- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਰਪੀਅਨ ਯੂਨੀਅਨ ਅਤੇ ਨਾਟੋ ਦੇ ਮੈਂਬਰ ਗੁਆਂਢੀ ਦੇਸ਼ ਪੋਲੈਂਡ ਨੇ ਸੋਮਵਾਰ ਨੂੰ ਆਪਣੇ ਹਵਾਈ ਖੇਤਰ ਵਿੱਚ ਰੂਸੀ ਘੁਸਪੈਠ ਦੇ ਖ਼ਦਸ਼ੇ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਸਨ। ਹਾਲਾਂਕਿ, ਬਾਅਦ ਵਿੱਚ ਪੋਲਿਸ਼ ਫੌਜ ਨੇ 'X' ’ਤੇ ਜਾਣਕਾਰੀ ਦਿੱਤੀ

ਡਿਜੀਟਲ ਡੈਸਕ, ਕੀਵ : ਪਿਛਲੇ ਤਿੰਨ ਸਾਲਾਂ ਤੋਂ ਜਾਰੀ ਰੂਸ-ਯੂਕਰੇਨ ਜੰਗ ਨੇ ਇੱਕ ਵਾਰ ਫਿਰ ਭਿਆਨਕ ਰੂਪ ਧਾਰਨ ਕਰ ਲਿਆ ਹੈ। ਸੋਮਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਥਾਵਾਂ ’ਤੇ ਰੂਸ ਨੇ ਭਿਆਨਕ ਹਵਾਈ ਹਮਲਾ ਕੀਤਾ। ਇਸ ਏਅਰਸਟ੍ਰਾਈਕ ਵਿੱਚ 5 ਬਚਾਅ ਕਰਮਚਾਰੀਆਂ ਸਮੇਤ ਕੁੱਲ 9 ਲੋਕਾਂ ਦੀ ਮੌਤ ਹੋ ਗਈ।
ਰੂਸ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਵ ਦਾ ਇਤਿਹਾਸਕ ਅਤੇ ਅਧਿਆਤਮਿਕ ਪ੍ਰਤੀਕ 'ਕੀਵ ਪੇਚੇਰਸਕ ਲਾਵਰਾ' ਸਿੱਧਾ ਹਮਲੇ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ।
ਕੀਵ ਪੇਚੇਰਸਕ ਲਾਵਰਾ ਮੱਠ ਨੂੰ ਭਾਰੀ ਨੁਕਸਾਨ
ਰਾਜਧਾਨੀ ਕੀਵ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਤਿਮੁਰ ਤਕਾਚੈਂਕੋ ਨੇ ਇੱਕ ਟੈਲੀਗ੍ਰਾਮ ਪੋਸਟ ਵਿੱਚ ਜਾਣਕਾਰੀ ਦਿੱਤੀ ਕਿ ਸਾਲ 1051 ਵਿੱਚ ਸਥਾਪਿਤ ਅਤੇ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ 'ਕੀਵ ਪੇਚੇਰਸਕ ਲਾਵਰਾ' ਮੱਠ ਸਿੱਧੇ ਹਮਲੇ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
ਇਸ ਹਮਲੇ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਯੂਕਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਸਵਿਰੀਦੈਂਕੋ ਨੇ 'X' ’ਤੇ ਲਿਖਿਆ, "ਇਹ ਸਾਡੇ ਲੋਕਾਂ ਅਤੇ ਸਾਡੀ ਇਤਿਹਾਸਕ ਵਿਰਾਸਤ ’ਤੇ ਇੱਕ ਬੇਰਹਿਮ ਹਮਲਾ ਹੈ। ਇਹੀ ਰੂਸ ਦੇ ਆਰਥੋਡਾਕਸ ਕਦਰਾਂ-ਕੀਮਤਾਂ ਦਾ ਅਸਲੀ ਚਿਹਰਾ ਹੈ।"
ਬੰਕਰਾਂ 'ਚ ਲਈ ਸ਼ਰਨ
ਮੱਠ ਵਿੱਚੋਂ ਉੱਠਦੀਆਂ ਭਿਆਨਕ ਅਤੇ ਉੱਚੀਆਂ ਲਪਟਾਂ ਨੂੰ ਦੇਖ ਕੇ ਸਥਾਨਕ ਨਿਵਾਸੀਆਂ ਨੇ ਜ਼ਮੀਨ ਦੇ ਹੇਠਾਂ ਬਣੇ ਬੰਕਰਾਂ ਵਿੱਚ ਸ਼ਰਨ ਲਈ। ਜੂਨ ਦੀ ਸ਼ੁਰੂਆਤ ਤੋਂ ਬਾਅਦ ਯੂਕਰੇਨ ’ਤੇ ਰੂਸ ਦਾ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਹਵਾਈ ਹਮਲਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜੂਨ ਦੇ ਪਹਿਲੇ ਹਫ਼ਤੇ ਹੋਏ ਡ੍ਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ 20 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
ਇਹ ਨਵਾਂ ਹਮਲਾ ਉਸ ਵੇਲੇ ਹੋਇਆ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਿਰ ਜ਼ੇਲੇਂਸਕੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ ਹੈ ਅਤੇ ਇਸ ਹਫ਼ਤੇ ਫਰਾਂਸ ਵਿੱਚ ਹੋਣ ਵਾਲੀ G7 ਬੈਠਕ ਤੋਂ ਪਹਿਲਾਂ ਚਾਰ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਸ ਸੰਘਰਸ਼ ਨੂੰ ਖ਼ਤਮ ਕਰਨ ਦੇ ਯਤਨਾਂ ’ਤੇ ਚਰਚਾ ਕੀਤੀ ਹੈ।
1 ਲੱਖ 40 ਹਜ਼ਾਰ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ
ਕੀਵ ਅਧਿਕਾਰੀਆਂ ਅਨੁਸਾਰ ਰੂਸ ਵੱਲੋਂ ਕੀਤੇ ਗਏ ਇਸ ਭਿਆਨਕ ਹਮਲੇ ਦੌਰਾਨ ਕਈ ਰਿਹਾਇਸ਼ੀ ਇਮਾਰਤਾਂ, ਬਾਜ਼ਾਰਾਂ ਅਤੇ ਨਾਗਰਿਕ ਟਿਕਾਣਿਆਂ ਨੂੰ ਨੁਕਸਾਨ ਪਹੁੰਚਿਆ ਹੈ। ਹਮਲਿਆਂ ਕਾਰਨ ਕਈ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ ਕਰੀਬ 1 ਲੱਖ 40 ਹਜ਼ਾਰ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ।
ਹੋਰ ਕੀ ਕਰਨਾ ਬਾਕੀ ਰਹਿ ਗਿਆ ਹੈ
ਯੂਕਰੇਨ ਦੇ ਆਰਥੋਡਾਕਸ ਚਰਚ ਦੇ ਮੁਖੀ, ਮੈਟਰੋਪੋਲੀਟਨ ਐਪੀਫੈਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' ’ਤੇ ਤਿੱਖਾ ਰੁਖ ਅਪਣਾਉਂਦੇ ਹੋਏ ਕਿਹਾ, "ਕ੍ਰੇਮਲਿਨ ਦੇ ਉਸ 'ਐਂਟੀਕ੍ਰਾਈਸਟ' ਨੂੰ ਹੋਰ ਕੀ ਕਰਨਾ ਬਾਕੀ ਰਹਿ ਗਿਆ ਹੈ ਤਾਂ ਜੋ ਦੁਨੀਆ ਇਹ ਸਮਝ ਸਕੇ ਕਿ ਹੁਣ ਫੈਸਲਾਕੁੰਨ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ? ਯੂਕਰੇਨ ਖ਼ਿਲਾਫ਼ ਰੂਸੀ ਅੱਤਵਾਦ ਅਤੇ ਸ਼ਾਂਤੀ ਦੇ ਬੁਨਿਆਦੀ ਸਿਧਾਂਤਾਂ ’ਤੇ ਹੋ ਰਹੇ ਇਨ੍ਹਾਂ ਹਮਲਿਆਂ ਦਾ ਅੰਤ ਹੋਣਾ ਹੀ ਚਾਹੀਦਾ ਹੈ।"
ਇਸ ਦੌਰਾਨ, ਯੂਰਪੀਅਨ ਯੂਨੀਅਨ ਅਤੇ ਨਾਟੋ ਦੇ ਮੈਂਬਰ ਗੁਆਂਢੀ ਦੇਸ਼ ਪੋਲੈਂਡ ਨੇ ਸੋਮਵਾਰ ਨੂੰ ਆਪਣੇ ਹਵਾਈ ਖੇਤਰ ਵਿੱਚ ਰੂਸੀ ਘੁਸਪੈਠ ਦੇ ਖ਼ਦਸ਼ੇ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਸਨ। ਹਾਲਾਂਕਿ, ਬਾਅਦ ਵਿੱਚ ਪੋਲਿਸ਼ ਫੌਜ ਨੇ 'X' ’ਤੇ ਜਾਣਕਾਰੀ ਦਿੱਤੀ ਕਿ ਹਵਾਈ ਖੇਤਰ ਦੀ ਉਲੰਘਣਾ ਦੀ ਕੋਈ ਘਟਨਾ ਨਹੀਂ ਹੋਈ, ਜਿਸ ਤੋਂ ਬਾਅਦ ਅਲਰਟ ਵਾਪਸ ਲੈ ਲਿਆ ਗਿਆ।
ਅੰਤਰਰਾਸ਼ਟਰੀ ਮੰਚਾਂ ’ਤੇ ਜਾਣ ਦੀ ਤਿਆਰੀ
ਮੱਠ ’ਤੇ ਹੋਏ ਭਿਆਨਕ ਹਮਲੇ ਨੂੰ ਲੈ ਕੇ ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਨੇ ਕਿਹਾ ਕਿ ਇਸ ਬਰਬਰਤਾਪੂਰਨ ਕਾਰੇ ਖ਼ਿਲਾਫ਼ ਤੁਰੰਤ ਅਤੇ ਉਚਿਤ ਗਲੋਬਲ ਪ੍ਰਤੀਕਿਰਿਆ ਯਕੀਨੀ ਬਣਾਉਣ ਲਈ ਯੂਕਰੇਨ ਜਲਦੀ ਹੀ ਯੂਨੈਸਕੋ ਅਤੇ ਹੋਰ ਅੰਤਰਰਾਸ਼ਟਰੀ ਮੰਚਾਂ ਦਾ ਦਰਵਾਜ਼ਾ ਖੜਕਾਏਗਾ। ਦੂਜੇ ਪਾਸੇ, ਐਸਟੋਨੀਆ ਦੇ ਵਿਦੇਸ਼ ਮੰਤਰੀ ਮਾਰਗਸ ਤਸਾਹਕਨਾ ਨੇ ਵੀ ਇਨ੍ਹਾਂ ਰੂਸੀ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਯੂਕਰੇਨੀ ਇਲਾਕਿਆਂ ਤੇ ਮੱਧ ਰੂਸ 'ਚ ਗੋਲਾਬਾਰੀ ਜਾਰੀ
ਸੋਮਵਾਰ ਤੜਕੇ ਯੂਕਰੇਨ ਦੇ ਇੱਕ ਵੱਡੇ ਹਿੱਸੇ ਵਿੱਚ ਹਵਾਈ ਹਮਲੇ ਦੇ ਸਾਇਰਨ ਗੂੰਜਦੇ ਰਹੇ। ਦੋਵਾਂ ਦੇਸ਼ਾਂ ਵੱਲੋਂ ਇੱਕ-ਦੂਜੇ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਰੂਸ ਦੇ ਅਸਮਾਨ ਵਿੱਚ ਯੂਕਰੇਨੀ ਡ੍ਰੋਨਾਂ ਨੂੰ ਖਦੇੜਿਆ ਗਿਆ।
ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਇਹੋਰ ਕਲੀਮੈਂਕੋ ਨੇ ਟੈਲੀਗ੍ਰਾਮ ’ਤੇ ਦੱਸਿਆ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਰੂਸ ਵੱਲੋਂ ਕੀਤੇ ਗਏ ਇੱਕ ਹੋਰ ਹਮਲੇ ਵਿੱਚ ਐਮਰਜੈਂਸੀ ਸੇਵਾਵਾਂ ਦੇ 5 ਬਚਾਅ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 5 ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ, ਸਥਾਨਕ ਅਧਿਕਾਰੀਆਂ ਅਨੁਸਾਰ ਸੁਮੀ ਇਲਾਕੇ ਵਿੱਚ ਵੀ ਇੱਕ ਬੱਚੇ ਸਮੇਤ 3 ਲੋਕ ਜ਼ਖਮੀ ਹੋਏ ਹਨ।
ਹਾਲਾਂਕਿ, ਰੂਸ ਅਤੇ ਯੂਕਰੇਨ ਦੋਵੇਂ ਹੀ ਨਾਗਰਿਕ ਟਿਕਾਣਿਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹਨ। ਨਿਊਜ਼ ਏਜੰਸੀ ਰਾਇਟਰਜ਼ ਨੇ ਸਪਸ਼ਟ ਕੀਤਾ ਹੈ ਕਿ ਉਹ ਸੁਤੰਤਰ ਤੌਰ ’ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦੀ।