- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਕਰੀਬ 10 ਸਾਲਾਂ ਤੋਂ ਇਹ ਨੌਜਵਾਨ ਕੀਰਤਨੀਏ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਦੇ ਆ ਰਹੇ ਹਨ ਅਤੇ ਭਾਈ ਹੀਰਾ ਸਿੰਘ ਰਾਗੀ ਗੁਰਮਤਿ ਸੰਗੀਤ ਮੁਕਾਬਲੇ ਵਿੱਚ ਨਿਰੰਤਰ ਭਾਗ ਲੈਂਦੇ ਰਹੇ ਹਨ। ਆਪਣੀ ਮਿਹਨਤ, ਸਮਰਪਣ ਅਤੇ ਕਾਬਲੀਅਤ ਦੇ ਸਦਕਾ ਇਨ੍ਹਾਂ ਵਿੱਚੋਂ ਕਈ ਨੌਜਵਾਨ ਸ਼ਹੀਦ ਭਾਈ ਮਨੀ ਸਿੰਘ ਜੀ ਰਾਸ਼ਟਰੀ ਗੁਰਮਤਿ ਸੰਗੀਤ ਮੁਕਾਬਲੇ ਦੇ ਜੇਤੂ ਵੀ ਰਹੇ ਹਨ।

ਤੇਜਿੰਦਰ ਸਿੰਘ ਸਹਿਗਲ, ਸਿਡਨੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ‘ਗੁਰਸ਼ਬਦ ਤਰੰਗ ਰਾਗ ਦਰਬਾਰ’ 19 ਸਤੰਬਰ ਨੂੰ ਰਿਵਸਬੀ ਗੁਰਦੁਆਰਾ ਸਾਹਿਬ ਵਿਖੇ ਸ਼ਾਮ 5:30 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਸਮਾਗਮ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਚੁਣੇ ਗਏ ਨੌਜਵਾਨ ਕੀਰਤਨੀਏ ਗੁਰਬਾਣੀ ਦਾ ਰਾਗਾਂ ਅਨੁਸਾਰ ਕੀਰਤਨ ਪੇਸ਼ ਕਰਨਗੇ।
ਪਿਛਲੇ ਕਰੀਬ 10 ਸਾਲਾਂ ਤੋਂ ਇਹ ਨੌਜਵਾਨ ਕੀਰਤਨੀਏ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਦੇ ਆ ਰਹੇ ਹਨ ਅਤੇ ਭਾਈ ਹੀਰਾ ਸਿੰਘ ਰਾਗੀ ਗੁਰਮਤਿ ਸੰਗੀਤ ਮੁਕਾਬਲੇ ਵਿੱਚ ਨਿਰੰਤਰ ਭਾਗ ਲੈਂਦੇ ਰਹੇ ਹਨ। ਆਪਣੀ ਮਿਹਨਤ, ਸਮਰਪਣ ਅਤੇ ਕਾਬਲੀਅਤ ਦੇ ਸਦਕਾ ਇਨ੍ਹਾਂ ਵਿੱਚੋਂ ਕਈ ਨੌਜਵਾਨ ਸ਼ਹੀਦ ਭਾਈ ਮਨੀ ਸਿੰਘ ਜੀ ਰਾਸ਼ਟਰੀ ਗੁਰਮਤਿ ਸੰਗੀਤ ਮੁਕਾਬਲੇ ਦੇ ਜੇਤੂ ਵੀ ਰਹੇ ਹਨ।
ਇਸ ਸਾਲ ਬ੍ਰਿਸਬੇਨ, ਮੈਲਬੌਰਨ, ਐਡਲੇਡ, ਕੈਨਬਰਾ ਅਤੇ ਸਿਡਨੀ ਤੋਂ ਚੁਣੇ ਗਏ ਉੱਤਮ ਨੌਜਵਾਨ ਕੀਰਤਨੀਆਂ ਨੂੰ ਗੁਰਸ਼ਬਦ ਤਰੰਗ ਰਾਗ ਦਰਬਾਰ ਦੇ ਵਿਸ਼ੇਸ਼ ‘ਗੋਲਡਨ ਸਟੇਜ’ ’ਤੇ ਕੀਰਤਨ ਪੇਸ਼ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਮੰਚ ਦਾ ਉਦੇਸ਼ ਆਸਟ੍ਰੇਲੀਆ ਵਿੱਚ ਜਨਮੇ ਅਤੇ ਵੱਡੇ ਹੋਏ ਨੌਜਵਾਨ ਕੀਰਤਨੀਆਂ ਨੂੰ ਉਤਸ਼ਾਹਿਤ ਅਤੇ ਸਨਮਾਨਿਤ ਕਰਨਾ ਅਤੇ ਹੋਰ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਮਤਿ ਸੰਗੀਤ ਵੱਲ ਪ੍ਰੇਰਿਤ ਕਰਨਾ ਹੈ।
ਗੋਲਡਨ ਸਟੇਜ ਦੀ ਇਸ ਪਹਿਲੀ ਪੇਸ਼ਕਾਰੀ ਦਾ ਮੁੱਖ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਿਰਧਾਰਿਤ ਰਾਗਾਂ ਅਨੁਸਾਰ ਗੁਰਬਾਣੀ ਕੀਰਤਨ ਨੂੰ ਪ੍ਰਚਾਰਿਤ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਸੰਗੀਤ ਦੀ ਅਸਲ ਪਰੰਪਰਾ ਨਾਲ ਜੋੜਨਾ ਹੈ। ਇਸ ਦੇ ਨਾਲ ਗੁਰਬਾਣੀ ਕੀਰਤਨ ਨੂੰ ਫ਼ਿਲਮੀ ਧੁਨਾਂ ਦੀ ਬਜਾਏ ਨਿਰਧਾਰਿਤ ਰਾਗਾਂ ਵਿੱਚ ਗਾਉਣ ਦੀ ਗੁਰਮਤਿ ਪਰੰਪਰਾ ਨੂੰ ਉਤਸ਼ਾਹਿਤ ਕਰਨ ਦਾ ਵੀ ਉਪਰਾਲਾ ਕੀਤਾ ਜਾਵੇਗਾ।
ਸਮਾਗਮ ਵਿੱਚ 10 ਨੌਜਵਾਨ ਕੀਰਤਨੀਏ ਆਪਣੀ ਹਾਜ਼ਰੀ ਲਗਵਾਉਣਗੇ। ਪੋਸਟਰ ਅਨੁਸਾਰ ਇਨ੍ਹਾਂ ਵਿੱਚ ਮਨਰਾਜ ਸਿੰਘ (ਐਡਲੇਡ), ਅਗਮਪ੍ਰੀਤ ਕੌਰ (ਸਿਡਨੀ), ਮਨਤੇਜ ਕੌਰ (ਕੈਨਬਰਾ), ਦਿਲਸ਼ੀਨ ਕੌਰ (ਸਿਡਨੀ), ਜਪਮਨ ਸਿੰਘ (ਸਿਡਨੀ), ਹਰਨੂਰ ਕੌਰ (ਮੈਲਬੌਰਨ), ਜੁਗਨੀਤ ਕੌਰ (ਮੈਲਬੌਰਨ), ਵੀਰਰਾਜ ਸਿੰਘ (ਸਿਡਨੀ) ਅਤੇ ਸੁਖਰੂਪ ਕੌਰ ਸਮੇਤ ਨੌਜਵਾਨ ਕੀਰਤਨੀਏ ਸ਼ਾਮਲ ਹਨ। ਉਨ੍ਹਾਂ ਦੇ ਨਾਲ ਗਿਆਨੀ ਗੁਰਦੇਵ ਸਿੰਘ ਜੀ (ਆਸਟ੍ਰੇਲੀਆ), ਭਾਈ ਜਗਜੀਤ ਸਿੰਘ ਜੀ (ਮੈਲਬੌਰਨ) ਅਤੇ ਭਾਈ ਰਸ਼ਪਾਲ ਸਿੰਘ ਜੀ (ਸਿਡਨੀ) ਵੀ ਕੀਰਤਨ ਦੀ ਸੇਵਾ ਨਿਭਾਉਣਗੇ।
ਪ੍ਰਬੰਧਕਾਂ ਅਨੁਸਾਰ ਇਹ ਉਪਰਾਲਾ ਆਸਟ੍ਰੇਲੀਆ ਵਿੱਚ ਗੁਰਮਤਿ ਸੰਗੀਤ ਦੀ ਅਮੂਲਕ ਵਿਰਾਸਤ ਨੂੰ ਸੰਭਾਲਣ, ਪ੍ਰਚਾਰਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸੰਗਤਾਂ ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਨਵੀਂ ਪੀੜ੍ਹੀ ਦਾ ਗੁਰਬਾਣੀ ਅਤੇ ਰਾਗਮਈ ਕੀਰਤਨ ਪਰੰਪਰਾ ਨਾਲ ਨਾਤਾ ਹੋਰ ਮਜ਼ਬੂਤ ਹੋ ਸਕੇ।