'ਪਲੇਨ ਹਾਈਜੈਕ ਨਹੀਂ ਹੋਇਆ', Flydubai ਦੇ ਜਹਾਜ਼ ਦੇ ਡਾਇਵਰਟ ਹੋਣ 'ਤੇ ਇਜ਼ਰਾਈਲ ਦਾ ਬਿਆਨ; ਪਾਇਲਟਾਂ ਨੇ ਭੇਜਿਆ ਸੀ ਐਮਰਜੈਂਸੀ ਸਿਗਨਲ
ਇਜ਼ਰਾਈਲ ਦੇ Ynet ਦੀ ਰਿਪੋਰਟ ਮੁਤਾਬਕ, ਉਡਾਣ ਦੌਰਾਨ ਜਹਾਜ਼ ਨੇ ਇਕ ਐਮਰਜੈਂਸੀ ਸਿਗਨਲ ਭੇਜਿਆ ਸੀ। ਖ਼ਬਰਾਂ ਮੁਤਾਬਕ, ਜਹਾਜ਼ 'ਚ 150 ਤੋਂ ਵੱਧ ਯਾਤਰੀ ਸਵਾਰ ਸਨ। ਇਸ ਘਟਨਾ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਇੱਕ ਐਮਰਜੈਂਸੀ ਮੀਟਿੰਗ ਬੁਲਾਈ।
Publish Date: Wed, 30 Sep 2026 01:16 PM (IST)
Updated Date: Wed, 30 Sep 2026 01:20 PM (IST)
ਡਿਜੀਟਲ ਡੈਸਕ, ਤੇਲ ਅਵੀਵ : ਦੁਬਈ ਤੋਂ ਤੇਲ ਅਵੀਵ ਜਾ ਰਹੇ ਇੱਕ ਯਾਤਰੀ ਜਹਾਜ਼ ਦੇ ਹਾਈਜੈਕ ਹੋਣ ਦੀ ਖ਼ਬਰ 'ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੋਈ ਜਹਾਜ਼ ਹਾਈਜੈਕ ਨਹੀਂ ਹੋਇਆ ਹੈ। ਇਸ ਜਹਾਜ਼ ਨੂੰ ਸਾਊਦੀ ਅਰਬ ਵੱਲ ਮੋੜ ਦਿੱਤਾ ਗਿਆ ਤੇ ਬਾਅਦ 'ਚ ਇਸ ਦੀ ਸੁਰੱਖਿਅਤ ਲੈਂਡਿੰਗ ਹੋਈ।
ਇਜ਼ਰਾਈਲ ਦੇ Ynet ਦੀ ਰਿਪੋਰਟ ਮੁਤਾਬਕ, ਉਡਾਣ ਦੌਰਾਨ ਜਹਾਜ਼ ਨੇ ਇਕ ਐਮਰਜੈਂਸੀ ਸਿਗਨਲ ਭੇਜਿਆ ਸੀ। ਖ਼ਬਰਾਂ ਮੁਤਾਬਕ, ਜਹਾਜ਼ 'ਚ 150 ਤੋਂ ਵੱਧ ਯਾਤਰੀ ਸਵਾਰ ਸਨ। ਇਸ ਘਟਨਾ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਇੱਕ ਐਮਰਜੈਂਸੀ ਮੀਟਿੰਗ ਬੁਲਾਈ।
ਕੀ ਹੈ ਪੂਰਾ ਮਾਮਲਾ?
ਦਰਅਸਲ, ਬੁੱਧਵਾਰ ਸਵੇਰੇ ਜਹਾਜ਼ ਦੀ ਮੈਨੂਅਲ ਲੈਂਡਿੰਗ ਅਤੇ ਯੂ-ਟਰਨ ਦੌਰਾਨ ਥੋੜ੍ਹੇ ਸਮੇਂ ਲਈ ਐਮਰਜੈਂਸੀ ਸਿਗਨਲ ਭੇਜਿਆ ਗਿਆ, ਜਿਸ ਨਾਲ ਜਹਾਜ਼ ਦੇ ਹਾਈਜੈਕ ਹੋਣ ਦਾ ਸੰਕੇਤ ਮਿਲਿਆ। ਇਸ ਤੋਂ ਬਾਅਦ ਜਹਾਜ਼ ਨੂੰ ਸਾਊਦੀ ਅਰਬ ਵੱਲ ਮੋੜ ਦਿੱਤਾ ਗਿਆ ਤੇ ਇਸ ਦੀ ਉਚਾਈ ਘਟਾ ਦਿੱਤੀ ਗਈ। ਇਜ਼ਰਾਈਲੀ ਲੜਾਕੂ ਜਹਾਜ਼ਾਂ ਨੂੰ ਤੁਰੰਤ ਰਵਾਨਾ ਕੀਤਾ ਗਿਆ।
ਕੁਝ ਮਿੰਟਾਂ ਦੇ ਤਣਾਅਪੂਰਨ ਮਾਹੌਲ ਤੇ ਇਜ਼ਰਾਈਲ 'ਚ ਗੰਭੀਰ ਚਿੰਤਾਵਾਂ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਭਰੋਸਾ ਦਿਵਾਉਣ ਵਾਲੇ ਸੁਨੇਹੇ ਭੇਜੇ ਤੇ ਦੱਸਿਆ ਕਿ ਜਹਾਜ਼ ਦੇ ਸਾਊਦੀ ਅਰਬ ਦੇ ਤਬੁਕ ਹਵਾਈ ਅੱਡੇ 'ਤੇ ਉਤਰਨ ਦੀ ਉਮੀਦ ਹੈ। ਇਸ ਦੌਰਾਨ ਜਹਾਜ਼ ਸੁਰੱਖਿਅਤ ਤਰੀਕੇ ਨਾਲ ਉੱਥੇ ਪਹੁੰਚ ਗਿਆ। ਫਲਾਈਦੁਬਈ ਨੇ ਬਾਅਦ 'ਚ ਪੁਸ਼ਟੀ ਕੀਤੀ ਕਿ ਜਹਾਜ਼ 'ਚ ਪਾਇਲਟਾਂ ਵਿਚਾਲੇ ਹੋਈ ਲੜਾਈ ਕਾਰਨ ਐਮਰਜੈਂਸੀ ਸਿਗਨਲ ਭੇਜਿਆ ਗਿਆ ਸੀ।
ਬੁਲਾਈ ਗਈ ਐਮਰਜੈਂਸੀ ਮੀਟਿੰਗ
ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਰੱਖਿਆ ਮੰਤਰੀ ਕਾਟਜ਼ ਨੇ ਇਕ ਐਮਰਜੈਂਸੀ ਸੁਰੱਖਿਆ ਸਲਾਹ-ਮਸ਼ਵਰਾ ਮੀਟਿੰਗ ਬੁਲਾਈ। ਹਾਲਾਂਕਿ, ਇੱਕ ਸੁਰੱਖਿਆ ਸੂਤਰ ਨੇ ਬਾਅਦ 'ਚ ਸਪੱਸ਼ਟ ਕੀਤਾ, 'ਜਹਾਜ਼ ਅਗਵਾ ਹੋਣ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ, ਪਾਇਲਟ ਨੇ ਸੰਕਟ ਸੰਕੇਤ ਭੇਜਿਆ ਸੀ।'
ਜਹਾਜ਼ ਦੇ ਫਲਾਈਟ ਟ੍ਰੈਕਿੰਗ ਐਪ ਤੋਂ ਗਾਇਬ ਹੋਣ ਤੋਂ ਬਾਅਦ ਸੁਰੱਖਿਆ ਸੂਤਰਾਂ ਨੇ ਭਰੋਸਾ ਦਿਵਾਇਆ ਕਿ ਜਹਾਜ਼ ਸਾਊਦੀ ਅਰਬ ਦੀ ਧਰਤੀ 'ਤੇ ਉਤਰਨ ਵਾਲਾ ਸੀ। ਜਹਾਜ਼ ਬਾਅਦ 'ਚ ਉਤਰ ਗਿਆ ਤੇ ਆਮ ਲੋਕਾਂ ਲਈ ਉਪਲਬਧ ਟ੍ਰੈਕਿੰਗ ਐਪ 'ਤੇ ਮੁੜ ਦਿਖਾਈ ਦੇਣ ਲੱਗਾ।
ਫਲਾਈ ਦੁਬਈ ਦੇ ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਤੋਂ ਸਵੇਰੇ 7:05 ਵਜੇ ਉਡਾਣ ਭਰੀ ਸੀ ਅਤੇ ਇਸ ਨੇ ਸਵੇਰੇ ਲਗਪਗ 9:30 ਵਜੇ ਬੇਨ ਗੁਰਿਓਨ ਹਵਾਈ ਅੱਡੇ 'ਤੇ ਉਤਰਨਾ ਸੀ। ਪਰ ਲਗਪਗ ਡੇਢ ਘੰਟੇ ਦੀ ਉਡਾਣ ਤੋਂ ਬਾਅਦ ਜਾਰਡਨ ਦੇ ਹਵਾਈ ਖੇਤਰ 'ਚ ਦਾਖਲ ਹੁੰਦੇ ਹੀ ਜਹਾਜ਼ ਨੇ ਕੋਡ 7700 (ਅੰਤਰਰਾਸ਼ਟਰੀ ਐਮਰਜੈਂਸੀ ਅਤੇ ਸੰਕਟ ਕੋਡ) ਅਤੇ ਫਿਰ ਕੋਡ 7500 ਪ੍ਰਸਾਰਿਤ ਕੀਤਾ, ਜੋ ਹਾਈਜੈਕ ਦਾ ਸੰਕੇਤ ਸੀ।
ਇਸੇ ਸਮੇਂ ਜਹਾਜ਼ ਵਾਪਸ ਮੁੜ ਗਿਆ ਤੇ ਸਾਊਦੀ ਅਰਬ ਦੇ ਆਸਮਾਨ 'ਚ ਪਰਤ ਆਇਆ ਤੇ ਘੱਟ ਉਚਾਈ 'ਤੇ ਉੱਡਣ ਲੱਗਾ। ਦੱਖਣ ਵੱਲ ਉਡਾਣ ਭਰਨ ਤੋਂ ਬਾਅਦ ਇਹ ਸਾਊਦੀ ਅਰਬ ਦੇ ਅੰਦਰ ਪੱਛਮ ਵੱਲ ਮੁੜ ਗਿਆ।