- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਝ ਇਲਾਕਿਆਂ ਵਿੱਚ ਤਾਪਮਾਨ ਘਟਣ ਦੇ ਬਾਵਜੂਦ, ਫਰਾਂਸ ਦੇ ਹਸਪਤਾਲਾਂ ਵਿੱਚ ਗਰਮੀ ਨਾਲ ਜੁੜੀ ਐਮਰਜੈਂਸੀ ਵਰਗੀ ਸਥਿਤੀ ਬਣੀ ਹੋਈ ਹੈ। ਸ਼ਨੀਵਾਰ ਨੂੰ ਪੈਰਿਸ ਅਤੇ 36 ਹੋਰ ਇਲਾਕਿਆਂ ਵਿੱਚ ਸਭ ਤੋਂ ਵੱਧ ਗਰਮੀ ਦਾ ਅਲਰਟ ਜਾਰੀ ਰਿਹਾ।

ਡਿਜੀਟਲ ਡੈਸਕ, ਪੈਰਿਸ/ਬਰਲਿਨ : ਯੂਰਪ ਇੰਨੀਂ ਦਿਨੀਂ ਭਿਅੰਕਰ ਗਰਮੀ ਦੀ ਲਪੇਟ ਵਿੱਚ ਹੈ। ਹੁਣ ਇਸ ਦੀ ਮਾਰ ਇੱਥੋਂ ਦੇ ਬੁਨਿਆਦੀ ਢਾਂਚੇ 'ਤੇ ਵੀ ਪੈਣੀ ਸ਼ੁਰੂ ਹੋ ਗਈ ਹੈ। ਪੂਰੇ ਮਹਾਂਦੀਪ ਵਿੱਚ ਰਿਕਾਰਡ-ਤੋੜ ਤਾਪਮਾਨ ਦੇ ਕਾਰਨ ਸੜਕਾਂ ਪਿਘਲ ਰਹੀਆਂ ਹਨ, ਟਰਾਮ ਦੀਆਂ ਪਟੜੀਆਂ ਵਿੰਗੀਆਂ-ਟੇਢੀਆਂ ਹੋ ਰਹੀਆਂ ਹਨ ਅਤੇ ਟ੍ਰਾਂਸਪੋਰਟ ਨੈੱਟਵਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਇਸ ਖ਼ਰਾਬ ਮੌਸਮ ਨੇ ਹਾਈਵੇਅਜ਼ ਨੂੰ ਨੁਕਸਾਨ ਪਹੁੰਚਾਇਆ ਹੈ, ਰੇਲਗੱਡੀਆਂ ਵਿੱਚ ਦੇਰੀ ਹੋਈ ਹੈ, ਪਾਵਰ ਗ੍ਰਿੱਡਾਂ 'ਤੇ ਦਬਾਅ ਵਧਿਆ ਹੈ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਵਧ ਗਈ ਹੈ। ਇੰਨਾ ਹੀ ਨਹੀਂ, ਕਈ ਦੇਸ਼ਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ।
ਪੂਰੇ ਯੂਰਪ 'ਚ ਤਾਪਮਾਨ ਨੇ ਤੋੜੇ ਰਿਕਾਰਡ
ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਪੱਛਮੀ ਯੂਰਪ ਵਿੱਚ ਭਿਅੰਕਰ ਗਰਮੀ ਦਾ ਅਸਰ ਦੇਖਣ ਨੂੰ ਮਿਲਿਆ, ਜੋ ਵੀਕੈਂਡ ਤੱਕ ਮੱਧ ਅਤੇ ਪੂਰਬੀ ਯੂਰਪ ਤੱਕ ਫੈਲ ਗਿਆ। ਪੂਰੇ ਮਹਾਂਦੀਪ ਵਿੱਚ ਤਾਪਮਾਨ ਦੇ ਪੁਰਾਣੇ ਰਿਕਾਰਡ ਟੁੱਟ ਗਏ। ਡੈਨਮਾਰਕ ਵਿੱਚ 1874 ਤੋਂ ਰਿਕਾਰਡ ਰੱਖੇ ਜਾਣ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਆਰਹੂਸ ਦੇ ਉੱਤਰ ਵਿੱਚ ਸਥਿਤ ਓਡੁਮ ਵਿੱਚ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਸਵਿਟਜ਼ਰਲੈਂਡ ਦੇ ਬਾਸੇਲ ਵਿੱਚ ਤਾਪਮਾਨ ਦਾ ਰਿਕਾਰਡ 38.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਚੈੱਕ ਗਣਰਾਜ ਦੇ ਡੋਕਸਾਨੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 40.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ। ਬ੍ਰਿਟੇਨ ਵਿੱਚ ਸ਼ੁੱਕਰਵਾਰ ਦਾ ਦਿਨ ਜੂਨ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ। ਉੱਥੇ ਤਾਪਮਾਨ 37.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਿਸ ਨੇ 1976 ਤੋਂ ਚੱਲੇ ਆ ਰਹੇ ਰਿਕਾਰਡ ਨੂੰ ਤੋੜ ਦਿੱਤਾ।
ਸੜਕਾਂ 'ਚ ਤਰੇੜਾਂ, ਰੇਲ ਸੇਵਾਵਾਂ ਪ੍ਰਭਾਵਿਤ
ਜਰਮਨੀ ਦੇ ਟ੍ਰਾਂਸਪੋਰਟ ਨੈੱਟਵਰਕ 'ਤੇ ਇਸ ਭਿਅੰਕਰ ਗਰਮੀ ਦਾ ਬਹੁਤ ਬੁਰਾ ਅਸਰ ਪਿਆ। ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਣ 'ਤੇ ਬਰਲਿਨ ਦੇ ਬਾਹਰ ਏ2 ਮੋਟਰਵੇਅ 'ਤੇ ਕੰਕਰੀਟ ਦੇ ਸਲੈਬ ਗਰਮੀ ਕਾਰਨ ਫਟ ਗਏ, ਜਿਸ ਨਾਲ ਆਟੋਬਾਨ ਦੇ ਕੁਝ ਹਿੱਸੇ ਖ਼ਰਾਬ ਹੋ ਗਏ ਅਤੇ ਸੜਕਾਂ ਨੂੰ ਬੰਦ ਕਰਨਾ ਪਿਆ। ਹੋਰ ਹਾਈਵੇਅਜ਼ ਤੋਂ ਵੀ ਗਰਮੀ ਕਾਰਨ ਨੁਕਸਾਨ ਹੋਣ ਦੀਆਂ ਖ਼ਬਰਾਂ ਆਈਆਂ ਹਨ।
ਉੱਥੇ ਹੀ, 'ਫਰਾਂਸ 24' ਦੀ ਰਿਪੋਰਟ ਮੁਤਾਬਕ, ਫਰਾਂਸ ਵਿੱਚ ਭਿਅੰਕਰ ਗਰਮੀ ਦੀ ਲਹਿਰ ਨੇ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੜਕਾਂ ਦੇ ਪਿਘਲਣ, ਬਿਜਲੀ ਗੁੱਲ ਹੋਣ ਅਤੇ ਟ੍ਰੇਨਾਂ ਦੇ ਦੇਰੀ ਨਾਲ ਚੱਲਣ ਵਰਗੀਆਂ ਘਟਨਾਵਾਂ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਸਰਕਾਰੀ ਬਿਜਲੀ ਕੰਪਨੀ ਈਡੀਐੱਫ (EDF) ਨੇ ਦੱਸਿਆ ਕਿ ਭਿਅੰਕਰ ਗਰਮੀ ਕਾਰਨ ਕੂਲਿੰਗ ਪ੍ਰਕਿਰਿਆ 'ਤੇ ਅਸਰ ਪੈਣ ਕਰਕੇ ਉਸ ਨੇ ਆਪਣੇ ਕੁਝ ਨਿਊਕਲੀਅਰ ਪਾਵਰ ਪਲਾਂਟਾਂ ਵਿੱਚ ਬਿਜਲੀ ਦਾ ਉਤਪਾਦਨ ਘਟਾ ਦਿੱਤਾ ਹੈ, ਪਰ ਨਾਲ ਹੀ ਇਹ ਵੀ ਕਿਹਾ ਕਿ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਉਨ੍ਹਾਂ ਕੋਲ ਅਜੇ ਵੀ ਲੋੜੀਂਦੀ ਸਮਰੱਥਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼
ਰੇਲ ਆਪਰੇਟਰ 'ਡਿਊਸ਼ ਬਾਨ' ਨੇ ਵੀਕੈਂਡ 'ਤੇ ਟ੍ਰੇਨ ਰਾਹੀਂ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਅਤੇ ਚੇਤਾਵਨੀ ਦਿੱਤੀ ਕਿ ਰਿਕਾਰਡ-ਤੋੜ ਤਾਪਮਾਨ ਕਾਰਨ ਜਰਮਨੀ ਦਾ ਟ੍ਰਾਂਸਪੋਰਟ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ, ਇੰਟਰਨੈੱਟ 'ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿੱਚ ਭਿਅੰਕਰ ਗਰਮੀ ਕਾਰਨ ਸੜਕਾਂ ਟੇਢੀਆਂ-ਮੇਢੀਆਂ ਹੁੰਦੀਆਂ ਦਿਖਾਈ ਦਿੱਤੀਆਂ, ਜਿਸ ਤੋਂ ਯੂਰਪ ਦੇ ਇੰਫਰਾਸਟਰਕਚਰ 'ਤੇ ਪੈ ਰਿਹਾ ਦਬਾਅ ਸਾਫ਼ ਨਜ਼ਰ ਆ ਰਿਹਾ ਹੈ।
ਹਸਪਤਾਲਾਂ 'ਤੇ ਭਾਰੀ ਦਬਾਅ, ਨਰਸਿੰਗ ਹੋਮ ਖਾਲੀ ਕਰਵਾਏ ਗਏ
ਇਸ ਹੀਟਵੇਅ ਨੇ ਸਿਹਤ ਸੰਭਾਲ ਪ੍ਰਣਾਲੀ 'ਤੇ ਵੀ ਭਾਰੀ ਦਬਾਅ ਪਾਇਆ ਹੈ। ਜਰਮਨੀ ਦੇ ਡੋਰਮਾਜੇਨ ਵਿੱਚ ਇੱਕ ਨਰਸਿੰਗ ਹੋਮ ਦੇ ਅੰਦਰ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚਣ ਤੋਂ ਬਾਅਦ ਉੱਥੇ ਰਹਿ ਰਹੇ ਦਰਜਨਾਂ ਬਜ਼ੁਰਗਾਂ ਨੂੰ ਦੂਜੀ ਥਾਂ ਭੇਜਿਆ ਗਿਆ। ਉੱਥੇ ਰਹਿਣ ਵਾਲੇ ਇੱਕ ਵਿਅਕਤੀ ਦੀ ਰਾਤ ਨੂੰ ਮੌਤ ਵੀ ਹੋ ਗਈ, ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਇਹ ਸਾਫ਼ ਨਹੀਂ ਹੈ ਕਿ ਮੌਤ ਦੀ ਵਜ੍ਹਾ ਗਰਮੀ ਸੀ ਜਾਂ ਕੁਝ ਹੋਰ।
ਕੁਝ ਇਲਾਕਿਆਂ ਵਿੱਚ ਤਾਪਮਾਨ ਘਟਣ ਦੇ ਬਾਵਜੂਦ, ਫਰਾਂਸ ਦੇ ਹਸਪਤਾਲਾਂ ਵਿੱਚ ਗਰਮੀ ਨਾਲ ਜੁੜੀ ਐਮਰਜੈਂਸੀ ਵਰਗੀ ਸਥਿਤੀ ਬਣੀ ਹੋਈ ਹੈ। ਸ਼ਨੀਵਾਰ ਨੂੰ ਪੈਰਿਸ ਅਤੇ 36 ਹੋਰ ਇਲਾਕਿਆਂ ਵਿੱਚ ਸਭ ਤੋਂ ਵੱਧ ਗਰਮੀ ਦਾ ਅਲਰਟ ਜਾਰੀ ਰਿਹਾ। ਲਗਾਤਾਰ ਦੂਜੇ ਦਿਨ ਸਰਕਾਰੀ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿੱਚ ਲਗਭਗ 3,000 ਮਰੀਜ਼ ਪਹੁੰਚੇ, ਜੋ ਕਿ ਆਮ ਦਿਨਾਂ ਨਾਲੋਂ ਕਰੀਬ ਇੱਕ-ਤਿਹਾਈ ਜ਼ਿਆਦਾ ਹੈ।
ਪੈਰਿਸ ਦੇ ਸਰਕਾਰੀ ਹਸਪਤਾਲ ਪ੍ਰਸ਼ਾਸਨ ਨੇ ਆਪਣੇ ਸਾਰੇ 38 ਹਸਪਤਾਲਾਂ ਵਿੱਚ ਐਮਰਜੈਂਸੀ ਪਲਾਨ ਲਾਗੂ ਕਰ ਦਿੱਤੇ ਹਨ ਕਿਉਂਕਿ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ ਮੈਡੀਕਲ ਡਿਸਪੈਚ ਸੈਂਟਰਾਂ 'ਤੇ ਆਉਣ ਵਾਲੀਆਂ ਕਾਲਾਂ ਵਿੱਚ ਲਗਭਗ 80% ਦਾ ਵਾਧਾ ਹੋਇਆ ਹੈ। ਹਸਪਤਾਲਾਂ ਦੀ ਘੱਟਦੀ ਸਮਰੱਥਾ ਦੀ ਚਿੰਤਾ ਕਾਰਨ 'ਪੈਰਿਸ ਪ੍ਰਾਈਡ ਮਾਰਚ' ਨੂੰ ਅੱਗੇ ਪਾਉਣਾ ਪਿਆ ਅਤੇ ਤਿੰਨ ਦਿਨਾਂ ਦਾ ਇੱਕ ਮਿਊਜ਼ਿਕ ਫੈਸਟੀਵਲ ਰੱਦ ਕਰਨਾ ਪਿਆ।
ਇਟਲੀ ਤੇ ਯੂਕੇ 'ਚ ਅਲਰਟ ਜਾਰੀ
ਇਟਲੀ ਨੇ ਰੋਮ, ਵੈਨਿਸ, ਫਲੋਰੈਂਸ, ਬੋਲੋਗਨਾ ਅਤੇ ਮਿਲਾਨ ਸਮੇਤ 18 ਸ਼ਹਿਰਾਂ ਵਿੱਚ ਰੈੱਡ ਹੀਟ ਅਲਰਟ ਜਾਰੀ ਰੱਖਿਆ। ਇਸ ਦੌਰਾਨ ਸੈਲਾਨੀ ਫੁਹਾਰਿਆਂ ਅਤੇ ਛਾਂਦਾਰ ਸੜਕਾਂ 'ਤੇ ਰਾਹਤ ਲੱਭਦੇ ਨਜ਼ਰ ਆਏ, ਜਦੋਂ ਕਿ ਦੁਕਾਨਦਾਰ ਬੋਤਲਬੰਦ ਪਾਣੀ, ਟੋਪੀਆਂ ਅਤੇ ਛਤਰੀਆਂ ਵੇਚਦੇ ਦਿਖੇ। ਯੂਕੇ (UK) ਵਿੱਚ ਹਾਲਾਂਕਿ ਵੀਕੈਂਡ 'ਤੇ ਤਾਪਮਾਨ ਵਿੱਚ ਥੋੜ੍ਹੀ ਕਮੀ ਆਉਣ ਦੀ ਉਮੀਦ ਸੀ, ਫਿਰ ਵੀ ਉੱਥੇ 'ਐਂਬਰ ਹੀਟ ਵਾਰਨਿੰਗ' ਲਾਗੂ ਰਹੀ।
ਨਿਊਜ਼ ਏਜੰਸੀ ਏਪੀ (AP) ਦੀ ਰਿਪੋਰਟ ਮੁਤਾਬਕ, ਸ਼ਨੀਵਾਰ ਨੂੰ ਪੁਲਿਸ ਨੇ ਇੱਕ ਨਦੀ ਅਤੇ ਇੱਕ ਝੀਲ ਵਿੱਚੋਂ ਇੱਕ 22 ਸਾਲ ਦੇ ਨੌਜਵਾਨ ਅਤੇ ਇੱਕ 15 ਸਾਲ ਦੇ ਲੜਕੇ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਇਸ ਦੇ ਨਾਲ ਹੀ ਦੇਸ਼ ਵਿੱਚ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਥਾਵਾਂ 'ਤੇ ਨਹਾਉਣ ਜਾਂ ਤੈਰਨ ਤੋਂ ਬਚਣ ਜਿੱਥੇ ਕੋਈ ਨਿਗਰਾਨੀ ਨਾ ਹੋਵੇ।