
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਰਲੋਚਨ ਸਿੰਘ ਨੇ ਕਿਹਾ ਕਿ ਕਵੇਟਾ ਅਤੇ ਬਲੋਚਿਸਤਾਨ 'ਚ ਵੱਡੀ ਗਿਣਤੀ ਵਿੱਚ ਸਿੱਖ, ਖ਼ਾਸ ਕਰਕੇ ਨਾਨਕਪੰਥੀ ਸਿੱਖ, ਰਹਿੰਦੇ ਹਨ। ਉਨ੍ਹਾਂ ਦੀ ਧਾਰਮਿਕ ਲੋੜ ਨੂੰ ਦੇਖਦਿਆਂ ਕਵੇਟਾ 'ਚ ਗੁਰਦੁਆਰੇ ਲਈ ਥਾਂ ਮੁਹੱਈਆ ਕਰਵਾਉਣਾ ਜ਼ਰੂਰੀ ਹੈ।

ਪੰਜਾਬੀ ਜਾਗਰਣ, ਨਵੀਂ ਦਿੱਲੀ: ਪਾਕਿਸਤਾਨ ਦੇ ਕਵੇਟਾ, ਬਲੋਚਿਸਤਾਨ 'ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਢਾਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਇਸ ਸਬੰਧੀ ਭਾਰਤ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਤਰਲੋਚਨ ਸਿੰਘ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪਾਕਿਸਤਾਨ ਵਿੱਚ ਕਈ ਬੰਦ ਪਏ ਇਤਿਹਾਸਕ ਸਿੱਖ ਗੁਰਦੁਆਰਿਆਂ ਦੀ ਮੁਰੰਮਤ ਕਰਵਾਏ ਜਾਣ ਦਾ ਉਹ ਸਵਾਗਤ ਕਰਦੇ ਹਨ, ਪਰ ਕਵੇਟਾ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਨੂੰ ਹਾਲ ਹੀ ਵਿੱਚ ਢਾਹ ਦਿੱਤੇ ਜਾਣ ’ਤੇ ਚਿੰਤਾ ਹੈ।
ਪੱਤਰ ਮੁਤਾਬਕ ਇਹ ਗੁਰਦੁਆਰਾ ਸਾਲ 1930 ਵਿੱਚ ਬਣਾਇਆ ਗਿਆ ਸੀ। ਵੰਡ ਤੋਂ ਬਾਅਦ ਇਸ ਇਮਾਰਤ ਦੀ ਵਰਤੋਂ ਇਸਾਈ ਭਾਈਚਾਰੇ ਵੱਲੋਂ ਕੀਤੀ ਜਾਂਦੀ ਰਹੀ ਅਤੇ 1953 ਤੋਂ ਇੱਥੇ ਸੇਂਟ ਗੈਬਰੀਅਲਜ਼ ਪ੍ਰਾਇਮਰੀ ਸਕੂਲ ਚੱਲ ਰਿਹਾ ਸੀ। ਹੁਣ ਇਮਾਰਤ ਨੂੰ ਢਾਹ ਦਿੱਤੇ ਜਾਣ ਤੋਂ ਬਾਅਦ ਇੱਥੇ ਕਥਿਤ ਤੌਰ ’ਤੇ ਵਪਾਰਕ ਇਮਾਰਤ ਜਾਂ ਸ਼ਾਪਿੰਗ ਪਲਾਜ਼ਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਤਰਲੋਚਨ ਸਿੰਘ ਨੇ ਕਿਹਾ ਕਿ ਕਵੇਟਾ ਅਤੇ ਬਲੋਚਿਸਤਾਨ 'ਚ ਵੱਡੀ ਗਿਣਤੀ ਵਿੱਚ ਸਿੱਖ, ਖ਼ਾਸ ਕਰਕੇ ਨਾਨਕਪੰਥੀ ਸਿੱਖ, ਰਹਿੰਦੇ ਹਨ। ਉਨ੍ਹਾਂ ਦੀ ਧਾਰਮਿਕ ਲੋੜ ਨੂੰ ਦੇਖਦਿਆਂ ਕਵੇਟਾ 'ਚ ਗੁਰਦੁਆਰੇ ਲਈ ਥਾਂ ਮੁਹੱਈਆ ਕਰਵਾਉਣਾ ਜ਼ਰੂਰੀ ਹੈ।
ਉਨ੍ਹਾਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਬਲੋਚਿਸਤਾਨ ਸਰਕਾਰ ਰਾਹੀਂ ਸਥਾਨਕ ਸਿੱਖ ਭਾਈਚਾਰੇ ਦੀ ਮਦਦ ਕਰਨ ਅਤੇ ਉਨ੍ਹਾਂ ਲਈ ਇੱਕ ਛੋਟੇ ਆਕਾਰ ਦਾ ਗੁਰਦੁਆਰਾ ਬਣਾਉਣ ਦੀ ਵਿਵਸਥਾ ਕਰਵਾਉਣ, ਤਾਂ ਜੋ ਕਵੇਟਾ ਦੇ ਸਿੱਖਾਂ ਨੂੰ ਆਪਣੀ ਧਾਰਮਿਕ ਆਸਥਾ ਅਨੁਸਾਰ ਪੂਜਾ-ਅਰਾਧਨਾ ਲਈ ਥਾਂ ਮਿਲ ਸਕੇ। ਤਰਲੋਚਨ ਸਿੰਘ ਨੇ ਉਮੀਦ ਜਤਾਈ ਕਿ ਪਾਕਿਸਤਾਨ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਵੇਟਾ ਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਅਤੇ ਲੋੜਾਂ ਦਾ ਸਨਮਾਨ ਕਰੇਗੀ।