰਫ਼ ਸੁਪਰੀਮ ਕੋਰਟ ਦਾ ਅਪਮਾਨ ਹੈ, ਬਲਕਿ ਪੂਰੀ ਨਿਆਂਪਾਲਿਕਾ ਦਾ ਅਪਮਾਨ ਵੀ ਹੈ। ਦੇਸ਼ ਭਰ ਦੇ ਜੱਜਾਂ ਨੂੰ ਇਹ ਫ਼ੈਸਲਾ ਕਰਨਾ ਪਵੇਗਾ ਕਿ ਇਸ ਘਟਨਾ 'ਤੇ ਕੀ ਪ੍ਰਤੀਕਿਰਿਆ ਦਿੱਤੀ ਜਾਵੇ, "ਨਹੀਂ ਤਾਂ ਜੰਗਲ ਰਾਜ ਕਾਇਮ ਹੋ ਜਾਵੇਗਾ"। ਉਨ੍ਹਾਂ ਕਿਹਾ ਕਿ ਪੀਟੀਆਈ ਇਸ ਮਾਮਲੇ ਨੂੰ ਕੋਰਟ ਦੀ ਹੁਕਮਅਦੂਲੀ ਪਟੀਸ਼ਨ ਰਾਹੀਂ ਅੱਗੇ ਵਧਾਏਗੀ।