- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਬੁੱਧਵਾਰ ਨੂੰ ਪਾਕਿਸਤਾਨ ਦੇ ਚਾਰਜ ਡੀ ਅਫੇਅਰਜ਼ ਨੂੰ ਤਲਬ ਕਰ ਕੇ ਘਟਨਾ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ ਸੀ। ਭਾਰਤੀ ਪੱਖ ਮੁਤਾਬਕ ਮੰਗਲਵਾਰ ਰਾਤ ਉੱਤਰੀ ਅਰਬ ਸਾਗਰ ’ਚ ਨਿਯਮਤ ਨਿਗਰਾਨੀ ਮਿਸ਼ਨ ’ਤੇ ਤਾਇਨਾਤ ਭਾਰਤੀ ਜਲ ਸੈਨਾ ਦੇ ਅਗਲੇ ਮੋਰਚੇ ਦੇ ਜੰਗੀ ਬੇੜੇ ਆਈਐੱਨਐੱਸ ਕੋਲਕਾਤਾ ਦੇ ਨੇੜੇ ਪਾਕਿਸਤਾਨੀ ਜਲ ਸੈਨਾ ਦਾ ਜਹਾਜ਼ ‘ਹੁਨੈਨ’ ਆ ਗਿਆ ਅਤੇ ਖ਼ਤਰਨਾਕ ਢੰਗ ਨਾਲ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਦੋਵਾਂ ਬੇੜਿਆਂ ਦੀ ਟੱਕਰ ਹੋ ਗਈ।

ਨਵੀਂ ਦਿੱਲੀ, (ਪੀਟੀਆਈ) : ਭਾਰਤ ਨੇ ਅਰਬ ਸਾਗਰ ’ਚ ਪਾਕਿਸਤਾਨੀ ਜਲ ਸੈਨਾ ਦੇ ਬੇੜੇ ਅਤੇ ਭਾਰਤੀ ਜੰਗੀ ਬੇੜੇ ਵਿਚਕਾਰ ਹੋਈ ਟੱਕਰ ਨੂੰ ਲੈ ਕੇ ਪਾਕਿਸਤਾਨ ਦੇ ਦੋਸ਼ਾਂ ਨੂੰ ਸ਼ੁੱਕਰਵਾਰ ਨੂੰ ਸਖ਼ਤੀ ਨਾਲ ਖ਼ਾਰਜ ਕਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਬੇੜੇ ‘ਪੀਐੱਨਐੱਸ ਹੁਨੈਨ’ ਨੇ ਸਮੁੰਦਰ ’ਚ ਨਾ-ਕਾਬਿਲੇ ਬਰਦਾਸ਼ਤ ਅਤੇ ਗ਼ੈਰ-ਪੇਸ਼ੇਵਰ ਢੰਗ ਨਾਲ ਕਾਰਵਾਈ ਕੀਤੀ ਅਤੇ ਅਪ੍ਰੈਲ 1991 ’ਚ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਦੀ ਉਲੰਘਣਾ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਬੁੱਧਵਾਰ ਨੂੰ ਪਾਕਿਸਤਾਨ ਦੇ ਚਾਰਜ ਡੀ ਅਫੇਅਰਜ਼ ਨੂੰ ਤਲਬ ਕਰ ਕੇ ਘਟਨਾ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ ਸੀ। ਭਾਰਤੀ ਪੱਖ ਮੁਤਾਬਕ ਮੰਗਲਵਾਰ ਰਾਤ ਉੱਤਰੀ ਅਰਬ ਸਾਗਰ ’ਚ ਨਿਯਮਤ ਨਿਗਰਾਨੀ ਮਿਸ਼ਨ ’ਤੇ ਤਾਇਨਾਤ ਭਾਰਤੀ ਜਲ ਸੈਨਾ ਦੇ ਅਗਲੇ ਮੋਰਚੇ ਦੇ ਜੰਗੀ ਬੇੜੇ ਆਈਐੱਨਐੱਸ ਕੋਲਕਾਤਾ ਦੇ ਨੇੜੇ ਪਾਕਿਸਤਾਨੀ ਜਲ ਸੈਨਾ ਦਾ ਜਹਾਜ਼ ‘ਹੁਨੈਨ’ ਆ ਗਿਆ ਅਤੇ ਖ਼ਤਰਨਾਕ ਢੰਗ ਨਾਲ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਦੋਵਾਂ ਬੇੜਿਆਂ ਦੀ ਟੱਕਰ ਹੋ ਗਈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਇਹ ਘਟਨਾ ਪਾਕਿਸਤਾਨ ਦੇ ਵਿਸ਼ੇਸ਼ ਆਰਥਿਕ ਖੇਤਰ ’ਚ ਭਾਰਤੀ ਜਹਾਜ਼ ਦੀ ‘ਬੇਹੱਦ ਭੜਕਾਊ ਅਤੇ ਅਸਵੀਕਾਰ ਕਰਨ ਯੋਗ ਕਾਰਵਾਈ’ ਤੋਂ ਬਾਅਦ ਹੋਈ। ਇਸ ’ਤੇ ਜਾਇਸਵਾਲ ਨੇ ਕਿਹਾ ਕਿ ਭਾਰਤ ਪਾਕਿਸਤਾਨੀ ਧਿਰ ਦੇ ਦੋਸ਼ਾਂ ਅਤੇ ਉਨ੍ਹਾਂ ਦੇ ਸੰਕੇਤਾਂ ਨੂੰ ਖ਼ਾਰਜ ਕਰਦਾ ਹੈ। ਉਨ੍ਹਾਂ ਕਿਹਾ ਕਿ ‘ਹੁਨੈਨ’ ਦੀ ਕਾਰਵਾਈ 1991 ਦੇ ਸਮਝੌਤੇ ਦੀ ਧਾਰਾ 10 ਦੀ ‘ਘੋਰ ਉਲੰਘਣਾ’ ਹੈ। ਇਸ ਵਿਵਸਥਾ ਤਹਿਤ ਸਮੁੰਦਰ ’ਚ ਦੋਵਾਂ ਦੇਸ਼ਾਂ ਦੀਆਂ ਜਲ ਸੈਨਾ ਇਕਾਈਆਂ ਨੂੰ ਇਕ-ਦੂਜੇ ਤੋਂ ਤਿੰਨ ਸਮੁੰਦਰੀ ਮੀਲ (ਲਗਪਗ ਸਾਢੇ ਪੰਜ ਕਿੱਲੋਮੀਟਰ) ਤੋਂ ਘੱਟ ਦੂਰੀ ’ਤੇ ਨਹੀਂ ਰਹਿਣ ਦੀ ਗੱਲ ਆਖੀ ਗਈ ਹੈ। ਭਾਰਤ ਨੇ ਇਹ ਵੀ ਕਿਹਾ ਕਿ ਪਾਕਿਸਤਾਨੀ ਬੇੜੇ ਨੇ ਸਮੁੰਦਰ ’ਚ ਟੱਕਰ ਰੋਕਣ ਨਾਲ ਸਬੰਧਤ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕੀਤੀ।
ਜਾਇਸਵਾਲ ਨੇ ਕਿਹਾ ਕਿ ਪਾਕਿਸਤਾਨ ਨੂੰ ਸਾਰੀਆਂ ਫ਼ੌਜੀ ਇਕਾਈਆਂ ਦੀ ਢੁੱਕਵੀਂ ਨਿਗਰਾਨੀ ਅਤੇ ਸਾਵਧਾਨੀ ਯਕੀਨੀ ਬਣਾਉਣ ਅਤੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਦੀਆਂ ਵਿਵਸਥਾਵਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ’ਚ ਆਈਐੱਨਐੱਸ ਕੋਲਕਾਤਾ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਉਹ ਸਮੁੰਦਰ ’ਚ ਆਪਣੀ ਤਾਇਨਾਤੀ ’ਤੇ ਹੈ।
ਲਾਲ ਸਾਗਰ ’ਚ ਹਮਲਿਆਂ ’ਤੇ ਚਿੰਤਾ
ਭਾਰਤ ਨੇ ਲਾਲ ਸਾਗਰ ਖੇਤਰ ’ਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ। ਵਿਦੇਸ਼ ਮੰਤਰਾਲੇ ਨੇ ਕੌਮਾਂਤਰੀ ਸਮੁੰਦਰੀ ਖੇਤਰ ’ਚ ਜਹਾਜ਼ਾਂ ’ਤੇ ਹੋ ਰਹੇ ਹਮਲਿਆਂ ਨੂੰ ਪੂਰੀ ਤਰ੍ਹਾਂ ਨਾ-ਕਾਬਿਲੇ ਬਰਦਾਸ਼ਤ ਦੱਸਿਆ ਅਤੇ ਕਿਹਾ ਕਿ ਇਸ ਨਾਲ ਖੇਤਰੀ ਸੁਰੱਖਿਆ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਲਈ ਖ਼ਤਰਾ ਵਧ ਰਿਹਾ ਹੈ। ਭਾਰਤ ਨੇ ਹੂਤੀਆਂ ਵੱਲੋਂ ਸਾਊਦੀ ਅਰਬ ਦੇ ਇਲਾਕੇ ’ਚ ਕੀਤੇ ਗਏ ਹਮਲਿਆਂ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਨਾਗਰਿਕਾਂ ਅਤੇ ਆਰਥਿਕ ਸੰਪਤੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।
ਸਾਊਦੀ ਅਰਬ ’ਚ ਭਾਰਤੀ ਨਾਗਰਿਕ ਦੀ ਸਥਿਤੀ ’ਤੇ ਨਜ਼ਰ
ਵਿਦੇਸ਼ ਮੰਤਰਾਲੇ ਨੇ ਸਾਊਦੀ ਅਰਬ ’ਚ ਉੱਤਰਾਖੰਡ ਦੇ ਟੀਹਰੀ ਗੜ੍ਹਵਾਲ ਵਾਸੀ ਇੰਦਰਮਣੀ ਨੌਟਿਆਲ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ। ਖ਼ਬਰਾਂ ਮੁਤਾਬਕ, 2018 ਦੇ ਇਕ ਸੜਕ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਕੰਪਨੀ ’ਤੇ 2.29 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ ਅਤੇ ਨੌਟਿਆਲ ਨੂੰ ਕਥਿਤ ਤੌਰ ’ਤੇ ਹਿਰਾਸਤ ਵਰਗੀ ਸਥਿਤੀ ’ਚ ਰੱਖਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਸਰਕਾਰ ਕੂਟਨੀਤਕ ਮਾਧਿਅਮਾਂ ਰਾਹੀਂ ਮਾਮਲੇ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਵੀ ਇਹ ਮਾਮਲਾ ਉਠਾਇਆ ਸੀ।