- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਠਕ ’ਚ ਓਪਨ ਏਆਈ ਦੇ ਸੈਮ ਆਲਟਮੈਨ ਅਤੇ ਐਂਥਰੌਪਿਕ ਦੇ ਡੈਰੀਓ ਅਮੋਦੇਈ ਨੇ ਚਿਤਾਵਨੀ ਦਿੱਤੀ ਕਿ ਏਆਈ ਨਾਲ ਜੁੜੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਨਿਊਯਾਰਕ : ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਤੇਜ਼ੀ ਨਾਲ ਵਧ ਰਹੇ ਪ੍ਰਭਾਵ ਅਤੇ ਇਸ ਦੇ ਸੰਭਾਵੀ ਖ਼ਤਰਿਆਂ ਨੂੰ ਲੈ ਕੇ ਦੁਨੀਆ ਦੀ ਚਿੰਤਾ ਹੁਣ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਤੱਕ ਪਹੁੰਚ ਗਈ ਹੈ। ਬੁੱਧਵਾਰ ਨੂੰ ਪ੍ਰੀਸ਼ਦ ਦੀ ਪਹਿਲੀ ਵਿਸ਼ੇਸ਼ ਬੈਠਕ ’ਚ ਏਆਈ ਖੇਤਰ ਦੀਆਂ ਦਿੱਗਜ ਕੰਪਨੀਆਂ ਦੇ ਮੁਖੀਆਂ ਨੇ ਵੀ ਮੰਨਿਆ ਕਿ ਤਕਨੀਕ ਦੇ ਵਿਕਾਸ ਦੇ ਨਾਲ ਇਸ ਦੀ ਸੁਰੱਖਿਅਤ ਵਰਤੋਂ ਅਤੇ ਕੰਟਰੋਲ ਲਈ ਵਿਸ਼ਵ ਪੱਧਰੀ ਸਹਿਯੋਗ ਜ਼ਰੂਰੀ ਹੈ। ਦਿੱਗਜਾਂ ਨੇ ਕਿਹਾ ਕਿ ਏਆਈ ਨੂੰ ਅਸੀਂ ਬਣਾ ਤਾਂ ਦਿੱਤਾ ਹੈ ਪਰ ਇਸ ਦੇ ਕਾਬੂ ਤੋਂ ਬਾਹਰ ਹੋਣ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ।
ਬੈਠਕ ’ਚ ਓਪਨ ਏਆਈ ਦੇ ਸੈਮ ਆਲਟਮੈਨ ਅਤੇ ਐਂਥਰੌਪਿਕ ਦੇ ਡੈਰੀਓ ਅਮੋਦੇਈ ਨੇ ਚਿਤਾਵਨੀ ਦਿੱਤੀ ਕਿ ਏਆਈ ਨਾਲ ਜੁੜੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਆਲਟਮੈਨ ਨੇ ਕਿਹਾ ਕਿ ਇਹ ਤਕਨੀਕ ਰਚਨਾਤਮਕਤਾ ਅਤੇ ਖੋਜ ਦੇ ਨਵੇਂ ਦੌਰ ਦੀ ਸ਼ੁਰੂਆਤ ਕਰ ਸਕਦੀ ਹੈ ਪਰ ਗ਼ਲਤ ਦਿਸ਼ਾ ’ਚ ਵਧੀ ਤਾਂ ਸਮਾਜ ’ਚ ਉਥਲ-ਪੁਥਲ ਅਤੇ ਬਦਇੰਤਜ਼ਾਮੀ ਵੀ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਏਆਈ ਤੋਂ ਮਨੁੱਖਤਾ ਨੂੰ ਤਬਾਹੀ ਦਾ ਖ਼ਤਰਾ ਇਕ ਫ਼ੀਸਦੀ ਹੋਵੇ, 10% ਜਾਂ ਇਸ ਤੋਂ ਵੀ ਘੱਟ ਹੋਵੇ-ਕੋਈ ਵੀ ਪੱਧਰ ਮਨਜ਼ੂਰ ਨਹੀਂ ਹੈ। ਉਨ੍ਹਾਂ ਮੁਤਾਬਕ, ਏਆਈ ਦੇ ਵਿਕਾਸ ਨਾਲ ਹੋਣ ਵਾਲੇ ਫ਼ਾਇਦੇ ਜਿੰਨੇ ਸਪੱਸ਼ਟ ਹੋ ਰਹੇ ਹਨ, ਇਸ ਨਾਲ ਜੁੜੇ ਖ਼ਤਰੇ ਵੀ ਓਨੀ ਹੀ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।
ਅਮੋਦੇਈ ਨੇ ਇਸ ਨੂੰ ਵਿਸ਼ਵ ਸੁਰੱਖਿਆ ਦੇ ਸਭ ਤੋਂ ਅਹਿਮ ਮੁੱਦਿਆਂ ’ਚੋਂ ਇਕ ਦੱਸਦਿਆਂ ਏਆਈ ਦੇ ਵਿਕਾਸ ਦੀ ਰਫ਼ਤਾਰ ਨੂੰ ਕੰਟਰੋਲ ਕਰਨ ਦੀ ਲੋੜ ਦੱਸੀ। ਉਨ੍ਹਾਂ ਸੁਰੱਖਿਆ ਪ੍ਰੀਸ਼ਦ ਤੋਂ ਏਆਈ ਦੀ ਮਦਦ ਨਾਲ ਜੈਵਿਕ ਹਥਿਆਰ ਬਣਾਉਣ ’ਤੇ ਰੋਕ, ਏਆਈ ਦੀਆਂ ਸਮਰੱਥਾਵਾਂ ਦੀ ਜਾਂਚ ਲਈ ਸਾਂਝੇ ਮਾਪਦੰਡ ਅਤੇ ਇਸ ਦੀ ਦੁਰਵਰਤੋਂ ਦੀ ਜਾਣਕਾਰੀ ਸਾਂਝੀ ਕਰਨ ਵਾਲੀ ਵਿਸ਼ਵ ਪੱਧਰੀ ਵਿਵਸਥਾ ਬਣਾਉਣ ਦੀ ਅਪੀਲ ਕੀਤੀ। ਦੋਵਾਂ ਨੇ ਕਿਹਾ ਕਿ ਕੋਈ ਆਗੂ, ਕੰਪਨੀ ਜਾਂ ਦੇਸ਼ ਇਕੱਲੇ ਏਆਈ ਨਾਲ ਜੁੜੇ ਖ਼ਤਰਿਆਂ ਨਾਲ ਨਹੀਂ ਨਜਿੱਠ ਸਕਦਾ। ਆਲਟਮੈਨ ਨੇ ਕਿਹਾ ਕਿ ਏਆਈ ਨੂੰ ਲੋਕਤੰਤਰੀ ਬਣਾਉਣਾ ਹੈ ਤਾਂ ਮਹੱਤਵਪੂਰਨ ਫ਼ੈਸਲੇ ਸਿਰਫ਼ ਸਾਨ ਫਰਾਂਸਿਸਕੋ ਦੀਆਂ ਪ੍ਰਯੋਗਸ਼ਾਲਾਵਾਂ ’ਚ ਨਹੀਂ ਲਏ ਜਾ ਸਕਦੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਵੀ ਏਆਈ ਲਈ ਵਿਸ਼ਵ ਪੱਧਰੀ ਸ਼ਾਸਨ ਵਿਵਸਥਾ ਬਣਾਉਣ ’ਤੇ ਜ਼ੋਰ ਦੇ ਚੁੱਕੇ ਹਨ।