
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਿਊਯਾਰਕ ਟਾਈਮਜ਼ ਅਨੁਸਾਰ, ਟਰੰਪ ਨੇ ਬੁੱਧਵਾਰ ਨੂੰ ਟਰੁੱਥ ਸੋਸ਼ਲ ’ਤੇ ਕਿਹਾ ਕਿ ਈਰਾਨ ਤੋਂ ਪੈਦਾ ਹੋਏ ਖ਼ਤਰੇ ਨੂੰ ਅਲੱਗ-ਥਲੱਗ ਕਰਨ ਤੇ ਉਸ ਨੂੰ ਹਰਾਉਣ ਲਈ ਅਮਰੀਕਾ ਨੂੰ ਆਪਣੇ ਸਹਿਯੋਗੀਆਂ ਦੀ ਲੋੜ ਹੈ। ਉਨ੍ਹਾਂ ਇਸ ਨੂੰ ਇਕੋਨਾਮਿਕ ਡੀ-ਡੇ ਦੱਸਦੇ ਹੋਏ ਕਿਹਾ ਕਿ ਇਹ ਵਿਲੱਖਣ ਪੱਧਰ ਦਾ ਵਿੱਤੀ ਯੁੱਧ ਤੇ ਈਰਾਨ ਨੂੰ ਅਲੱਗ-ਥਲੱਗ ਕਰਨ ਦੀ ਮੁਹਿੰਮ ਹੋਵੇਗੀ।

ਜੇਐੱਨਐੱਨ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਵਿੱਤੀ ਮੁਹਿੰਮ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੋ ਵੀ ਦੇਸ਼ ਈਰਾਨ ਨੂੰ ਵਿੱਤੀ ਸੰਸਥਾਵਾਂ, ਕਾਰੋਬਾਰ, ਹਵਾਈ ਅੱਡਿਆਂ ਜਾਂ ਸਰਕਾਰੀ ਇਕਾਈਆਂ ਰਾਹੀਂ ਕਿਸੇ ਤਰ੍ਹਾਂ ਦੀ ਲਾਈਫਲਾਈਨ ਮੁਹੱਈਆ ਕਰਵਾਏਗਾ, ਉਸ ਨੂੰ ਗੰਭੀਰ ਵਿੱਤੀ ਨਤੀਜੇ ਭੁਗਤਣੇ ਪੈ ਸਕਦੇ ਹਨ। ਹਾਲਾਂਕਿ, ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੀ ਨਜ਼ਰ ਕਿਹੜੇ ਦੇਸ਼ਾਂ ’ਤੇ ਹੈ ਤੇ ਉਨ੍ਹਾਂ ਖ਼ਿਲਾਫ਼ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।
ਨਿਊਯਾਰਕ ਟਾਈਮਜ਼ ਅਨੁਸਾਰ, ਟਰੰਪ ਨੇ ਬੁੱਧਵਾਰ ਨੂੰ ਟਰੁੱਥ ਸੋਸ਼ਲ ’ਤੇ ਕਿਹਾ ਕਿ ਈਰਾਨ ਤੋਂ ਪੈਦਾ ਹੋਏ ਖ਼ਤਰੇ ਨੂੰ ਅਲੱਗ-ਥਲੱਗ ਕਰਨ ਤੇ ਉਸ ਨੂੰ ਹਰਾਉਣ ਲਈ ਅਮਰੀਕਾ ਨੂੰ ਆਪਣੇ ਸਹਿਯੋਗੀਆਂ ਦੀ ਲੋੜ ਹੈ। ਉਨ੍ਹਾਂ ਇਸ ਨੂੰ ਇਕੋਨਾਮਿਕ ਡੀ-ਡੇ ਦੱਸਦੇ ਹੋਏ ਕਿਹਾ ਕਿ ਇਹ ਵਿਲੱਖਣ ਪੱਧਰ ਦਾ ਵਿੱਤੀ ਯੁੱਧ ਤੇ ਈਰਾਨ ਨੂੰ ਅਲੱਗ-ਥਲੱਗ ਕਰਨ ਦੀ ਮੁਹਿੰਮ ਹੋਵੇਗੀ।
ਟਰੰਪ ਨੇ ਹੋਰਮੁਜ਼ ਸਟਰੇਟ ਦੀ ਰਣਨੀਤਕ ਅਹਿਮੀਅਤ ਨੂੰ ਵੀ ਘੱਟ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ’ਚ ਊਰਜਾ ਉਤਪਾਦਨ ਵਧਣ ਤੇ ਨਵੇਂ ਸਪਲਾਈ ਰਾਹ ਵਿਕਸਿਤ ਹੋਣ ਨਾਲ ਦੁਨੀਆ ਦੀ ਇਸ ਸਮੁੰਦਰੀ ਮਾਰਗ ’ਤੇ ਨਿਰਭਰਤਾ ਪਹਿਲਾਂ ਵਰਗੀ ਨਹੀਂ ਰਹੀ। ਟਰੰਪ ਅਨੁਸਾਰ, ਈਰਾਨ ਚਾਹੁੰਦਾ ਸੀ ਕਿ ਕੱਚੇ ਤੇਲ ਦੀਆਂ ਕੀਮਤਾਂ 350 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਣ ਪਰ ਅਮਰੀਕਾ ਤੇ ਦੂਜੇ ਦੇਸ਼ਾਂ ’ਚ ਉਤਪਾਦਨ ਵਧਣ ਕਾਰਨ ਅਜਿਹਾ ਨਹੀਂ ਹੋ ਸਕਿਆ। ਤੇਲ ਦੀਆਂ ਕੀਮਤਾਂ ਫਿਲਹਾਲ ਕਰੀਬ 84-85 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਹਨ।
ਈਰਾਨ ਨੇ ਕੀਤਾ ਪਲਟਵਾਰ
ਈਰਾਨ ਨੇ ਟਰੰਪ ਦੀ ਧਮਕੀ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਅਮਰੀਕੀ ਵਿੱਤੀ ਦਬਾਅ ਨਾਲ ਉਸ ਨੂੰ ਝੁਕਾ ਨਹੀਂ ਸਕਦਾ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਐਕਸ ’ਤੇ ਕਿਹਾ ਕਿ ਟਰੰਪ ਦਾ ਕਥਿਤ ਇਕੋਨਾਮਿਕ ਡੀ-ਡੇ ਅਮਰੀਕਾ ਦੇ ਆਪਣੇ ਵਿੱਤੀ ਸੰਕਟ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਅਰਾਘਚੀ ਨੇ ਅਮਰੀਕਾ ਦੇ ਵਧਦੇ ਕਰਜ਼ੇ ਤੇ ਵਿਆਜ ਲਾਗਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸਫਲ ਨੀਤੀਆਂ ਨੂੰ ਹੋਰ ਅੱਗੇ ਵਧਾਉਣ ਨਾਲ ਅਮਰੀਕਾ ਨੂੰ ਸਿਰਫ ਹੋਰ ਵੱਡੀ ਹਾਰ ਮਿਲੇਗੀ। ਉਨ੍ਹਾਂ ਅਮਰੀਕੀ ਆਰਥਿਕ ਪਾਬੰਦੀਆਂ ਨੂੰ ਆਲਮੀ ਅਰਥਚਾਰੇ ਲਈ ਵੀ ਖ਼ਤਰਾ ਦੱਸਿਆ।
ਈਰਾਨੀ ਰੈਵੋਲਿਊਸ਼ਨਰੀ ਗਾਰਡ (ਆਈਆਰਜੀਸੀ) ਨੇ ਵੀ ਅਮਰੀਕਾ ਤੇ ਉਸਦੇ ਸਹਿਯੋਗੀਆਂ ਨੂੰ ਚਿਤਾਵਨੀ ਦਿੱਤੀ ਹੈ। ਆਈਆਰਜੀਸੀ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਹੁਸੈਨ ਮੋਬੇਬੀ ਨੇ ਕਿਹਾ ਕਿ ਜੇ ਖੇਤਰ ’ਚ ਮੁੜ ਫ਼ੌਜੀ ਟਕਰਾਅ ਸ਼ੁਰੂ ਹੋਇਆ ਤਾਂ ਈਰਾਨ ਪਹਿਲਾਂ ਤੋਂ ਵੱਧ ਵਿਨਾਸ਼ਕਾਰੀ ਹਥਿਆਰਾਂ ਦੀ ਵਰਤੋਂ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨੀ ਮਿਜ਼ਾਈਲਾਂ ’ਚ ਵਰਤੇ ਜਾਣ ਵਾਲੇ ਵਾਰਹੈੱਡ ਦੀ ਸਮਰੱਥਾ ਪਿਛਲੀਆਂ ਜੰਗਾਂ ’ਚ ਵਰਤੇ ਗਏ ਹਥਿਆਰਾਂ ਤੋਂ ਕਿਤੇ ਵੱਧ ਹੈ।