ਵੰਡ ਦੇ ਸਮੇਂ ਜਿੰਨਾਹ ਦੀ ਬਿਮਾਰੀ ਨੂੰ ਰੱਖਿਆ ਗੁਪਤ, ਹੁਣ ਮੁੰਬਈ ਦੇ 2 ਡਾਕਟਰਾਂ ਨੂੰ ਮਿਲੇਗਾ ਪਾਕਿਸਤਾਨ ਦਾ ਸਰਵਉੱਚ ਸਨਮਾਨ ਪਾਕਿਸਤਾਨੀ ਮੰਤਰੀ ਮੁਤਾਬਕ, ਬ੍ਰਿਟਿਸ਼ ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਬਾਅਦ 'ਚ ਮੰਨਿਆ ਸੀ ਕਿ ਜੇਕਰ ਉਨ੍ਹਾਂ ਨੂੰ ਜਿੰਨਾਹ ਦੀ ਬਿਮਾਰੀ ਦੀ ਗੰਭੀਰਤਾ ਬਾਰੇ ਪਤਾ ਹੁੰਦਾ ਤਾਂ ਸ਼ਾਇਦ ਉਹ ਵੰਡ ਨੂੰ ਟਾਲ ਦਿੰਦੇ, ਜਿਸ ਨਾਲ ਇਤਿਹਾਸ ਦੀ ਧਾਰਾ ਹੀ ਬਦਲ ਸਕਦੀ ਸੀ। ਉਨ੍ਹਾਂ ਕਿਹਾ ਕਿ ਜਿਨਾਹ ਦੀ ਬਿਮਾਰੀ ਬਾਰੇ ਜਾਣਕਾਰੀ ਨਾ ਦੇ ਕੇ ਦੋਵੇਂ ਡਾਕਟਰਾਂ ਨੇ ਇਕ ਨਿਰਣਾਇਕ ਮੋੜ 'ਤੇ ਖਾਮੋਸ਼ ਪਰ ਅਸਾਧਾਰਨ ਸੇਵਾ ਕੀਤੀ।
Publish Date: Tue, 18 Aug 2026 03:28 PM (IST)
Updated Date: Tue, 18 Aug 2026 03:36 PM (IST)
ਡਿਜੀਟਲ ਡੈਸਕ, ਇਸਲਾਮਾਬਾਦ : ਮੁੰਬਈ ਦੇ ਦੋ ਭਾਰਤੀ ਪਾਰਸੀ ਡਾਕਟਰਾਂ ਨੂੰ ਪਾਕਿਸਤਾਨ ਦਾ ਸਰਵਉੱਚ ਨਾਗਰਿਕ ਸਨਮਾਨ ਮਿਲਣ ਜਾ ਰਿਹਾ ਹੈ। ਇਹ ਸਨਮਾਨ ਉਨ੍ਹਾਂ ਨੂੰ 1947 'ਚ ਵੰਡ ਤੋਂ ਪਹਿਲਾਂ ਦੇ ਅਹਿਮ ਸਮੇਂ ਦੌਰਾਨ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੰਨਾਹ ਦੀ ਜਾਨਲੇਵਾ ਬਿਮਾਰੀ ਦੀ ਜਾਣਕਾਰੀ ਨੂੰ ਗੁਪਤ ਰੱਖਣ ਲਈ ਦਿੱਤਾ ਜਾ ਰਿਹਾ ਹੈ।
ਇਸਲਾਮਾਬਾਦ ਨੇ ਡਾਕਟਰ ਜਲ ਰਤਨਜੀ ਪਟੇਲ ਤੇ ਰੇਡੀਓਲੋਜਿਸਟ ਡਾਕਟਰ ਜਲ ਧਾਇਭੋ-ਕੂ ਨੂੰ ਨਿਸ਼ਾਨ-ਏ-ਇਮਤਿਆਜ਼ ਐਵਾਰਡ ਲਈ ਨਾਮਜ਼ਦ ਕੀਤਾ ਹੈ। ਪਲਾਨਿੰਗ, ਡਿਵੈਲਪਮੈਂਟ ਅਤੇ ਸਪੈਸ਼ਲ ਇਨੀਸ਼ੀਏਟਿਵਜ਼ ਮੰਤਰੀ ਅਤੇ ਐਵਾਰਡ ਕਮੇਟੀ ਦੇ ਮੁਖੀ ਅਹਿਸਾਨ ਇਕਬਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਦੀ ਖਾਮੋਸ਼ ਪਰ ਅਸਾਧਾਰਨ ਸੇਵਾ ਲਈ ਦਿੱਤਾ ਜਾ ਰਿਹਾ ਹੈ। ਇਸ ਤਹਿਤ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਜਿਨਾਹ ਦੀ ਗੰਭੀਰ ਬਿਮਾਰੀ ਦੀ ਜਾਣਕਾਰੀ ਸਿਰਫ਼ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਤੱਕ ਹੀ ਸੀਮਤ ਰਹੇ।
ਬਿਮਾਰੀ ਬਾਰੇ ਪਤਾ ਲੱਗ ਜਾਂਦਾ ਤਾਂ ਕੀ ਹੁੰਦਾ?
ਐਕਸ 'ਤੇ ਇਕ ਪੋਸਟ 'ਚ ਅਹਿਸਾਨ ਇਕਬਾਲ ਨੇ ਦੱਸਿਆ ਕਿ ਡਾ. ਪਟੇਲ ਅਤੇ ਡਾ. ਧਾਇਭੋ-ਕੂ ਨੇ 1946 'ਚ ਜਿੰਨਾਹ ਦੇ ਐਕਸ-ਰੇ ਦੀ ਜਾਂਚ ਕੀਤੀ ਸੀ ਤੇ ਪਾਇਆ ਸੀ ਕਿ ਉਨ੍ਹਾਂ ਦੀ ਟੀਬੀ ਦੀ ਬਿਮਾਰੀ ਕਾਫ਼ੀ ਵੱਧ ਚੁੱਕੀ ਸੀ ਤੇ ਉਨ੍ਹਾਂ ਕੋਲ ਜੀਊਣ ਲਈ ਸਿਰਫ਼ ਇਕ-ਦੋ ਸਾਲ ਹੀ ਬਚੇ ਸਨ। ਪਰ ਉਨ੍ਹਾਂ ਨੇ ਜਿਨਾਹ ਦੀ ਬਿਮਾਰੀ ਦੀ ਗੰਭੀਰਤਾ ਬਾਰੇ ਪੇਸ਼ੇਵਰ ਗੁਪਤਤਾ ਕਾਇਮ ਰੱਖੀ।
ਇਹ ਇਕ ਅਜਿਹਾ ਰਾਜ਼ ਸੀ, ਜਿਸ ਬਾਰੇ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਜਾਣਕਾਰੀ ਸਾਹਮਣੇ ਆ ਜਾਂਦੀ ਤਾਂ ਵੰਡ ਅਤੇ ਪਾਕਿਸਤਾਨ ਦੇ ਬਣਨ ਦਾ ਸਮਾਂ ਬਦਲ ਸਕਦਾ ਸੀ।
ਇਕਬਾਲ ਨੇ ਲਿਖਿਆ, 'ਐਵਾਰਡ ਕਮੇਟੀ ਦੇ ਚੇਅਰਮੈਨ ਵਜੋਂ ਮੈਨੂੰ ਦੋ ਬਿਹਤਰੀਨ ਡਾਕਟਰਾਂ—ਇਕ ਫਿਜ਼ੀਸ਼ੀਅਨ ਤੇ ਇਕ ਰੇਡੀਓਲੋਜਿਸਟ—ਨੂੰ ਨਿਸ਼ਾਨ-ਏ-ਇਮਤਿਆਜ਼ ਲਈ ਨਾਮਜ਼ਦ ਕਰਨ ਦਾ ਸੁਭਾਗ ਮਿਲਿਆ। ਇਹ ਦੋਵੇਂ ਡਾਕਟਰ ਬੰਬੇ ਦੇ ਪਾਰਸੀ ਭਾਈਚਾਰੇ ਨਾਲ ਸਬੰਧਤ ਸਨ ਅਤੇ ਉਨ੍ਹਾਂ ਨੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿxਨਾਹ ਦੀ ਲਾਇਲਾਜ ਬਿਮਾਰੀ ਦੀ ਗੱਲ ਨੂੰ ਪੂਰੀ ਇਮਾਨਦਾਰੀ ਨਾਲ ਗੁਪਤ ਰੱਖਿਆ ਸੀ।'
ਉਨ੍ਹਾਂ ਨੇ ਅੱਗੇ ਕਿਹਾ, ਟਅਜਿਹੇ ਅਹਿਮ ਮੌਕੇ 'ਤੇ ਪੂਰੀ ਤਰ੍ਹਾਂ ਪੇਸ਼ੇਵਰ ਗੁਪਤਤਾ ਕਾਇਮ ਰੱਖ ਕੇ ਇਨ੍ਹਾਂ ਡਾਕਟਰਾਂ ਨੇ ਚੁੱਪਚਾਪ ਪਰ ਅਸਾਧਾਰv ਸੇਵਾ ਕੀਤੀ। ਆਪਣੀ ਪੇਸ਼ੇਵਰ ਸਹੁੰ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਅਣਜਾਣੇ ਵਿਚ ਹੀ ਉਨ੍ਹਾਂ ਹਾਲਾਤ 'ਚ ਇਕ ਅਹਿਮ ਯੋਗਦਾਨ ਬਣ ਗਈ, ਜਿਨ੍ਹਾਂ ਕਾਰਨ ਪਾਕਿਸਤਾਨ ਦਾ ਬਣਨਾ ਸੰਭਵ ਹੋ ਸਕਿਆ।'
ਪਾਕਿਸਤਾਨ ਵੱਲੋਂ ਡਾ. ਪਟੇਲ ਅਤੇ ਡਾ. ਧਾਇਭੋ-ਕੂ ਨੂੰ ਇਹ ਸਨਮਾਨ ਜਿੰਨਾਹ ਦੀ ਮੌਤ ਤੋਂ 78 ਸਾਲ ਬਾਅਦ ਦਿੱਤਾ ਜਾ ਰਿਹਾ ਹੈ ਅਤੇ ਮਾਰਚ 2027 'ਚ ਇਕ ਸਮਾਗਮ ਦੌਰਾਨ ਉਨ੍ਹਾਂ ਨੂੰ ਮਰਨ ਉਪਰੰਤ ਰਸਮੀ ਤੌਰ 'ਤੇ ਇਹ ਸਨਮਾਨ ਪ੍ਰਦਾਨ ਕੀਤਾ ਜਾਵੇਗਾ।
ਜਿੰਨਾਹ ਦੀ ਬਿਮਾਰੀ ਬਾਰੇ ਪਾਕਿਸਤਾਨੀ ਮੰਤਰੀ ਮੁਤਾਬਕ, ਬ੍ਰਿਟਿਸ਼ ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਬਾਅਦ 'ਚ ਮੰਨਿਆ ਸੀ ਕਿ ਜੇਕਰ ਉਨ੍ਹਾਂ ਨੂੰ ਜਿੰਨਾਹ ਦੀ ਬਿਮਾਰੀ ਦੀ ਗੰਭੀਰਤਾ ਬਾਰੇ ਪਤਾ ਹੁੰਦਾ ਤਾਂ ਸ਼ਾਇਦ ਉਹ ਵੰਡ ਨੂੰ ਟਾਲ ਦਿੰਦੇ, ਜਿਸ ਨਾਲ ਇਤਿਹਾਸ ਦੀ ਧਾਰਾ ਹੀ ਬਦਲ ਸਕਦੀ ਸੀ। ਉਨ੍ਹਾਂ ਕਿਹਾ ਕਿ ਜਿਨਾਹ ਦੀ ਬਿਮਾਰੀ ਬਾਰੇ ਜਾਣਕਾਰੀ ਨਾ ਦੇ ਕੇ ਦੋਵੇਂ ਡਾਕਟਰਾਂ ਨੇ ਇਕ ਨਿਰਣਾਇਕ ਮੋੜ 'ਤੇ ਖਾਮੋਸ਼ ਪਰ ਅਸਾਧਾਰਨ ਸੇਵਾ ਕੀਤੀ।
ਆਪਣੀ ਕਿਤਾਬ ‘ਜਿੰਨਾਹ, ਪਾਕਿਸਤਾਨ ਐਂਡ ਇਸਲਾਮਿਕ ਆਈਡੈਂਟਿਟੀ: ਦ ਸਰਚ ਫਾਰ ਸਲਾਦੀਨ’ 'ਚ ਇਤਿਹਾਸਕਾਰ ਅਤੇ ਅਕਾਦਮਿਕ ਅਕਬਰ ਅਹਿਮਦ ਦੱਸਦੇ ਹਨ ਕਿ ਜਿੰਨਾਹ 1930 ਦੇ ਦਹਾਕੇ ਤੋਂ ਹੀ ਟੀਬੀ ਤੋਂ ਪੀੜਤ ਸਨ। ਇਹ ਗੱਲ ਉਨ੍ਹਾਂ ਦੇ ਕੁਝ ਨਜ਼ਦੀਕੀ ਲੋਕਾਂ ਨੂੰ ਹੀ ਪਤਾ ਸੀ, ਜਿਨ੍ਹਾਂ ਵਿਚ ਉਨ੍ਹਾਂ ਦੀ ਭੈਣ ਫਾਤਿਮਾ ਜਿਨਾਹ ਵੀ ਸ਼ਾਮਲ ਸੀ।
ਉਸ ਸਮੇਂ ਟੀਬੀ ਇਕ ਬੇਹੱਦ ਜਾਨਲੇਵਾ ਬਿਮਾਰੀ ਸੀ ਅਤੇ ਇਸ ਦਾ ਕੋਈ ਪ੍ਰਭਾਵਸ਼ਾਲੀ ਐਂਟੀਬਾਇਓਟਿਕ ਇਲਾਜ ਨਹੀਂ ਸੀ। ਕਿਹਾ ਜਾਂਦਾ ਹੈ ਕਿ ਜਿੰਨਾਹ ਨੇ ਆਪਣੀ ਬਿਮਾਰੀ ਦੀ ਗੰਭੀਰਤਾ ਲੋਕਾਂ ਤੋਂ ਲੁਕਾ ਕੇ ਰੱਖੀ ਸੀ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਉਨ੍ਹਾਂ ਦੀ ਰਾਜਨੀਤਕ ਅਕਸ ਤੇ ਅਗਵਾਈ 'ਤੇ ਮਾੜਾ ਅਸਰ ਪੈ ਸਕਦਾ ਹੈ।