ਬੈਂਕ ਅਕਾਊਂਟ ਦਾ ਐਕਸੈੱਸ ਨਹੀਂ, ਘਰਾਂ 'ਚ ਦਾਖ਼ਲ ਹੋਣਾ ਮੁਸ਼ਕਲ...ਯੂਕਰੇਨ ਨੇ ਡਾਟਾ ਸੈਂਟਰ 'ਤੇ ਕੀਤਾ ਹਮਲਾ ਤਾਂ ਰੂਸ 'ਚ ਪੈ ਗਈਆਂ ਭਾਜੜਾਂ
ਰੂਸ ਦੇ ਪ੍ਰਮੁੱਖ ਸ਼ਹਿਰਾਂ 'ਚ ਇਸ ਡਿਜੀਟਲ ਬਲੈਕਆਊਟ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਯਾਂਡੈਕਸ ਦੀਆਂ ਸੇਵਾਵਾਂ ਠੱਪ ਹੋਣ ਕਾਰਨ ਲੋਕ ਆਪਣੇ ਬੈਂਕ ਖਾਤਿਆਂ ਅਤੇ ਬੱਚਤ ਦੇ ਪੈਸਿਆਂ ਤੱਕ ਪਹੁੰਚ ਨਹੀਂ ਕਰ ਸਕੇ। ਸੇਂਟ ਪੀਟਰਜ਼ਬਰਗ ਦੀ ਇੱਕ ਬਲੌਗਰ ਇਰੀਨਾ ਨੇ ਦੱਸਿਆ ਕਿ ਖਾਤੇ 'ਚ ਪੈਸੇ ਹੋਣ ਦੇ ਬਾਵਜੂਦ ਉਹ ਨਾ ਤਾਂ ਘਰ ਦਾ ਕਿਰਾਇਆ ਦੇ ਸਕੀ ਅਤੇ ਨਾ ਹੀ ਆਪਣੇ ਬੱਚੇ ਲਈ ਖਾਣਾ ਖ਼ਰੀਦ ਸਕੀ।
Publish Date: Tue, 20 Oct 2026 01:46 PM (IST)
Updated Date: Tue, 20 Oct 2026 01:49 PM (IST)
ਡਿਜੀਟਲ ਡੈਸਕ, ਮਾਸਕੋ : ਰੂਸ-ਯੂਕਰੇਨ ਜੰਗ ਹੁਣ ਸਿਰਫ਼ ਸਰਹੱਦਾਂ ਅਤੇ ਫ਼ੌਜੀ ਟਿਕਾਣਿਆਂ ਤੱਕ ਸੀਮਤ ਨਹੀਂ ਰਹੀ, ਸਗੋਂ ਆਮ ਲੋਕਾਂ ਦੀ ਡਿਜੀਟਲ ਜ਼ਿੰਦਗੀ ਤੱਕ ਪਹੁੰਚ ਗਈ ਹੈ। ਯੂਕਰੇਨ ਨੇ ਰੂਸ ਦੀ ਪ੍ਰਮੁੱਖ ਤਕਨੀਕੀ ਕੰਪਨੀ ਯਾਂਡੈਕਸ (Yandex) ਦੇ ਡਾਟਾ ਸੈਂਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਵੱਡਾ ਜਵਾਬੀ ਹਮਲਾ ਸ਼ੁਰੂ ਕੀਤਾ ਹੈ। ਇਸ ਹਮਲੇ ਕਾਰਨ ਰੂਸ 'ਚ ਬੈਂਕਿੰਗ ਐਪਸ, ਟੈਕਸੀ ਸੇਵਾਵਾਂ, ਆਨਲਾਈਨ ਡਿਲਿਵਰੀ ਅਤੇ ਇੱਥੋਂ ਤੱਕ ਕਿ ਸਮਾਰਟ ਘਰਾਂ ਦੇ ਡਿਜੀਟਲ ਦਰਵਾਜ਼ਿਆਂ ਦੀਆਂ ਚਾਬੀਆਂ ਵੀ ਕੰਮ ਕਰਨਾ ਬੰਦ ਕਰ ਗਈਆਂ।
ਯਾਂਡੈਕਸ ਦੇ 5 'ਚੋਂ 3 ਡਾਟਾ ਸੈਂਟਰਾਂ ਨੂੰ ਨੁਕਸਾਨ
ਇਹ ਘਟਨਾਕ੍ਰਮ ਉਸ ਸਮੇਂ ਸ਼ੁਰੂ ਹੋਇਆ, ਜਦੋਂ ਮਾਸਕੋ ਨੇ ਯੂਕਰੇਨ ਦੇ ਡਿਜੀਟਲ ਨੈੱਟਵਰਕ ਅਤੇ ਡਾਟਾ ਸੈਂਟਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਇਸ ਦੇ ਜਵਾਬ 'ਚ 8 ਅਕਤੂਬਰ ਤੋਂ ਬਾਅਦ ਯੂਕਰੇਨ ਨੇ ਰੂਸ ਦੀ ਕੰਪਨੀ ਯਾਂਡੈਕਸ ਦੇ ਪੰਜ ਪ੍ਰਮੁੱਖ ਡਾਟਾ ਸੈਂਟਰਾਂ 'ਚੋਂ ਤਿੰਨ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ।
ਯਾਂਡੈਕਸ ਨੂੰ ਅਕਸਰ ਰੂਸ ਦਾ ਗੂਗਲ ਕਿਹਾ ਜਾਂਦਾ ਹੈ। ਦੇਸ਼ ਦੀ ਵੱਡੀ ਆਬਾਦੀ ਰੋਜ਼ਾਨਾ ਦੀਆਂ ਡਿਜੀਟਲ ਸੇਵਾਵਾਂ ਅਤੇ ਹੋਰ ਤਕਨੀਕੀ ਸਹੂਲਤਾਂ ਲਈ ਇਸ ਕੰਪਨੀ 'ਤੇ ਨਿਰਭਰ ਕਰਦੀ ਹੈ।
ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ 'ਤੇ ਗੰਭੀਰ ਅਸਰ
ਰੂਸ ਦੇ ਪ੍ਰਮੁੱਖ ਸ਼ਹਿਰਾਂ 'ਚ ਇਸ ਡਿਜੀਟਲ ਬਲੈਕਆਊਟ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਯਾਂਡੈਕਸ ਦੀਆਂ ਸੇਵਾਵਾਂ ਠੱਪ ਹੋਣ ਕਾਰਨ ਲੋਕ ਆਪਣੇ ਬੈਂਕ ਖਾਤਿਆਂ ਅਤੇ ਬੱਚਤ ਦੇ ਪੈਸਿਆਂ ਤੱਕ ਪਹੁੰਚ ਨਹੀਂ ਕਰ ਸਕੇ। ਸੇਂਟ ਪੀਟਰਜ਼ਬਰਗ ਦੀ ਇੱਕ ਬਲੌਗਰ ਇਰੀਨਾ ਨੇ ਦੱਸਿਆ ਕਿ ਖਾਤੇ 'ਚ ਪੈਸੇ ਹੋਣ ਦੇ ਬਾਵਜੂਦ ਉਹ ਨਾ ਤਾਂ ਘਰ ਦਾ ਕਿਰਾਇਆ ਦੇ ਸਕੀ ਅਤੇ ਨਾ ਹੀ ਆਪਣੇ ਬੱਚੇ ਲਈ ਖਾਣਾ ਖ਼ਰੀਦ ਸਕੀ।
ਯਾਂਡੈਕਸ ਦੀ ਕਲਾਊਡ ਸਟੋਰੇਜ ਸੇਵਾ ਬੰਦ ਹੋਣ ਦੇ ਨਾਲ ਹੀ ਸਮਾਰਟ ਘਰਾਂ 'ਚ ਵਰਤੀਆਂ ਜਾਂਦੀਆਂ ਡਿਜੀਟਲ ਚਾਬੀਆਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਇਸ ਕਾਰਨ ਕਈ ਲੋਕ ਆਪਣੇ ਹੀ ਘਰਾਂ 'ਚ ਦਾਖ਼ਲ ਨਹੀਂ ਹੋ ਸਕੇ। ਯਾਂਡੈਕਸ ਦੀ ਟੈਕਸੀ ਐਪ ਵੀ ਠੱਪ ਹੋ ਗਈ। ਮਾਸਕੋ ਦੇ ਡਰਾਈਵਰਾਂ ਨੇ ਦੱਸਿਆ ਕਿ ਉਹ ਆਪਣੀ ਰੋਜ਼ਾਨਾ ਦੀ ਕਮਾਈ ਨਾ ਤਾਂ ਦੇਖ ਸਕਦੇ ਸਨ ਅਤੇ ਨਾ ਹੀ ਪੈਸੇ ਕਢਵਾ ਸਕਦੇ ਸਨ।
ਕ੍ਰੇਮਲਿਨ ਅਤੇ ਯਾਂਡੈਕਸ ਨੇ ਕੀ ਕਿਹਾ?
9 ਅਕਤੂਬਰ ਨੂੰ ਯਾਂਡੈਕਸ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੰਪਨੀ ਦੇ ਕਿਸੇ ਵੀ ਮੁਲਾਜ਼ਮ ਨੂੰ ਸੱਟ ਨਹੀਂ ਲੱਗੀ ਹੈ ਅਤੇ ਸੇਵਾਵਾਂ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੰਪਨੀ ਨੇ ਮੰਨਿਆ ਕਿ ਡਾਟਾ ਸੈਂਟਰ ਉਸ ਦੀਆਂ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ। ਦੂਜੇ ਪਾਸੇ, ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਤੋਂ ਜਦੋਂ ਪ੍ਰਭਾਵਿਤ ਨਾਗਰਿਕਾਂ ਨੂੰ ਸਰਕਾਰ ਵੱਲੋਂ ਆਰਥਿਕ ਮਦਦ ਦੇਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਗੱਲ ਕਰਨਾ ਹਾਲੇ ਜਲਦਬਾਜ਼ੀ ਹੋਵੇਗੀ। ਉਨ੍ਹਾਂ ਯਾਂਡੈਕਸ ਨੂੰ ਇੱਕ ‘ਮਜ਼ਬੂਤ ਅਤੇ ਤਾਕਤਵਰ’ ਕੰਪਨੀ ਦੱਸਦਿਆਂ ਕਿਹਾ ਕਿ ਇਹ ਇਨ੍ਹਾਂ ਮੁਸ਼ਕਲਾਂ 'ਚੋਂ ਉੱਭਰ ਜਾਵੇਗੀ।
ਕਈ ਵੱਡੀਆਂ ਕੰਪਨੀਆਂ ਵੀ ਨਿਸ਼ਾਨੇ 'ਤੇ
ਯੂਕਰੇਨ ਦਾ ਇਹ ਹਮਲਾ ਸਿਰਫ਼ ਯਾਂਡੈਕਸ ਤੱਕ ਸੀਮਤ ਨਹੀਂ ਹੈ। ਹਾਲ ਹੀ ਦੇ ਦਿਨਾਂ 'ਚ ਰੂਸ ਦੇ ਸਭ ਤੋਂ ਵੱਡੇ ਬੈਂਕ ਸਬਰਬੈਂਕ ਅਤੇ ਪ੍ਰਮੁੱਖ ਤਕਨੀਕੀ ਤੇ ਸੋਸ਼ਲ ਮੀਡੀਆ ਕੰਪਨੀ ਵੀਕੇ (VK) ਦੇ ਡਾਟਾ ਸੈਂਟਰਾਂ 'ਤੇ ਵੀ ਹਮਲੇ ਕੀਤੇ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸਪੱਸ਼ਟ ਕੀਤਾ ਕਿ ਰੂਸ ਵੱਲੋਂ ਯੂਕਰੇਨ ਦੀ ਇੰਟਰਨੈੱਟ ਕਨੈਕਟੀਵਿਟੀ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਜਵਾਬ 'ਚ ਇਹ ਹਮਲੇ ਕੀਤੇ ਜਾ ਰਹੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰੂਸ ਦੇ ਊਰਜਾ ਅਤੇ ਤੇਲ ਬੁਨਿਆਦੀ ਢਾਂਚੇ 'ਤੇ ਸਿੱਧੇ ਹਮਲਿਆਂ ਨੂੰ ਲੈ ਕੇ ਅਮਰੀਕਾ ਵੱਲੋਂ ਦਬਾਅ ਪਾਏ ਜਾਣ ਤੋਂ ਬਾਅਦ ਹੁਣ ਡਾਟਾ ਸੈਂਟਰ ਇਸ ਜੰਗ ਦਾ ਨਵਾਂ ਅਤੇ ਅਹਿਮ ਨਿਸ਼ਾਨਾ ਬਣ ਗਏ ਹਨ।