ਕੀਵ 'ਤੇ ਰੂਸ ਦਾ ਡਰੋਨ-ਮਿਜ਼ਾਈਲ ਹਮਲਾ : ਬਹੁ-ਮੰਜ਼ਿਲਾ ਇਮਾਰਤਾਂ ਤਬਾਹ, ਹੋਟਲ ਨੂੰ ਲੱਗੀ ਅੱਗ; ਅੱਠ ਦੀ ਮੌਤ
ਗੁਆਂਢੀ ਦੇਸ਼ ਯੂਕਰੇਨ 'ਤੇ ਰੂਸ ਦੇ ਵੱਡੇ ਹਵਾਈ ਹਮਲਿਆਂ ਨੂੰ ਦੇਖਦੇ ਹੋਏ ਪੋਲੈਂਡ ਦੀ ਫੌਜ ਪੂਰੀ ਤਰ੍ਹਾਂ ਅਲਰਟ 'ਤੇ ਸੀ। ਹਾਲਾਂਕਿ, ਸਥਿਤੀ ਨੂੰ ਆਮ ਹੁੰਦਿਆਂ ਦੇਖ ਪੋਲੈਂਡ ਨੇ ਆਪਣੇ ਲੜਾਕੂ ਜਹਾਜ਼ਾਂ ਦੀਆਂ ਸੁਰੱਖਿਆ ਉਡਾਣਾਂ ਨੂੰ ਹੁਣ ਰੋਕ ਦਿੱਤਾ ਹੈ। ਪੋਲੈਂਡ ਦੀ ਹਥਿਆਰਬੰਦ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) 'ਤੇ ਇਸ ਦੀ ਅਧਿਕਾਰਤ ਜਾਣਕਾਰੀ ਦਿੱਤੀ।
Publish Date: Thu, 02 Jul 2026 10:32 AM (IST)
Updated Date: Thu, 02 Jul 2026 11:03 AM (IST)
ਡਿਜੀਟਲ ਡੈਸਕ, ਕੀਵ : ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਜਾਰੀ ਭਿਆਨਕ ਸੰਘਰਸ਼ ਦਿਨ-ਬ-ਦਿਨ ਹੋਰ ਖ਼ਤਰਨਾਕ ਰੂਪ ਲੈਂਦਾ ਜਾ ਰਿਹਾ ਹੈ। ਯੂਕਰੇਨ ਦੇ ਭਿਆਨਕ ਡਰੋਨ ਹਮਲਿਆਂ ਤੋਂ ਬਾਅਦ ਵੀਰਵਾਰ ਤੜਕੇ ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇੱਕ ਵੱਡਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 39 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਰੂਸ ਦੇ ਇਸ ਵੱਡੇ ਹਮਲੇ ਤੋਂ ਬਾਅਦ ਪੂਰੀ ਰਾਜਧਾਨੀ ਧਮਾਕਿਆਂ ਅਤੇ ਅੱਗ ਦੀਆਂ ਲਪਟਾਂ ਨਾਲ ਦਹਿਲ ਉੱਠੀ। ਕਈ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ ਉਨ੍ਹਾਂ ਦੇ ਮਲਬੇ ਹੇਠ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ।
ਰਾਸ਼ਟਰਪਤੀ ਜ਼ੇਲੇਂਸਕੀ ਨੇ ਪਹਿਲਾਂ ਹੀ ਦਿੱਤੀ ਸੀ ਚਿਤਾਵਨੀ
'ਦਿ ਨਿਊਯਾਰਕ ਟਾਈਮਜ਼' ਦੀ ਰਿਪੋਰਟ ਮੁਤਾਬਕ ਇਸ ਹਮਲੇ ਤੋਂ ਕੁਝ ਘੰਟੇ ਪਹਿਲਾਂ ਹੀ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਖੁਫੀਆ ਜਾਣਕਾਰੀ ਦੇ ਹਵਾਲੇ ਨਾਲ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਰੂਸ ਰਾਜਧਾਨੀ 'ਤੇ ਬਹੁਤ ਵੱਡਾ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ, ਇਸ ਲਈ ਲੋਕ ਹਵਾਈ ਹਮਲੇ ਦੇ ਸਾਇਰਨ ਵੱਜਦੇ ਹੀ ਸਾਵਧਾਨ ਹੋ ਜਾਣ।
ਇਸ ਤੋਂ ਬਾਅਦ ਬੁੱਧਵਾਰ ਦੇਰ ਰਾਤ ਜਿਵੇਂ ਹੀ ਸਾਇਰਨ ਗੂੰਜੇ, ਲੋਕ ਆਪਣੀ ਜਾਨ ਬਚਾਉਣ ਲਈ ਆਪਣੇ ਪਾਲਤੂ ਜਾਨਵਰਾਂ ਅਤੇ ਸਲੀਪਿੰਗ ਬੈਗਾਂ ਨਾਲ ਮੈਟਰੋ ਸਟੇਸ਼ਨਾਂ ਅਤੇ ਬੰਕਰਾਂ ਵਿੱਚ ਛਿਪ ਗਏ।
ਦਹਿਲਿਆ ਕੀਵ, 9 ਮੰਜ਼ਿਲਾ ਇਮਾਰਤ ਡਿੱਗੀ
ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 2 ਵਜੇ ਕੀਵ ਵਿੱਚ ਇੱਕ ਤੋਂ ਬਾਅਦ ਇੱਕ ਕਈ ਵੱਡੇ ਧਮਾਕੇ ਹੋਏ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਦੱਸਿਆ ਕਿ ਹਮਲੇ ਕਾਰਨ ਸ਼ਹਿਰ ਵਿਚਕਾਰ ਭਿਆਨਕ ਅੱਗ ਲੱਗ ਗਈ। ਇੱਕ 9 ਮੰਜ਼ਿਲਾ ਰਿਹਾਇਸ਼ੀ ਇਮਾਰਤ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ, ਜਿੱਥੇ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ ਅਤੇ ਬਚਾਅ ਟੀਮ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਹੈ।
ਇਸ ਦੇ ਨਾਲ ਹੀ ਇੱਕ ਹੋਟਲ ਦੀ ਛੱਤ ਅਤੇ ਕਈ ਘਰਾਂ ਨੂੰ ਅੱਗ ਲੱਗ ਗਈ। ਇਸ ਹਮਲੇ ਵਿੱਚ ਫਿਲਹਾਲ ਕਿੰਨੇ ਲੋਕ ਮਾਰੇ ਗਏ ਹਨ, ਇਸ ਦੀ ਸਹੀ ਜਾਣਕਾਰੀ ਨਹੀਂ ਮਿਲੀ ਹੈ ਪਰ ਸ਼ੁਰੂਆਤੀ ਤੌਰ 'ਤੇ 5 ਮੈਡੀਕਲ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਯੂਕਰੇਨ 'ਤੇ ਹਮਲੇ ਤੋਂ ਪੋਲੈਂਡ ਸਤਰਕ
ਰੂਸ ਦੇ ਇਸ ਤਾਜ਼ਾ ਹਮਲੇ ਦੌਰਾਨ ਪੋਲੈਂਡ ਦੀ ਹਵਾਈ ਸਰਹੱਦ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਘੁਸਪੈਠ ਦਰਜ ਨਹੀਂ ਕੀਤੀ ਗਈ ਹੈ, ਯਾਨੀ ਪੋਲੈਂਡ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਗੁਆਂਢੀ ਦੇਸ਼ ਯੂਕਰੇਨ 'ਤੇ ਰੂਸ ਦੇ ਵੱਡੇ ਹਵਾਈ ਹਮਲਿਆਂ ਨੂੰ ਦੇਖਦੇ ਹੋਏ ਪੋਲੈਂਡ ਦੀ ਫੌਜ ਪੂਰੀ ਤਰ੍ਹਾਂ ਅਲਰਟ 'ਤੇ ਸੀ। ਹਾਲਾਂਕਿ, ਸਥਿਤੀ ਨੂੰ ਆਮ ਹੁੰਦਿਆਂ ਦੇਖ ਪੋਲੈਂਡ ਨੇ ਆਪਣੇ ਲੜਾਕੂ ਜਹਾਜ਼ਾਂ ਦੀਆਂ ਸੁਰੱਖਿਆ ਉਡਾਣਾਂ ਨੂੰ ਹੁਣ ਰੋਕ ਦਿੱਤਾ ਹੈ। ਪੋਲੈਂਡ ਦੀ ਹਥਿਆਰਬੰਦ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) 'ਤੇ ਇਸ ਦੀ ਅਧਿਕਾਰਤ ਜਾਣਕਾਰੀ ਦਿੱਤੀ।
ਯੂਕਰੇਨ ਦੇ ਪਲਟਵਾਰ ਤੋਂ ਭੜਕਿਆ ਰੂਸ
ਦੱਸ ਦੇਈਏ ਕਿ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਯੂਕ੍ਰੇਨ ਨੇ ਵੀ ਰੂਸ ਦੇ ਅੰਦਰੂਨੀ ਹਿੱਸਿਆਂ, ਮਾਸਕੋ ਅਤੇ ਕ੍ਰੀਮੀਆ 'ਤੇ ਡਰੋਨ ਹਮਲੇ ਤੇਜ਼ ਕਰ ਦਿੱਤੇ ਹਨ। ਯੂਕ੍ਰੇਨ ਰੂਸ ਦੇ ਫਿਊ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਜ਼ੇਲੇਂਸਕੀ ਨੇ ਕਿਹਾ ਕਿ ਪੁਤਿਨ ਯੁੱਧ ਜਾਰੀ ਰੱਖਣਾ ਚਾਹੁੰਦੇ ਹਨ, ਇਸ ਲਈ ਸਾਨੂੰ ਉਨ੍ਹਾਂ ਦੇ ਸਾਹਮਣੇ ਅਜਿਹੇ ਹਾਲਾਤ ਖੜ੍ਹੇ ਕਰਨੇ ਪੈਣਗੇ ਕਿ ਉਨ੍ਹਾਂ ਲਈ ਯੁੱਧ ਲੜਨਾ ਅਸੰਭਵ ਹੋ ਜਾਵੇ।
ਰੂਸ ਨੇ ਅਮਰੀਕਾ ਨੂੰ ਦਿੱਤੀ ਗੰਭੀਰ ਚਿਤਾਵਨੀ
ਦੂਜੇ ਪਾਸੇ, ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਾਖਾਰੋਵਾ ਨੇ ਅਮਰੀਕਾ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ। ਰੂਸ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਯੂਕਰੇਨ ਨੂੰ ਲਗਾਤਾਰ ਦਿੱਤੇ ਜਾ ਰਹੇ ਹਥਿਆਰਾਂ ਦੇ ਗੰਭੀਰ ਨਤੀਜੇ ਹੋ ਸਕਦੇ ਹਨ, ਜਿਸ ਨਾਲ ਪੂਰੀ ਦੁਨੀਆ ਦੀ ਸ਼ਾਂਤੀ ਖ਼ਤਰੇ ਵਿੱਚ ਪੈ ਸਕਦੀ ਹੈ। ਰੂਸ ਨੇ ਜ਼ੇਲੇਂਸਕੀ ਨੂੰ 'ਅੱਤਵਾਦੀ ਸੋਚ' ਵਾਲਾ ਆਗੂ ਵੀ ਕਰਾਰ ਦਿੱਤਾ ਹੈ।