
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੋਵਾਂ ਭਰਾਵਾਂ ਵੱਲੋਂ ਸਾਂਝੇ ਤੌਰ ’ਤੇ ਪੇਸ਼ ਕੀਤੀ ਗਈ ‘ਮਿਰਜ਼ਾ’ ਦੀ ਪੇਸ਼ਕਾਰੀ ਖ਼ਾਸ ਖਿੱਚ ਦਾ ਕੇਂਦਰ ਰਹੀ। ਪੰਜਾਬ ਦੀ ਪ੍ਰਸਿੱਧ ਲੋਕ-ਗਾਥਾ ਨੂੰ ਸੰਗੀਤਕ ਅੰਦਾਜ਼ ਵਿੱਚ ਪੇਸ਼ ਕਰਦਿਆਂ ਉਨ੍ਹਾਂ ਨੇ ਪੰਜਾਬੀ ਲੋਕ-ਵਿਰਸੇ ਦੀ ਅਮੀਰ ਪਰੰਪਰਾ ਨੂੰ ਮੰਚ ’ਤੇ ਜੀਵੰਤ ਕਰ ਦਿੱਤਾ।

ਬ੍ਰਿਸਬੇਨ, ਹਰਪ੍ਰੀਤ ਸਿੰਘ ਕੋਹਲੀ । ‘ਸੱਤਰੰਗੀ ਪੀਂਘ ਆਸਟ੍ਰੇਲੀਆ ਟੂਰ 2026’ ਤਹਿਤ ਪੰਜਾਬੀ ਸੰਗੀਤ ਦੇ ਪ੍ਰਸਿੱਧ ਗਾਇਕ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਵੱਲੋਂ ਪੇਸ਼ ਕੀਤੀ ਗਈ ਸੰਗੀਤਕ ਸ਼ਾਮ ਦਰਸ਼ਕਾਂ ਲਈ ਯਾਦਗਾਰੀ ਹੋ ਨਿਬੜੀ। ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰਾਂ, ਬੱਚਿਆਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਪੰਜਾਬੀ ਸੰਗੀਤ, ਸੱਭਿਆਚਾਰ ਅਤੇ ਵਿਰਸੇ ਪ੍ਰਤੀ ਦਰਸ਼ਕਾਂ ਦੀ ਡੂੰਘੀ ਸਾਂਝ ਸਪੱਸ਼ਟ ਤੌਰ ’ਤੇ ਨਜ਼ਰ ਆਈ।
ਸਮਾਗਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਨਾਲ ਹੋਈ। ਇਸ ਉਪਰੰਤ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਦਰਸ਼ਕਾਂ ਨੂੰ ਪੰਜਾਬ ਦੇ ਸੱਭਿਆਚਾਰਕ ਰੰਗਾਂ ਨਾਲ ਜੋੜਿਆ। ‘ਜੱਗ ਜਿਉਂਦਿਆਂ ਦੇ ਮੇਲੇ’, ‘ਕਲੀ’, ‘ਤਿੰਨ ਰੰਗ ਨਹੀਂ ਮਿਲਣੇ’, ‘ਗੱਲਾਂ ਗੋਰੀਆਂ’, ‘ਹਾਏ ਮੇਰੀ ਬਿੱਲੋ’ ਅਤੇ ‘ਮੇਰਾ ਲੌਂਗ ਗੁਆਚਾ’ ਸਮੇਤ ਕਈ ਲੋਕਪ੍ਰਿਯ ਗੀਤਾਂ ਨੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।
ਦੋਵਾਂ ਭਰਾਵਾਂ ਵੱਲੋਂ ਸਾਂਝੇ ਤੌਰ ’ਤੇ ਪੇਸ਼ ਕੀਤੀ ਗਈ ‘ਮਿਰਜ਼ਾ’ ਦੀ ਪੇਸ਼ਕਾਰੀ ਖ਼ਾਸ ਖਿੱਚ ਦਾ ਕੇਂਦਰ ਰਹੀ। ਪੰਜਾਬ ਦੀ ਪ੍ਰਸਿੱਧ ਲੋਕ-ਗਾਥਾ ਨੂੰ ਸੰਗੀਤਕ ਅੰਦਾਜ਼ ਵਿੱਚ ਪੇਸ਼ ਕਰਦਿਆਂ ਉਨ੍ਹਾਂ ਨੇ ਪੰਜਾਬੀ ਲੋਕ-ਵਿਰਸੇ ਦੀ ਅਮੀਰ ਪਰੰਪਰਾ ਨੂੰ ਮੰਚ ’ਤੇ ਜੀਵੰਤ ਕਰ ਦਿੱਤਾ।
ਇਸ ਤੋਂ ਬਾਅਦ ‘ਤੇਰੀ ਮੇਰੀ ਜੋੜੀ’, ‘ਅੱਖੀਆਂ’, ‘ਭਿੱਜ ਗਈ ਕੁੜਤੀ ਲਾਲ’, ‘ਮੇਰਾ ਪਿੰਡ’, ‘ਕਾਲ ਜਲੰਧਰ ਤੋਂ’, ‘ਸੱਮੀ’ ਅਤੇ ‘ਕੱਚੇ ਕੱਚ ਕੇ ਕੰਗਣ’ ਵਰਗੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਹਰਭਜਨ ਮਾਨ ਦੀ ਸੁਰੀਲੀ ਤੇ ਦਮਦਾਰ ਆਵਾਜ਼ ਅਤੇ ਗੁਰਸੇਵਕ ਮਾਨ ਦੀ ਸੰਗੀਤਕ ਪੇਸ਼ਕਾਰੀ ਨੇ ਮਿਲ ਕੇ ਪੰਜਾਬੀ ਲੋਕ-ਧੁਨਾਂ, ਪਿਆਰ, ਵਿਛੋੜੇ ਅਤੇ ਪਿੰਡਾਂ ਦੀ ਮਿੱਟੀ ਦੀ ਮਹਿਕ ਨੂੰ ਆਸਟ੍ਰੇਲੀਆ ਦੀ ਧਰਤੀ ’ਤੇ ਸਾਕਾਰ ਕਰ ਦਿੱਤਾ। ਦੇਸੀ ਰੋਕਸ ਤੋਂ ਮਨਮੋਹਨ ਸਿੰਘ ਨੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ। ਮੋਹਿੰਦਰ ਰੰਧਾਵਾਂ ਵਲੋਂ ਫ਼ੋਟੋਗ੍ਰਾਫੀ ਕੀਤੀ ਗਈ।
ਸਮਾਗਮ ਦੀ ਖ਼ਾਸ ਗੱਲ ਬੱਚਿਆਂ ਅਤੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਰਹੀ। ਇਸ ਨੇ ਇਹ ਦਰਸਾਇਆ ਕਿ ਵਿਦੇਸ਼ੀ ਧਰਤੀ ’ਤੇ ਪਲ ਰਹੀ ਪੰਜਾਬੀ ਨਵੀਂ ਪੀੜ੍ਹੀ ਵੀ ਆਪਣੀ ਮਾਂ-ਬੋਲੀ, ਸੰਗੀਤ ਅਤੇ ਸੱਭਿਆਚਾਰਕ ਵਿਰਸੇ ਨਾਲ ਮਜ਼ਬੂਤੀ ਨਾਲ ਜੁੜੀ ਹੋਈ ਹੈ। ਕਈ ਮੌਕਿਆਂ ’ਤੇ ਦਰਸ਼ਕਾਂ ਨੇ ਗਾਇਕਾਂ ਨਾਲ ਸੁਰ ਮਿਲਾਉਂਦਿਆਂ ਗੀਤਾਂ ਦਾ ਆਨੰਦ ਮਾਣਿਆ।
ਸਮਾਗਮ ਦੇ ਅੰਤਲੇ ਪੜਾਅ ਵਿੱਚ ‘ਲੋਕ ਬੋਲੀਆਂ’ ਦੀ ਪੇਸ਼ਕਾਰੀ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ। ਦਰਸ਼ਕਾਂ ਨੇ ਤਾੜੀਆਂ ਅਤੇ ਉਤਸ਼ਾਹ ਨਾਲ ਕਲਾਕਾਰਾਂ ਦਾ ਸਾਥ ਦਿੱਤਾ।
‘ਸੱਤਰੰਗੀ ਪੀਂਘ ਆਸਟ੍ਰੇਲੀਆ ਟੂਰ 2026’ ਤਹਿਤ ਬ੍ਰਿਸਬੇਨ ਵਿੱਚ ਹੋਈ ਇਹ ਸੰਗੀਤਕ ਸ਼ਾਮ ਮਹਿਜ਼ ਮਨੋਰੰਜਨ ਦਾ ਸਾਧਨ ਨਹੀਂ ਰਹੀ, ਸਗੋਂ ਪੰਜਾਬੀ ਪਰਿਵਾਰਾਂ ਨੂੰ ਆਪਣੀ ਮਿੱਟੀ, ਮਾਂ-ਬੋਲੀ, ਲੋਕ-ਗਾਥਾਵਾਂ ਅਤੇ ਸੰਗੀਤਕ ਵਿਰਸੇ ਨਾਲ ਜੋੜਨ ਵਾਲਾ ਇੱਕ ਪ੍ਰਭਾਵਸ਼ਾਲੀ ਸੱਭਿਆਚਾਰਕ ਸਮਾਗਮ ਬਣ ਕੇ ਸਾਹਮਣੇ ਆਈ।