- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਧਰ, ਅਮਰੀਕੀ ਮੀਡੀਆ ਦਾ ਦਾਅਵਾ ਹੈ ਕਿ ਹੁਰਮੁਜ਼ ਸਟ੍ਰੇਟ ਤੋਂ ਜਹਾਜ਼ਾਂ ਦੀ ਆਵਾਜਾਈ ਬਹਾਲ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਨਾਲ ਪ੍ਰਸਤਾਵਿਤ ਪਰਮਾਣੂ ਸਮਝੌਤੇ ਨੂੰ ਫਿਲਹਾਲ ਟਾਲ ਸਕਦੇ ਹਨ।

ਜੇਐੱਨਐੱਨ, ਨਵੀਂ ਦਿੱਲੀ : ਹੋਰਮੁਜ਼ ਜਲਡਮਰੂਮੱਧ ਨੂੰ ਜਹਾਜ਼ਾਂ ਲਈ ਖੋਲ੍ਹਣ ਦੀ ਦਿਸ਼ਾ ’ਚ ਈਰਾਨ ਤੇ ਓਮਾਨ ਵਿਚਕਾਰ ਚੱਲ ਰਹੀ ਗੱਲਬਾਤ ਅੰਤਿਮ ਦੌਰ ’ਚ ਪਹੁੰਚ ਗਈ ਹੈ। ਹਾਲਾਂਕਿ, ਈਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਮਝੌਤਾ ਹੋਣ ਦੇ ਬਾਵਜੂਦ ਹੁਰਮੁਜ਼ ਤੋਂ ਜਹਾਜ਼ਾਂ ਦੀ ਆਵਾਜਾਈ ਉਦੋਂ ਹੀ ਆਮ ਹੋਵੇਗੀ, ਜਦੋਂ ਅਮਰੀਕਾ ਉਸ ਦੀਆਂ ਪ੍ਰਮੁੱਖ ਸ਼ਰਤਾਂ ਮੰਨ ਲਵੇ। ਇਸ ਤਰ੍ਹਾਂ ਤਹਿਰਾਨ ਨੇ ਜਲਡਮਰੂਮੱਧ ਖੋਲ੍ਹਣ ਦੀ ਜ਼ਿੰਮੇਵਾਰੀ ਦੀ ਗੇਂਦ ਸਿੱਧੀ ਅਮਰੀਕਾ ਦੇ ਪਾਲੇ ’ਚ ਪਾ ਦਿੱਤੀ ਹੈ। ਓਧਰ, ਅਮਰੀਕੀ ਮੀਡੀਆ ਦਾ ਦਾਅਵਾ ਹੈ ਕਿ ਹੁਰਮੁਜ਼ ਸਟ੍ਰੇਟ ਤੋਂ ਜਹਾਜ਼ਾਂ ਦੀ ਆਵਾਜਾਈ ਬਹਾਲ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਨਾਲ ਪ੍ਰਸਤਾਵਿਤ ਪਰਮਾਣੂ ਸਮਝੌਤੇ ਨੂੰ ਫਿਲਹਾਲ ਟਾਲ ਸਕਦੇ ਹਨ।
ਰਾਇਟਰ ਮੁਤਾਬਕ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਐਤਵਾਰ ਨੂੰ ਕਿਹਾ ਕਿ ਈਰਾਨ ਅਤੇ ਓਮਾਨ ਵਿਚਕਾਰ ਹੁਰਮੁਜ਼ ਨਾਲ ਜੁੜਿਆ ਸਮਝੌਤਾ ਅੰਤਿਮ ਪੜਾਅ ’ਚ ਹੈ। ਉਨ੍ਹਾਂ ਕਿਹਾ ਕਿ ਜਲਡਮਰੂਮੱਧ ਨੂੰ ਉਦੋਂ ਤੱਕ ਜਹਾਜ਼ਾਂ ਲਈ ਨਹੀਂ ਖੋਲ੍ਹਿਆ ਜਾਵੇਗਾ, ਜਦੋਂ ਤੱਕ ਈਰਾਨ ਦੀਆਂ ਹੋਰ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ। ਮੇਹਰ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ ਪ੍ਰਸਤਾਵਿਤ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਵਿਚਕਾਰ ਇਕ ਅਸਥਾਈ ਸਮੁੰਦਰੀ ਰਸਤਾ ਤਿਆਰ ਕੀਤਾ ਜਾਵੇਗਾ, ਜਿਸ ਦੀ ਵਰਤੋਂ ਅਮਰੀਕਾ ਵੱਲੋਂ ਸ਼ਰਤਾਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਜਹਾਜ਼ਾਂ ਦੀ ਆਵਾਜਾਈ ਲਈ ਕੀਤੀ ਜਾ ਸਕੇਗੀ।
ਅਰਾਘਚੀ ਨੇ ਕਿਹਾ ਕਿ ਈਰਾਨ ਤੇ ਅਮਰੀਕਾ ਵਿਚਕਾਰ ਲੰਬੇ ਸਮੇਂ ਤੋਂ ਸਿੱਧੀ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਮੁਤਾਬਕ, ਅਮਰੀਕਾ ਨੇ ਜੂਨ ’ਚ ਹੋਏ ਅੰਤ੍ਰਿਮ ਸਮਝੌਤੇ ਦੀ ਉਲੰਘਣਾ ਕੀਤੀ ਸੀ। ਹਾਲਾਂਕਿ, ਦੋਵਾਂ ਧਿਰਾਂ ਵਿਚਕਾਰ ਵਿਚੋਲਿਆਂ ਰਾਹੀਂ ਸੁਨੇਹਿਆਂ ਦਾ ਆਦਾਨ-ਪ੍ਰਦਾਨ ਜਾਰੀ ਹੈ। ਏਐੱਨਆਈ ਨੇ ਦਿ ਵਾਲ ਸਟ੍ਰੀਟ ਜਰਨਲ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਟਰੰਪ ਪ੍ਰਸ਼ਾਸਨ ਹੁਰਮੁਜ਼ ਨੂੰ ਪੂਰੀ ਤਰ੍ਹਾਂ ਖੋਲ੍ਹਣ ਨੂੰ ਅਮਰੀਕਾ ਦੀ ਵੱਡੀ ਉਪਲਬਧੀ ਵਜੋਂ ਪੇਸ਼ ਕਰ ਸਕਦਾ ਹੈ ਅਤੇ ਪਰਮਾਣੂ ਮੁੱਦੇ 'ਤੇ ਗੱਲਬਾਤ ਨੂੰ ਬਾਅਦ ਲਈ ਛੱਡ ਸਕਦਾ ਹੈ।
ਰਿਪੋਰਟ ਮੁਤਾਬਕ, ਟਰੰਪ ਪਿਛਲੇ ਕਈ ਹਫ਼ਤਿਆਂ ਤੋਂ ਇਸ ਸੰਭਾਵਿਤ ਨਤੀਜੇ ਲਈ ਜ਼ਮੀਨ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਸੀਨੀਅਰ ਸਹਿਯੋਗੀਆਂ ਨੂੰ ਨਿੱਜੀ ਤੌਰ 'ਤੇ ਇਹ ਸੰਕੇਤ ਦਿੱਤਾ ਹੈ ਕਿ ਉਹ ਤਹਿਰਾਨ ਨਾਲ ਕਿਸੇ ਰਸਮੀ ਪਰਮਾਣੂ ਸਮਝੌਤੇ ਤੋਂ ਬਿਨਾਂ ਵੀ ਪਿੱਛੇ ਹਟਣ ਲਈ ਤਿਆਰ ਹੋ ਸਕਦੇ ਹਨ।
ਹਾਲਾਂਕਿ, ਹੁਰਮੁਜ਼ ਨੂੰ ਖੋਲ੍ਹਣ ਦੇ ਬਦਲੇ ਈਰਾਨ ਵੱਲੋਂ ਰੱਖੀਆਂ ਗਈਆਂ ਵਿਆਪਕ ਮੰਗਾਂ ਕਾਰਨ ਦੋਵਾਂ ਧਿਰਾਂ ਲਈ ਅਜਿਹਾ ਹੱਲ ਕੱਢਣਾ ਆਸਾਨ ਨਹੀਂ ਹੋਵੇਗਾ, ਜਿਸ ਨੂੰ ਘਰੇਲੂ ਅਤੇ ਕੌਮਾਂਤਰੀ ਪੱਧਰ 'ਤੇ ਸਵੀਕਾਰ ਕੀਤਾ ਜਾ ਸਕੇ। ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਮੁਹੰਮਦ ਬਾਘੇਰ ਜੋਲਘਾਦਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਹੁਰਮੁਜ਼ ਨੂੰ ਖੋਲ੍ਹਣ ਤੋਂ ਪਹਿਲਾਂ ਅਮਰੀਕਾ ਨੂੰ ਈਰਾਨ ’ਤੇ ਲਾਈਆਂ ਪਾਬੰਦੀਆਂ ਅਤੇ ਸਮੁੰਦਰੀ ਨਾਕਾਬੰਦੀ ਹਟਾਉਣੀ ਹੋਵੇਗੀ।
ਨਿਊਯਾਰਕ ਟਾਈਮਜ਼ ਮੁਤਾਬਕ, ਈਰਾਨ ਨੇ ਅਮਰੀਕਾ ਤੋਂ ਖੇਤਰ ’ਚ ਆਪਣੀ ਫ਼ੌਜੀ ਮੌਜੂਦਗੀ ਖ਼ਤਮ ਕਰਨ, ਜੰਗ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਤੇ ਵਿਦੇਸ਼ਾਂ ’ਚ ਜਮ੍ਹਾਂ ਈਰਾਨੀ ਸੰਪਤੀਆਂ ਜਾਰੀ ਕਰਨ ਦੀ ਵੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਈਰਾਨ ਦੇ ਸਹਿਯੋਗੀ ਦੇਸ਼ਾਂ ਖ਼ਿਲਾਫ਼ ਹਮਲੇ ਤੇ ਤਹਿਰਾਨ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਰੋਕਣ ਦੀ ਸ਼ਰਤ ਵੀ ਰੱਖੀ ਗਈ ਹੈ। ਇਨ੍ਹਾਂ 'ਚ ਲਿਬਨਾਨ, ਫਲਸਤੀਨ, ਯਮਨ ਅਤੇ ਇਰਾਕ ’ਚ ਈਰਾਨ ਦੇ ਸਹਿਯੋਗੀਆਂ 'ਤੇ ਹੋਣ ਵਾਲੇ ਹਮਲੇ ਸ਼ਾਮਲ ਹਨ।
ਸਾਊਦੀ ’ਤੇ ਹੂਤੀ ਦਾ ਘਾਤਕ ਹਮਲਾ, ਸੱਤ ਦੀ ਮੌਤ
ਇਸ ਦੌਰਾਨ, ਈਰਾਨ ਸਮਰਥਿਤ ਯਮਨ ਦੇ ਹੂਤੀ ਬਾਗੀਆਂ ਨੇ ਐਤਵਾਰ ਨੂੰ ਲਾਲ ਸਾਗਰ ’ਚ ਸਾਊਦੀ ਅਰਬ ਦੀ ਮਹੱਤਵਪੂਰਨ ਬੰਦਰਗਾਹ ਮੋਖਾ ’ਤੇ ਹਮਲਾ ਕੀਤਾ। ਏਪੀ ਮੁਤਾਬਕ, ਹਮਲੇ ’ਚ ਚਾਰ ਸੈਨਿਕਾਂ ਤੇ ਤਿੰਨ ਨਾਗਰਿਕਾਂ ਦੀ ਮੌਤ ਹੋਈ, ਜਦਕਿ 15 ਲੋਕ ਜ਼ਖ਼ਮੀ ਹੋਏ। ਸਾਊਦੀ ਅਰਬ ਦੀ ਜਾਜ਼ਾਨ ਰਿਫਾਈਨਰੀ ਨੂੰ ਵੀ ਮਿਜ਼ਾਈਲ ਅਤੇ ਡਰੋਨ ਹਮਲਿਆਂ 'ਚ ਨਿਸ਼ਾਨਾ ਬਣਾਇਆ ਗਿਆ। ਸਾਊਦੀ ਊਰਜਾ ਮੰਤਰਾਲੇ ਮੁਤਾਬਕ, ਹਮਲੇ ਨਾਲ ਬੰਦਰਗਾਹ, ਇਸ ਦੀਆਂ ਇਮਾਰਤਾਂ ਅਤੇ ਉੱਥੇ ਰੱਖੇ ਸਾਮਾਨ ਨੂੰ ਨੁਕਸਾਨ ਪਹੁੰਚਿਆ। ਰਿਫਾਈਨਰੀ 'ਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ।
ਹੂਤੀ ਬੁਲਾਰੇ ਯਾਹਿਆ ਸਾਰੀ ਨੇ ਕਿਹਾ ਕਿ ਦੱਖਣ-ਪੱਛਮ 'ਚ ਸਥਿਤ ਰਿਫਾਈਨਰੀ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਰੋਜ਼ਾਨਾ ਕਰੀਬ ਚਾਰ ਲੱਖ ਬੈਰਲ ਕੱਚੇ ਤੇਲ ਦੀ ਰਿਫਾਈਨਿੰਗ ਹੁੰਦੀ ਹੈ। ਇਹ ਹਮਲੇ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀਏ ਵਿਚਕਾਰ ਤ੍ਰਿਪੱਖੀ ਮੱਕਾ ਸਾਂਝੇ ਰੱਖਿਆ ਸਮਝੌਤੇ ਦੇ ਦੋ ਦਿਨ ਬਾਅਦ ਹੋਏ ਹਨ। ਹਾਲਾਂਕਿ, ਇਸ ਹਮਲੇ ਦੀ ਸਥਿਤੀ 'ਚ ਸਮਝੌਤੇ ਤਹਿਤ ਸਾਊਦੀ ਅਰਬ ਦੀ ਮਦਦ ਲਈ ਬਾਕੀ ਦੋਵੇਂ ਦੇਸ਼ ਕਿਸ ਤਰ੍ਹਾਂ ਪ੍ਰਤੀਕਿਰਿਆ ਦੇਣਗੇ, ਇਹ ਹਾਲੇ ਸਪੱਸ਼ਟ ਨਹੀਂ ਹੈ।