- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Pakistan ਦੇ ਮਸ਼ਹੂਰ ਅਖ਼ਬਾਰ 'ਦ ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਨੇ ਇਸ ਮਹਿੰਗਾਈ ਦਾ ਖੁਲਾਸਾ ਕੀਤਾ ਹੈ। ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕਿ ਖੁੱਲ੍ਹੇ ਬਾਜ਼ਾਰ ਵਿੱਚ ਇਨਸੁਲਿਨ ਇੰਜੈਕਸ਼ਨ ਡਿਵਾਈਸ ਦੀ ਕੀਮਤ 2,200 ਪਾਕਿਸਤਾਨੀ ਰੁਪਏ (PKR) ਤੋਂ ਵਧ ਕੇ 4,720 ਪਾਕਿਸਤਾਨੀ ਰੁਪਏ ਕਰ ਦਿੱਤੀ ਗਈ ਹੈ।

Pakistan Inflation : ਮਿਡਲ ਈਸਟ (ਮੱਧ ਪੂਰਬ) 'ਚ ਚੱਲ ਰਹੀ ਜੰਗ ਕਾਰਨ ਪਾਕਿਸਤਾਨ ਦੇ ਆਮ ਆਦਮੀ ਦਾ ਬੁਰਾ ਹਾਲ ਹੋ ਰਿਹਾ ਹੈ। ਆਮ ਆਦਮੀ ਨਾਲ ਜੁੜੀ ਹਰ ਚੀਜ਼ ਮਹਿੰਗੀ ਹੋ ਰਹੀ ਹੈ। ਹੁਣ ਦਵਾਈਆਂ ਦੀਆਂ ਕੀਮਤਾਂ 'ਚ ਭਾਰੀ ਵਾਧੇ ਦੀ ਖ਼ਬਰ ਆ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਰਾਵਲਪਿੰਡੀ ਦੇ ਫਾਰਮਾਸਿਊਟੀਕਲ ਹੱਬ (ਦਵਾਈਆਂ ਦੇ ਮੁੱਖ ਕੇਂਦਰ) ਬੋਹੜ ਬਾਜ਼ਾਰ 'ਚ ਦਵਾਈਆਂ ਦੀਆਂ ਕੀਮਤਾਂ 'ਚ 50 ਫੀਸਦੀ ਤੋਂ ਲੈ ਕੇ 500 ਫੀਸਦੀ ਤਕ ਦਾ ਵਾਧਾ ਹੋਇਆ ਹੈ।
ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਡਾਇਬੀਟੀਜ਼ (ਸ਼ੂਗਰ), ਹਾਈਪਰਟੈਨਸ਼ਨ, ਐਂਟੀਬਾਇਓਟਿਕਸ, ਪੇਟ ਦੀਆਂ ਬਿਮਾਰੀਆਂ ਤੇ ਖੰਘ ਵਰਗੀਆਂ ਤਕਲੀਫ਼ਾਂ ਲਈ ਦਿੱਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਪਾਕਿਸਤਾਨ ਦੇ ਮਸ਼ਹੂਰ ਅਖ਼ਬਾਰ 'ਦ ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਨੇ ਇਸ ਮਹਿੰਗਾਈ ਦਾ ਖੁਲਾਸਾ ਕੀਤਾ ਹੈ। ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕਿ ਖੁੱਲ੍ਹੇ ਬਾਜ਼ਾਰ ਵਿੱਚ ਇਨਸੁਲਿਨ ਇੰਜੈਕਸ਼ਨ ਡਿਵਾਈਸ ਦੀ ਕੀਮਤ 2,200 ਪਾਕਿਸਤਾਨੀ ਰੁਪਏ (PKR) ਤੋਂ ਵਧ ਕੇ 4,720 ਪਾਕਿਸਤਾਨੀ ਰੁਪਏ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਿਟਾਮਿਨ ਬੀ ਸਪਲੀਮੈਂਟਸ 500 PKR ਤੋਂ ਵਧ ਕੇ 600 PKR ਹੋ ਗਏ ਹਨ। ਬਦਹਜ਼ਮੀ ਤੇ ਐਸੀਡਿਟੀ ਦੀ ਦਵਾਈ ਦੇ ਇਕ ਪੈਕੇਟ ਦੀ ਕੀਮਤ 530 PKR ਤੋਂ ਵਧ ਕੇ 620 PKR ਹੋ ਗਈ ਹੈ। ਨਿਊਟ੍ਰੀਸ਼ਨਲ ਸਪਲੀਮੈਂਟਸ ਅਤੇ ਵਿਟਾਮਿਨ ਟੈਬਲੇਟ ਦੇ ਇਕ ਪੈਕ ਦੀ ਕੀਮਤ 480 PKR ਤੋਂ ਵਧ ਕੇ 510 PKR ਹੋ ਗਈ ਹੈ।
ਥਾਇਰਾਇਡ ਦੀ ਦਵਾਈ 85 PKR ਤੋਂ ਵਧ ਕੇ 290 PKR ਹੋ ਗਈ ਹੈ। ਟਾਈਫਾਈਡ ਦੇ ਆਮ ਇਲਾਜ ਦੀ ਕੀਮਤ 805 PKR ਤੋਂ ਵਧ ਕੇ 930 PKR ਹੋ ਗਈ ਹੈ। ਮਰੀਜ਼ ਜ਼ਰੂਰੀ ਇਲਾਜ ਤੋਂ ਵਾਂਝੇ ਹੋ ਰਹੇ ਹਨ ਅਤੇ ਉਨ੍ਹਾਂ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ।
ਪਾਕਿਸਤਾਨ ਬਿਊਰੋ ਆਫ਼ ਸਟੈਟਿਸਟਿਕਸ ਵੱਲੋਂ ਜਾਰੀ ਸੈਂਸਟਿਵ ਪ੍ਰਾਈਸ ਇੰਡੈਕਸ (SPI) ਦੇ ਤਾਜ਼ਾ ਅੰਕੜਿਆਂ ਮੁਤਾਬਕ, 11.67 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਔਸਤ ਕੀਮਤ ਵਧ ਕੇ 3,900 ਤੋਂ 5,135 ਰੁਪਏ ਤਕ ਪਹੁੰਚ ਗਈ ਹੈ ਜੋ ਪਹਿਲਾਂ 3,150 ਤੋਂ 3,968 ਰੁਪਏ ਦੇ ਵਿਚਕਾਰ ਹੁੰਦੀ ਸੀ। ਪਾਕਿਸਤਾਨ ਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿਲੰਡਰ ਸਭ ਤੋਂ ਜ਼ਿਆਦਾ ਮਹਿੰਗਾ ਮਿਲ ਰਿਹਾ ਹੈ।
(ਆਈਏਐੱਨਐੱਸ ਦੇ ਇਨਪੁੱਟ ਨਾਲ)