ਸਰਕਾਰੀ ਨਿਊਜ਼ ਏਜੰਸੀ ਬੀਐੱਸਐੱਸ ਨੇ ਸੋਮਵਾਰ ਨੂੰ ਸੰਸਦ ਸਕੱਤਰੇਤ ਸਕੱਤਰ ਕਨੀਜ਼ ਮੌਲਾ ਦੇ ਹਵਾਲੇ ਨਾਲ ਦੱਸਿਆ ਕਿ ਸੰਸਦ ਕੰਪਲੈਕਸ ਦੇ ਸਾਊਥ ਪਲਾਜ਼ਾ ’ਚ ਮੰਗਲਵਾਰ ਦੀ ਸ਼ਾਮ ਚਾਰ ਵਜੇ ਸਹੁੰ ਚੁੱਕ ਪ੍ਰੋਗਰਾਮ ਕਰਵਾਇਆ ਜਾਵੇਗਾ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨਵੀਂ ਕੈਬਨਿਟ ਨੂੰ ਸਹੁੰ ਚੁਕਵਾਉਣਗੇ।

ਢਾਕਾ (ਪੀਟੀਆਈ) : ਬੰਗਲਾਦੇਸ਼ ਦੀਆਂ ਚੋਣਾਂ ’ਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਤਾਰਿਕ ਰਹਿਮਾਨ ਮੰਗਲਵਾਰ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਹਲਫ ਲੈਣਗੇ। ਇਸਦੇ ਨਾਲ ਹੀ 20 ਸਾਲਾਂ ਬਾਅਦ ਬੰਗਲਾਦੇਸ਼ ਨੈਸ਼ਨਲਿਟ ਪਾਰਟੀ (ਬੀਐੱਨਪੀ) ਦੀ ਸੱਤਾ ’ਚ ਵਾਪਸੀ ਹੋ ਜਾਵੇਗੀ। ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ 60 ਸਾਲਾ ਰਹਿਮਾਨ ਸਾਬਕਾ ਪੀਐੱਮ ਖ਼ਾਲਿਦਾ ਜੀਆ ਦੇ ਪੁੱਤਰ ਹਨ। ਵਿਦਿਆਰਥੀ ਅੰਦੋਲਨ ਕਾਰਨ ਪੰਜ ਅਗਸਤ 2024 ਨੂੰ ਸ਼ੇਖ਼ ਹਸੀਨਾ ਦੀ ਅਗਵਾਈ ਵਾਲੀ ਆਵਾਮੀ ਲੀਗ ਸਰਕਾਰ ਦੇ ਪਤਨ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਆਮ ਚੋਣ ਕਰਵਾਈ ਗਈ, ਜਿਸ ਵਿਚ ਬੀਐੱਨਪੀ ਨੂੰ ਦੋ-ਤਿਹਾਈ ਸੀਟਾਂ ’ਤੇ ਜਿੱਤ ਮਿਲੀ। ਨਵੀਂ ਸਰਕਾਰ ਦੇ ਗਠਨ ਦੇ ਨਾਲ ਹੀ ਮੁਹੰਮਦ ਯੂਨੁਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੇ ਕਰੀਬ 18 ਮਹੀਨੇ ਦੇ ਸ਼ਾਸਨ ਦਾ ਅੰਤ ਹੋ ਜਾਵੇਗਾ।
ਸਰਕਾਰੀ ਨਿਊਜ਼ ਏਜੰਸੀ ਬੀਐੱਸਐੱਸ ਨੇ ਸੋਮਵਾਰ ਨੂੰ ਸੰਸਦ ਸਕੱਤਰੇਤ ਸਕੱਤਰ ਕਨੀਜ਼ ਮੌਲਾ ਦੇ ਹਵਾਲੇ ਨਾਲ ਦੱਸਿਆ ਕਿ ਸੰਸਦ ਕੰਪਲੈਕਸ ਦੇ ਸਾਊਥ ਪਲਾਜ਼ਾ ’ਚ ਮੰਗਲਵਾਰ ਦੀ ਸ਼ਾਮ ਚਾਰ ਵਜੇ ਸਹੁੰ ਚੁੱਕ ਪ੍ਰੋਗਰਾਮ ਕਰਵਾਇਆ ਜਾਵੇਗਾ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨਵੀਂ ਕੈਬਨਿਟ ਨੂੰ ਸਹੁੰ ਚੁਕਵਾਉਣਗੇ। ਇਸ ਤੋਂ ਪਹਿਲਾਂ ਸਵੇਰੇ ਦਸ ਵਜੇ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸਹੁੰ ਦਿਵਾਈ ਜਾਵੇਗੀ। ਇਧਰ, ਬੀਐੱਨਪੀ ਨੇ ਸੰਸਦ ਭਵਨ ’ਚ ਸਵੇਰੇ ਸਾਢੇ 11 ਵਜੇ ਸੰਸਦੀ ਪਾਰਟੀ ਦੀ ਮੀਟਿੰਗ ਬੁਲਾਈ ਹੈ, ਜਿਸ ਵਿਚ ਨੇਤਾ ਦੀ ਚੋਣ ਕੀਤੀ ਜਾਵੇਗੀ। ਬੀਐੱਨਪੀ ਦੀ ਸਥਾਈ ਕਮੇਟੀ ਦੇ ਮੈਂਬਰ ਸਲਾਹਉਦੀਨ ਅਹਿਮਦ ਨੇ ਕਿਹਾ ਕਿ ਬਹੁਮਤ ਵਾਲੀ ਪਾਰਟੀ ਦੇ ਨੇਤਾ ਦੇ ਤੌਰ ’ਤੇ ਸਾਡੀ ਪਾਰਟੀ ਦੇ ਪ੍ਰਧਾਨ ਤਾਰਿਕ ਰਹਿਮਾਨ ਪ੍ਰਧਾਨ ਮੰਤਰੀ ਬਣਨਗੇ। ਬੀਤੀ 30 ਦਸੰਬਰ ਨੂੰ ਆਪਣੀ ਮਾਂ ਖ਼ਾਲਿਦਾ ਜੀਆ ਦੇ ਦੇਹਾਂਤ ਤੋਂ ਬਾਅਦ ਰਹਿਮਾਨ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਸੀ। ਉਹ ਕਰੀਬ 18 ਸਾਲਾਂ ਬਾਅਦ ਬੀਤੇ ਦਸੰਬਰ ਮਹੀਨੇ ’ਚ ਹੀ ਲੰਡਨ ਤੋਂ ਵਤਨ ਪਰਤੇ ਸਨ, ਜਦਕਿ ਆਖ਼ਰੀ ਵਾਰ ਬੀਐੱਨਪੀ 2001 ਤੋਂ 2006 ਤੱਕ ਸੱਤਾ ’ਚ ਰਹੀ ਸੀ, ਉਦੋਂ ਖ਼ਾਲਿਦਾ ਜੀਆ ਪ੍ਰਧਾਨ ਮੰਤਰੀ ਸੀ।
ਸਹੁੰ ਚੁੱਕ ਸਮਾਰੋਹ ’ਚ ਭਾਰਤ ਦੀ ਅਗਵਾਈ ਕਰਨਗੇ ਓਮ ਬਿਰਲਾ
ਸਹੁੰ ਚੁੱਕ ਸਮਾਰੋਹ ’ਚ ਭਾਰਤ ਦੀ ਅਗਵਾਈ ਲੋਕ ਸਭਾ ਸਪੀਕਰ ਓਮ ਬਿਰਲਾ ਕਰਨਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਤੇ ਲੋਕ ਸਭਾ ਦੇ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਦੇ ਵੀ ਉਨ੍ਹਾਂ ਨਾਲ ਢਾਕਾ ਜਾਣ ਦੀ ਸੰਭਾਵਨਾ ਹੈ। ਮਾਮਲੇ ਨਾਲ ਜੁੜੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਦੋ ਹਿੰਦੂਆਂ ਸਮੇਤ ਚਾਰ ਘੱਟਗਿਣਤੀ ਵੀ ਸੰਸਦ ਪੁੱਜੇ
ਆਮ ਚੋਣਾਂ ’ਚ ਜਿੱਤ ਕੇ ਦੋ ਹਿੰਦੂਆਂ ਸਮੇਤ ਚਾਰ ਘੱਟਗਿਣਤੀ ਵੀ ਸੰਸਦ ਪੁੱਜੇ ਹਨ। ਇਹ ਸਾਰੇ ਬੀਐੱਨਪੀ ਦੀ ਟਿਕਟ ’ਤੇ ਚੋਣਾਂ ਜਿੱਤੇ ਹਨ। ਨਿਤਾਈ ਰਾਏ ਚੌਧਰੀ ਨੇ ਪੱਛਮੀ ਮਾਗੁਰਾ ਸੀਟ ਤੋਂ ਜਿੱਤ ਦਰਜ ਕੀਤੀ ਹੈ। ਦੋਵੇਂ ਹਿੰਦੂਆਂ ਨੇ ਜਮਾਤ-ਏ-ਇਸਲਾਮੀ ਦੇ ਉਮੀਦਵਾਰਾਂ ਨੂੰ ਹਰਾਇਆ। ਤੀਜੇ ਘੱਟਗਿਣਤੀ ਸਚਿੰਗ ਪਰੂ ਹਨ, ਜੋ ਬੁੱਧ ਧਰਮ ਨੂੰ ਮੰਨਦੇ ਹਨ, ਜਦਕਿ ਸੰਸਦ ਪੁੱਜਣ ਵਾਲੇ ਚੌਥੇ ਘੱਟਗਿਣਤੀ ਦੀਪੇਨ ਦੀਵਾਨ ਹਨ। ਹਾਲਾਂਕਿ ਉਨ੍ਹਾਂ ਦੀ ਧਾਰਮਿਕ ਪਛਾਣ ਸਾਫ਼ ਨਹੀਂ ਹੈ ਤੇ ਕਈ ਲੋਕ ਉਨ੍ਹਾਂ ਨੂੰ ਹਿੰਦੂ ਦੱਸਦੇ ਹਨ।