'ਆਰਥਿਕ ਤਬਾਹੀ ਦੇ ਕੰਢੇ ਖੜ੍ਹਾ ਭਾਰਤ', ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ 'ਚ ਰਾਹੁਲ ਗਾਂਧੀ ਦਾ ਵੱਡਾ ਬਿਆਨ
ਨਿਊਜ਼ ਏਜੰਸੀ ANI ਮੁਤਾਬਕ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, 'ਸਿੱਧੀ ਗੱਲ ਇਹ ਹੈ ਕਿ ਭਾਰਤ ਆਰਥਿਕ ਤਬਾਹੀ ਦੇ ਕੰਢੇ ਖੜ੍ਹਾ ਹੈ। ਇਹੀ ਹਕੀਕਤ ਹੈ। ਕੋਈ ਇਸ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ, ਮੀਡੀਆ ਵੀ ਇਸ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ, ਪਰ ਭਾਰਤ 'ਚ ਬੇਰੁਜ਼ਗਾਰੀ ਦੀ ਇਕ ਬਹੁਤ ਵੱਡੀ ਸਮੱਸਿਆ ਹੈ। ਭਾਰਤ ਦੀ ਸਿੱਖਿਆ ਪ੍ਰਣਾਲੀ 'ਚ ਵੀ ਬਹੁਤ ਵੱਡੀ ਸਮੱਸਿਆ ਹੈ।'
Publish Date: Wed, 18 Nov 2026 10:25 AM (IST)
Updated Date: Wed, 18 Nov 2026 10:29 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਕਾਂਗਰਸ ਆਗੂ ਰਾਹੁਲ ਗਾਂਧੀ ਅਮਰੀਕਾ ਦੇ ਦੋ ਦਿਨਾਂ ਦੌਰੇ 'ਤੇ ਹਨ। ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ 'ਚ ਇਕ ਪ੍ਰੋਗਰਾਮ ਦੌਰਾਨ ਰਾਹੁਲ ਗਾਂਧੀ ਨੇ ਭਾਰਤ ਦੀ ਅਰਥਵਿਵਸਥਾ ਅਤੇ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
'ਆਰਥਿਕ ਤਬਾਹੀ ਦੇ ਕੰਢੇ ਖੜ੍ਹਾ ਭਾਰਤ'
ਨਿਊਜ਼ ਏਜੰਸੀ ANI ਮੁਤਾਬਕ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, 'ਸਿੱਧੀ ਗੱਲ ਇਹ ਹੈ ਕਿ ਭਾਰਤ ਆਰਥਿਕ ਤਬਾਹੀ ਦੇ ਕੰਢੇ ਖੜ੍ਹਾ ਹੈ। ਇਹੀ ਹਕੀਕਤ ਹੈ। ਕੋਈ ਇਸ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ, ਮੀਡੀਆ ਵੀ ਇਸ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ, ਪਰ ਭਾਰਤ 'ਚ ਬੇਰੁਜ਼ਗਾਰੀ ਦੀ ਇਕ ਬਹੁਤ ਵੱਡੀ ਸਮੱਸਿਆ ਹੈ। ਭਾਰਤ ਦੀ ਸਿੱਖਿਆ ਪ੍ਰਣਾਲੀ 'ਚ ਵੀ ਬਹੁਤ ਵੱਡੀ ਸਮੱਸਿਆ ਹੈ।'
ਮੱਧ ਵਰਗ ਦੇ ਨੌਜਵਾਨਾਂ 'ਚ ਵਧਦੀ ਨਿਰਾਸ਼ਾ ਦਾ ਕੀਤਾ ਜ਼ਿਕਰ
ਭਾਰਤ ਦੇ ਨੌਜਵਾਨਾਂ ਦੀ ਸਥਿਤੀ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਹਾਲਾਤ ਤੋਂ ਸਭ ਤੋਂ ਵੱਧ ਨਿਰਾਸ਼ ਨੌਜਵਾਨਾਂ ਦਾ ਇਕ ਵੱਡਾ ਵਰਗ ਹੈ, ਜੋ ਮੱਧ ਵਰਗੀ ਪਰਿਵਾਰਾਂ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ਨੌਜਵਾਨਾਂ ਨੇ ਰਸਮੀ ਸਿੱਖਿਆ ਤਾਂ ਪੂਰੀ ਕਰ ਲਈ ਹੈ, ਪਰ ਹੁਣ ਉਹ ਆਪਣੇ ਭਵਿੱਖ ਨੂੰ ਲੈ ਕੇ ਤੇਜ਼ੀ ਨਾਲ ਨਿਰਾਸ਼ ਹੋ ਰਹੇ ਹਨ। ਉਨ੍ਹਾਂ ਕਿਹਾ, ''ਅਸੀਂ ਇਸ 'ਤੇ ਅਧਿਐਨ ਕਰ ਰਹੇ ਹਾਂ ਅਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦਾ ਕਾਰਨ ਕਾਫ਼ੀ ਦਿਲਚਸਪ ਹੈ। ਅਸਲ ਗੱਲ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ।''
ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਾਲੇ ਵਧ ਰਹੀ ਵਿਚਾਰਧਾਰਕ ਦੂਰੀ
ਰਾਹੁਲ ਗਾਂਧੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਰੀਅਰ ਦੇ ਘਟਦੇ ਮੌਕਿਆਂ ਕਾਰਨ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਵਿਚਾਲੇ ਗੱਲਬਾਤ ਦੀ ਘਾਟ ਅਤੇ ਦੂਰੀ ਵਧ ਰਹੀ ਹੈ। ਨਵੀਂ ਪੀੜ੍ਹੀ ਹੁਣ ਪਿਛਲੀ ਪੀੜ੍ਹੀ ਦੇ ਤਜਰਬਿਆਂ ਅਤੇ ਸਲਾਹਾਂ 'ਤੇ ਸਵਾਲ ਉਠਾ ਰਹੀ ਹੈ। ਇਸ ਸੰਦਰਭ 'ਚ ਮਾਪਿਆਂ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, 'ਨੌਜਵਾਨ ਅੱਜ ਆਪਣੇ ਮਾਪਿਆਂ ਨੂੰ ਸਿੱਧੇ ਕਹਿ ਰਹੇ ਹਨ ਕਿ ਤੁਸੀਂ ਖ਼ੁਦ ਸਫ਼ਲ ਨਹੀਂ ਹੋ ਜਾਂ ਤੁਹਾਡੇ ਕੋਲ ਸਥਿਰ ਨੌਕਰੀ ਨਹੀਂ ਹੈ। ਇਸ ਲਈ ਤੁਸੀਂ ਸਾਨੂੰ ਉਨ੍ਹਾਂ ਰਸਤਿਆਂ 'ਤੇ ਚੱਲਣ ਦੀ ਸਲਾਹ ਨਾ ਦਿਓ, ਜਿਨ੍ਹਾਂ 'ਤੇ ਤੁਸੀਂ ਚੱਲੇ ਸੀ, ਕਿਉਂਕਿ ਉਹ ਤਰੀਕੇ ਹੁਣ ਕੰਮ ਨਹੀਂ ਕਰਦੇ।'
ਅੱਜ ਸ਼ਿਕਾਗੋ ਯੂਨੀਵਰਸਿਟੀ 'ਚ ਪ੍ਰੋਗਰਾਮ
ਰਾਹੁਲ ਗਾਂਧੀ ਅਮਰੀਕਾ ਦੇ ਦੋ ਦਿਨਾਂ ਦੌਰੇ 'ਤੇ ਹਨ। 18 ਨਵੰਬਰ ਨੂੰ ਉਨ੍ਹਾਂ ਦੇ ਸ਼ਿਕਾਗੋ ਯੂਨੀਵਰਸਿਟੀ ਜਾਣ ਦਾ ਪ੍ਰੋਗਰਾਮ ਹੈ। ਇਸ ਦੌਰਾਨ ਉਹ ਵਿਦਿਆਰਥੀਆਂ ਅਤੇ ਸਿੱਖਿਆ ਸ਼ਾਸਤਰੀਆਂ ਨਾਲ ਗੱਲਬਾਤ ਕਰਨਗੇ।