ਪੱਛਮੀ ਏਸ਼ੀਆ ’ਚ ਜੰਗ ਦਾ ਖ਼ੌਫ਼ਨਾਕ ਚਿਹਰਾ: ਬੱਚੇ ਚੁਕਾ ਰਹੇ ਜੰਗ ਦੀ ਕੀਮਤ, 2100 ਤੋਂ ਜ਼ਿਆਦਾ ਬੱਚੇ ਮਾਰੇ ਗਏ ਜਾਂ ਹੋਏ ਜ਼ਖ਼ਮੀ
ਸਥਿਤੀ ਦੀ ਗੰਭੀਰਤਾ ਸਪੱਸ਼ਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੰਗ ਦੇ ਇਨ੍ਹਾਂ 23 ਦਿਨਾਂ ’ਚ ਖੇਤਰ ਦੇ ਬੱਚੇ ਤਬਾਹਕੁੰਨ ਕੀਮਤ ਚੁਕਾ ਰਹੇ ਹਨ। ਜੇਕਰ ਇਹ ਜੰਗ ਹੋਰ ਲੰਬੀ ਖਿੱਚੀ ਜਾਂ ਵਿਆਪਕ ਹੋਈ ਤਾਂ ਇਹ ਲੱਖਾਂਲੋਕਾਂ ਲਈ ਤਬਾਹਕੁੰਨ ਹੋਵੇਗਾ।
Publish Date: Wed, 25 Mar 2026 08:13 AM (IST)
Updated Date: Wed, 25 Mar 2026 08:16 AM (IST)
ਸੰਯੁਕਤ ਰਾਸ਼ਟਰ (ਏਜੰਸੀ) : ਪੱਛਮੀ ਏਸ਼ੀਆ ’ਚ ਜਾਰੀ ਫ਼ੌਜੀ ਸੰਘਰਸ਼ ਦਾ ਸਭ ਤੋਂ ਭਿਆਨਕ ਅਸਰ ਮਾਸੂਮ ਬੱਚਿਆਂ ’ਤੇ ਪੈ ਰਿਹਾ ਹੈ। ਯੂਨੀਸੈਫ ਦੇ ਉਪ ਕਾਰਜਕਾਰੀ ਡਾਇਰੈਕਟਰ ਟੈਡ ਚੈਬਨ ਨੇ ਕਿਹਾ ਹੈ ਕਿ ਜੰਗ ਦੇ ਵਧਣ ਮਗਰੋਂ ਹੁਣ ਤੱਕ 2,100 ਤੋਂ ਜ਼ਿਆਦਾ ਬੱਚੇ ਮਾਰੇ ਗਏ ਹਨ ਜਾਂ ਜ਼ਖਮੀ ਹੋਏ ਹਨ। ਸਥਿਤੀ ਦੀ ਗੰਭੀਰਤਾ ਸਪੱਸ਼ਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੰਗ ਦੇ ਇਨ੍ਹਾਂ 23 ਦਿਨਾਂ ’ਚ ਖੇਤਰ ਦੇ ਬੱਚੇ ਤਬਾਹਕੁੰਨ ਕੀਮਤ ਚੁਕਾ ਰਹੇ ਹਨ। ਜੇਕਰ ਇਹ ਜੰਗ ਹੋਰ ਲੰਬੀ ਖਿੱਚੀ ਜਾਂ ਵਿਆਪਕ ਹੋਈ ਤਾਂ ਇਹ ਲੱਖਾਂਲੋਕਾਂ ਲਈ ਤਬਾਹਕੁੰਨ ਹੋਵੇਗਾ।
ਹਰ ਰੋਜ਼ ਔਸਤਨ 87 ਬੱਚੇ ਹੋ ਰਹੇ ਸ਼ਿਕਾਰ
ਅੰਕੜਿਆਂ ਮੁਤਾਬਕ ਜ਼ਖਮੀਆਂ ਜਾਂ ਮ੍ਰਿਤਕਾਂ ’ਚ ਈਰਾਨ ਦੇ 206, ਲਿਬਨਾਨ ਦੇ 118, ਇਜ਼ਰਾਈਲ ਦੇ ਚਾਰ ਤੇ ਕੁਵੈਤ ਦਾ ਇਕ ਬੱਚਾ ਸ਼ਾਮਲ ਹੈ। ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਪੱਤਰਕਾਰਾਂ ਤੋਂ ਚਿੰਤਾ ਪ੍ਰਗਟਾਉਂਦੇ ਹੋਏ ਚੈਬਨ ਨੇ ਕਿਹਾ ਕਿ ਜੰਗ ਦੀ ਸ਼ੁਰੂਆਤ ਤੋਂ ਹਰ ਰੋਜ਼ ਔਸਤਨ 87 ਬੱਚੇ ਆਪਣੀ ਜਾਨ ਗੁਆ ਰਹੇ ਹਨ ਜਾਂ ਜ਼ਖਮੀ ਹੋ ਰਹੇ ਹਨ। ਉਨ੍ਹਾਂ ਰੇਖਾਂਕਿਤ ਕੀਤਾ ਕਿ ਇਸ ਸੰਘਰਸ਼ ਨੇ ਨਾ ਸਿਰਫ਼ ਜ਼ਿੰਦਗੀ ਖੋਹੀ ਹੈ, ਬਲਕਿ ਵੱਡੇ ਪੱਧਰ ’ਤੇ ਉਜਾੜਾ ਵੀ ਪੈਦਾ ਕੀਤਾ ਹੈ। ਈਰਾਨ ’ਚ ਲਗਪਗ 32 ਲੱਖ ਲੋਕ ਬੇਘਰ ਹੋਏ ਹਨ, ਜਿਨ੍ਹਾਂ ’ਚ 8.64 ਲੱਖ ਬੱਚੇ ਸ਼ਾਮਲ ਹਨ। ਉੱਥੇ, ਲਿਬਨਾਨ ’ਚ 10 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਚੁੱਕੇ ਹਨ, ਜਿਨ੍ਹਾਂ ’ਚ ਕਰੀਬ 3.7 ਲੱਖ ਬੱਚੇ ਹਨ।
ਸਿੱਖਿਆ ਤੇ ਸਿਹਤ ਸੇਵਾਵਾਂ ਠੱਪ
ਲਿਬਨਾਨ ਦੀ ਆਪਣੀ ਹਾਲੀਆ ਯਾਤਰਾ ਦਾ ਜ਼ਿਕਰ ਕਰਦੇ ਹੋਏ ਚੈਬਨ ਨੇ ਕਿਹਾ ਕਿ ਉੱਥੇ 350 ਤੋਂ ਜ਼ਿਆਦਾ ਸਰਕਾਰੀ ਸਕੂਲਾਂ ਨੂੰ ਸ਼ੈਲਟਰ ਹੋਮਾਂ ’ਚ ਬਦਲ ਦਿੱਤਾ ਗਿਆ ਹੈ, ਜਿਸ ਨਾਲ ਲਗਪਗ ਇਕ ਲੱਖ ਵਿਦਿਆਰਥੀਆਂ ਦੀ ਸਿੱਖਿਆ ਠੱਪ ਹੋਈ ਹੈ। ਉਨ੍ਹਾਂ ਕਿਹਾ ਕਿ ਜਲ ਪ੍ਰਣਾਲੀਆਂ ਨੁਕਸਾਨੀਆਂ ਗਈਆਂ ਹਨ ਤੇ ਲੋਕਾਂ ਨੂੰ ਬਚਾਉਂਦੇ ਸਮੇਂ ਸਿਹਤ ਮੁਲਾਜ਼ਮ ਮਾਰੇ ਜਾ ਰਹੇ ਹਨ। ਸਾਨੂੰ ਇਸ ਸੰਘਰਸ਼ ਨੂੰ ਰੋਕਣ ਲਈ ਤਣਾਅ ਘੱਟ ਕਰਨ ਤੇ ਇਕ ਸਿਆਸੀ ਰਸਤੇ ਦੀ ਜ਼ਰੂਰਤ ਹੈ। ਯੂਨੀਸੈਫ ਨੇ ਹੁਣ ਤੱਕ 1.5 ਲੱਖ ਤੋਂ ਜ਼ਿਆਦਾ ਬੇਘਰਾਂ ਤੱਕ ਸਹਾਇਤਾ ਪਹੁੰਚਾਈ ਹੈ, ਪਰ ਚਿਤਾਵਨੀ ਦਿੱਤੀ ਹੈ ਕਿ ਵਧਦੀਆਂ ਜ਼ਰੂਰਤਾਂ ਦੇ ਮੁਕਾਬਲੇ ਵਸੀਲੇ ਬਹੁਤ ਘੱਟ ਪੈ ਰਹੇ ਹਨ।