- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲ ਹੀ ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਆਦੇਸ਼ ’ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਸਰਕਾਰ ਨੂੰ ਏਆਈ ਸਿਸਟਮ ਨੂੰ ਜਨਤਾ ਲਈ ਜਾਰੀ ਕਰਨ ਤੋਂ ਪਹਿਲਾਂ ਇਕ ਮਹੀਨੇ ਤੱਕ ਉਸ ਦੀ ਸੁਰੱਖਿਆ ਦੀ ਜਾਂਚ ਕਰਨ ਦਾ ਅਧਿਕਾਰ ਮਿਲਿਆ ਹੈ। ਹਾਲਾਂਕਿ, ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਹੈਕਿੰਗ ਦੀ ਇਹ ਘਟਨਾ ਨਵੀਂ ਤਕਨੀਕ ਨੂੰ ਬਿਹਤਰ ਬਣਾਉਣ ਦਾ ਇਕ ਹਿੱਸਾ ਹੈ ਤੇ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

ਨਿਊਯਾਰਕ, (ਏਪੀ) : ਹਾਲੇ ਤੱਕ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਏਆਈ ਕਿੰਨਾ ਵੀ ਸਮਾਰਟ ਕਿਉਂ ਨਾ ਹੋ ਜਾਵੇ ਪਰ ਇਹ ਮਨੁੱਖ ਦੇ ਕੰਟਰੋਲ ’ਚ ਰਹੇਗਾ। ਇਹ ਸਾਡੀ ਕਮਾਂਡ ’ਤੇ ਹੀ ਕੰਮ ਕਰੇਗਾ। ਪਰ ਹਾਲ ਹੀ ਵਿਚ ਕੁਝ ਇਸ ਤਰ੍ਹਾਂ ਹੋਇਆ ਹੈ ਜਿਹੜਾ ਕਿਸੇ ਸਾਇੰਸ ਫਿਕਸ਼ਨ ਵਰਗਾ ਲੱਗਦਾ ਹੈ। ਡਿਜੀਟਲ ਕਮਜ਼ੋਰੀਆਂ ਦੀ ਜਾਂਚ ਲਈ ਸਿਖਲਾਈ ਪ੍ਰਾਪਤ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਇਨਸਾਨੀ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਉਸ ਨੇ ਖ਼ੁਦ ਹੀ ਇਕ ਕੰਪਨੀ ਨੂੰ ਹੈਕ ਕਰ ਲਿਆ। ਓਪਨ ਏਆਈ ਦੇ ਏਆਈ ਮਾਡਲ ਨੇ ਇਹ ਹਮਲਾ ਕੀਤਾ ਹੈ। ਕੰਪਨੀ ਨੇ ਇਸ ਦੇ ਲਈ ਬੇਕਾਬੂ ਏਆਈ ਮਾਡਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਘਟਨਾ ਦੱਸਦੀ ਹੈ ਕਿ ਏਆਈ ਤਕਨੀਕ ਦੀਆਂ ਸਮਰੱਥਾਵਾਂ ਕਿੰਨੀਆਂ ਵਧ ਚੁੱਕੀਆਂ ਹਨ ਤੇ ਇਹ ਕਿਵੇਂ ਵੱਡੇ ਪੱਧਰ ’ਤੇ ਤਬਾਹੀ ਮਚਾ ਸਕਦੀ ਹੈ। ਓਪਨ ਏਆਈ ਨੇ ਇਸ ਨੂੰ ਵੱਡਾ ਮਾਮਲਾ ਕਰਾਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਐਡਵਾਂਸ ਏਆਈ ਮਾਡਲ ਨੇ ਇਕ ਏਆਈ ਸਟਾਰਟਅੱਪ ਦੇ ਸਰਵਰ ’ਚ ਵੜਨ ਲਈ ਚੋਰੀ ਕੀਤੇ ਗਏ ਲਾਗਇਨ ਪਾਸਵਰਡ ਦਾ ਇਸਤੇਮਾਲ ਕੀਤਾ।
ਇਸ ਘਟਨਾ ਤੋਂ ਬਾਅਦ ਖੋਜਕਰਤਾਵਾਂ ਨੂੰ ਏਆਈ ਤਕਨੀਕ ਦੀਆਂ ਵਧਦੀਆਂ ਸਮਰੱਥਾਵਾਂ ’ਤੇ ਸਵਾਲ ਚੁੱਕਣ ਦਾ ਮੌਕਾ ਮਿਲ ਗਿਆ ਹੈ। ਖੋਜਕਰਤਾ ਪਹਿਲਾਂ ਤੋਂ ਹੀ ਏਆਈ ਦੇ ਵਿਕਾਸ ਨੂੰ ਹੌਲੀ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਸਾਲਾਂ ਪਹਿਲਾਂ ਖ਼ਬਰਦਾਰ ਕੀਤਾ ਸੀ ਕਿ ਇਹ ਤਕਨੀਕ ਮਨੁੱਖੀ ਹੋਂਦ ਲਈ ਖ਼ਤਰਾ ਬਣ ਸਕਦੀ ਹੈ। ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਮਾਹਿਰਾਂ ਨੇ ਏਆਈ ਕੰਪਨੀਆਂ ਵੱਲੋਂ ਕੀਤੀ ਜਾਣ ਵਾਲੀ ਜਾਂਚ ਨੂੰ ਬਿਹਤਰ ਬਣਾਉਣ ਤੇ ਸਾਂਝੇ ਹੱਲ ਲਈ ਅਮਰੀਕਾ ਤੇ ਚੀਨ ਵਿਚਾਲੇ ਗੱਲਬਾਤ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਇਫ ਐਨੀ ਵਨ ਬਿਲਡਜ਼ ਇਟ, ਐਵਰੀ ਵਨ ਡਾਈਜ਼, ਕਿਤਾਬ ਦੇ ਸਹਿ ਲੇਖਕ ਨਾਟੋ ਸੋਰੇਸ ਨੇ ਕਿਹਾ ਕਿ ਸਾਨੂੰ ਇਸ ਨੂੰ ਚਿਤਾਵਨੀ ਵਾਂਗ ਲੈਣਾ ਚਾਹੀਦਾ ਹੈ ਤੇ ਏਆਈ ਨੂੰ ਹੋਰ ਜ਼ਿਆਦਾ ਸਮਝਦਾਰ ਨਹੀਂ ਬਣਾਉਣਾ ਚਾਹੀਦਾ। ਇਸ ਦੇ ਲਈ ਤਮਾਮ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।
ਓਪਨ ਏਆਈ ਨੇ ਕਿਹਾ ਕਿ ਉਸ ਨੇ ਏਆਈ ਨੂੰ ਸਿਰਫ਼ ਸਾਈਬਰ ਸੁਰੱਖਿਆ ਦੀ ਸਮਰੱਥਾ ਜਾਂਚਣ ਦਾ ਕੰਮ ਦਿੱਤਾ ਸੀ। ਪਰ ਏਆਈ ਬਹੁਤ ਅੱਗੇ ਨਿਕਲ ਗਿਆ। ਉਸ ਨੇ ਆਪਣਾ ਕੰਮ ਪੂਰਾ ਕਰਨ ਲਈ ਜ਼ਰੂਰੀ ਜਾਣਕਾਰੀ ਇਕੱਠੀ ਕਰਨ ਲਈ ਆਪਣੀ ਮਰਜ਼ੀ ਨਾਲ ਹਾਗਿੰਗ ਫੇਸ ਨਾਂ ਦੀ ਇਕ ਮਸ਼ਹੂਰ ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਉਸ ਸਮੇਂ ਸੁਰੱਖਿਆ ਉਪਾਅ ਥੋੜ੍ਹੇ ਢਿੱਲੇ ਸਨ। ਗਵਰਨੈਂਸ ਪਲੇਟਫਾਰਮ ਆਈ ਜੈਨੇਟਿਕ ਏਆਈ ਕੰਪਨੀ ਦੀ ਸੀਈਓ ਜ਼ਹਿਰਾ ਤਿਮਸਾਹ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਓਪਨ ਏਆਈ ਤੇ ਬਾਕੀ ਕੰਪਨੀਆਂ ’ਤੇ ਦਬਾਅ ਵਧੇਗਾ ਤਾਂ ਕਿ ਏਆਈ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਨਾਲ ਜਾਂਚ ਕਰਨ। ਉਨ੍ਹਾਂ ਕਿਹਾ ਕਿ ਏਆਈ ਦੇ ਕੁਝ ਗ਼ਲਤ ਕਰਨ ਤੋਂ ਬਾਅਦ ਜਾਂਚ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ।
ਹਾਲ ਹੀ ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਆਦੇਸ਼ ’ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਸਰਕਾਰ ਨੂੰ ਏਆਈ ਸਿਸਟਮ ਨੂੰ ਜਨਤਾ ਲਈ ਜਾਰੀ ਕਰਨ ਤੋਂ ਪਹਿਲਾਂ ਇਕ ਮਹੀਨੇ ਤੱਕ ਉਸ ਦੀ ਸੁਰੱਖਿਆ ਦੀ ਜਾਂਚ ਕਰਨ ਦਾ ਅਧਿਕਾਰ ਮਿਲਿਆ ਹੈ। ਹਾਲਾਂਕਿ, ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਹੈਕਿੰਗ ਦੀ ਇਹ ਘਟਨਾ ਨਵੀਂ ਤਕਨੀਕ ਨੂੰ ਬਿਹਤਰ ਬਣਾਉਣ ਦਾ ਇਕ ਹਿੱਸਾ ਹੈ ਤੇ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
ਕਾਰਨੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਜੌਨ ਥਿਕਸਟਨ ਨੇ ਕਿਹਾ ਕਿ ਜਦੋਂ ਤੋਂ ਇੰਟਰਨੈੱਟ ਬਣਿਆ ਹੈ, ਤਦ ਤੋਂ ਸਾਈਬਰ ਹਮਲੇ ਹੋ ਰਹੇ ਹਨ। ਭਾਸ਼ਾ ਸਿੱਖਣ ਵਾਲੇ ਇਨ੍ਹਾਂ ਏਆਈ ਮਾਡਲਾਂ ਦੀ ਚੰਗੀ ਗੱਲ ਇਹ ਹੈ ਕਿ ਜਿਹੜੀ ਤਕਨੀਕ ’ਤੇ ਹਮਲਾ ਕਰਨ ’ਚ ਮਦਦ ਕਰਦੀ ਹੈ, ਉਹੀ ਤਕਨੀਕ ਹਮਲਿਆਂ ਨੂੰ ਰੋਕਣ ਤੇ ਸੁਰੱਖਿਆ ਮਜ਼ਬੂਤ ਕਰਨ ’ਚ ਵੀ ਕੰਮ ਆਉਂਦੀ ਹੈ। ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਓਪਨ ਏਆਈ ਜਾਣਬੁੱਝ ਕੇ ਅਜਿਹੀਆਂ ਖ਼ਬਰਾਂ ਫੈਲਾਉਂਦਾ ਹੈ ਤਾਂ ਜੋ ਲੋਕ ਉਸ ਦੀ ਤਕਨੀਕ ਨੂੰ ਬਹੁਤ ਤਾਕਤਵਰ ਤੇ ਖ਼ਤਰਨਾਕ ਸਮਝੇ। ਟੈਸਟਿੰਗ ਦੌਰਾਨ ਓਪਨ ਏਆਈ ਦੇ ਮੁਲਾਜ਼ਮਾਂ ਨੇ ਹੀ ਸੁਰੱਖਿਆ ਉਪਾਅ ਬੰਦ ਕੀਤੇ ਸਨ, ਇਸ ਲਈ ਅਜਿਹਾ ਹੋਣਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਸੀ।