- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਊਂਟ ਅਨਾਕ ਕ੍ਰਾਕਾਟਾਊ ’ਚ ਹੋਏ ਧਮਾਕਿਆਂ ਤੋਂ ਨਿਕਲੀ ਜਵਾਲਾਮੁਖੀ ਦੀ ਰਾਖ ਕਾਰਨ ਸੋਮਵਾਰ ਨੂੰ ਇੰਡੋਨੇਸ਼ੀਆ ਦੇ ਸੱਤ ਹਵਾਈ ਅੱਡੇ ਬੰਦ ਰਹੇ। ਉਡਾਣਾਂ ਰੱਦ ਹੋਣ ਅਤੇ ਦੇਰੀ ਨਾਲ ਲਗਪਗ 3,41,000 ਯਾਤਰੀ ਪ੍ਰਭਾਵਿਤ ਹੋਏ। ਜਾਵਾ ਅਤੇ ਸੁਮਾਤਰਾ ਟਾਪੂਆਂ ਵਿਚਕਾਰ ਸਥਿਤ ਅਨਾਕ ਕ੍ਰਾਕਾਟਾਊ ਤੋਂ ਨਿਕਲੀ ਰਾਖ ਨੇ ਜਕਾਰਤਾ ਅਤੇ ਇਸ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਨੂੰ ਲਪੇਟ ’ਚ ਲੈ ਲਿਆ ਹੈ

ਟੈਂਜੇਰੰਗ, (ਰਾਇਟਰ): ਮਾਊਂਟ ਅਨਾਕ ਕ੍ਰਾਕਾਟਾਊ ’ਚ ਹੋਏ ਧਮਾਕਿਆਂ ਤੋਂ ਨਿਕਲੀ ਜਵਾਲਾਮੁਖੀ ਦੀ ਰਾਖ ਕਾਰਨ ਸੋਮਵਾਰ ਨੂੰ ਇੰਡੋਨੇਸ਼ੀਆ ਦੇ ਸੱਤ ਹਵਾਈ ਅੱਡੇ ਬੰਦ ਰਹੇ। ਉਡਾਣਾਂ ਰੱਦ ਹੋਣ ਅਤੇ ਦੇਰੀ ਨਾਲ ਲਗਪਗ 3,41,000 ਯਾਤਰੀ ਪ੍ਰਭਾਵਿਤ ਹੋਏ। ਜਾਵਾ ਅਤੇ ਸੁਮਾਤਰਾ ਟਾਪੂਆਂ ਵਿਚਕਾਰ ਸਥਿਤ ਅਨਾਕ ਕ੍ਰਾਕਾਟਾਊ ਤੋਂ ਨਿਕਲੀ ਰਾਖ ਨੇ ਜਕਾਰਤਾ ਅਤੇ ਇਸ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਨੂੰ ਲਪੇਟ ’ਚ ਲੈ ਲਿਆ ਹੈ। ਸ਼ੁੱਕਰਵਾਰ ਦੇਰ ਰਾਤ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਹਵਾਈ ਅੱਡਿਆਂ ਨੂੰ ਬੰਦ ਕਰਨਾ ਪਿਆ।
ਇੰਡੋਨੇਸ਼ੀਆ ਦੇ ਮੁੱਖ ਬੁਨਿਆਦੀ ਢਾਂਚਾ ਮੰਤਰੀ ਅਗਸ ਹਰਿਮੂਰਤੀ ਯੁਧੋਯੋਨੋ ਨੇ ਕਿਹਾ ਕਿ 2,961 ਉਡਾਣਾਂ ’ਚ ਦੇਰੀ, ਰੂਟ ਬਦਲਣ ਜਾਂ ਰੱਦ ਹੋਣ ਨਾਲ ਲਗਪਗ 3,41,000 ਲੋਕ ਪ੍ਰਭਾਵਿਤ ਹੋਏ ਹਨ। ਹਵਾਈ ਅੱਡੇ ਦੇ ਆਪ੍ਰੇਟਰ ਨੇ ਦੱਸਿਆ ਕਿ ਜਕਾਰਤਾ ਦਾ ਮੁੱਖ ਹਵਾਈ ਅੱਡਾ, ਸੋਏਕਾਰਨੋ-ਹੱਟਾ, ਸੋਮਵਾਰ ਦੇਰ ਰਾਤ ਤੱਕ ਬੰਦ ਰਹਿ ਸਕਦਾ ਹੈ। ਟਰਾਂਸਪੋਰਟ ਮੰਤਰੀ ਡੁਡੀ ਪੁਰਵਾਗਾਂਧੀ ਨੇ ਕਿਹਾ ਕਿ ਜਕਾਰਤਾ ਹਵਾਈ ਅੱਡੇ ਨੂੰ ਬੰਦ ਕਰਨ ਦਾ ਮਕਸਦ ‘ਰਨਵੇਅ, ਟੈਕਸੀਵੇਅ ਅਤੇ ਐਪਰਨ ਦੀ ਸਫ਼ਾਈ ਲਈ ਸਮਾਂ ਦੇਣਾ ਅਤੇ ਏਅਰਲਾਈਨ ਆਪ੍ਰੇਟਰਾਂ ਨੂੰ ਆਪਣੇ ਬੇੜੇ ਨੂੰ ਤਿਆਰ ਕਰਨ ਦਾ ਸਮਾਂ ਦੇਣਾ ਹੈ।’’ ਇਹ ਸਪੱਸ਼ਟ ਨਹੀਂ ਹੈ ਕਿ ਬਾਕੀ ਛੇ ਹਵਾਈ ਅੱਡੇ ਕਦੋਂ ਤੱਕ ਬੰਦ ਰਹਿਣਗੇ।
ਸੋਮਵਾਰ ਨੂੰ ਜਕਾਰਤਾ ਨਾਲ ਲੱਗਦੇ ਤੰਗੇਰੰਗ ਸ਼ਹਿਰ ’ਚ ਸਥਿਤ ਸੋਏਕਾਰਨੋ-ਹੱਟਾ ਹਵਾਈ ਅੱਡੇ ’ਤੇ ਯਾਤਰੀ ਬੇਚੈਨੀ ਨਾਲ ਸੂਚਨਾ ਬੋਰਡਾਂ ’ਤੇ ਆਪਣੀਆਂ ਉਡਾਣਾਂ ਦੀ ਸਥਿਤੀ ਦੇਖ ਰਹੇ ਸਨ। ਕੁਝ ਲੋਕ ਬੈਂਚਾਂ ’ਤੇ ਸੁੱਤੇ ਹੋਏ ਸਨ। 24 ਸਾਲਾ ਕਾਰਲੋਸ ਜਬਾਲਾ ਛੁੱਟੀਆਂ ਤੋਂ ਬਾਅਦ ਆਪਣੇ ਦੇਸ਼ ਸਪੇਨ ਪਰਤ ਰਹੇ ਸਨ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਉਡਾਣ ’ਚ ਵਾਰ-ਵਾਰ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ, ‘‘ਆਪ੍ਰੇਟਰ ਸਪੱਸ਼ਟ ਜਾਣਕਾਰੀ ਨਹੀਂ ਦੇ ਰਹੇ। ਅਸੀਂ ਤਾਂ ਬਸ ਇੰਤਜ਼ਾਰ ਕਰਨਾ ਹੈ।’’ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨੇ ਸੋਮਵਾਰ ਨੂੰ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਆਫ਼ਤਾਂ ਨਾਲ ਨਜਿੱਠਣ ਲਈ ਹੋਰ ਹੈਲੀਕਾਪਟਰਾਂ ਅਤੇ ਪਾਣੀ ਦੇ ਪੰਪਾਂ ਦੀ ਲੋੜ ਹੈ।