- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ 16 ਜੁਲਾਈ 2026 ਦੀ ਰਾਤ ਦੌਰਾਨ ਮੁਲਜ਼ਮ ਨੇ ਕੈਨੇਡਾ ਸਰਹੱਦ ਤੋਂ ਕੁਝ ਹੀ ਫੁੱਟ ਦੂਰ ਆਪਣਾ ਵਾਹਨ ਛੱਡ ਦਿੱਤਾ ਸੀ। ਇਸ ਤੋਂ ਬਾਅਦ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇੱਕ ਵਿਅਕਤੀ ਨੂੰ ਕੈਨੇਡਾ ਵੱਲ ਪੈਦਲ ਆਉਂਦੇ ਦੇਖਿਆ ਤੇ ਤੁਰੰਤ ਅਮਰੀਕਨ ਸਰਹੱਦੀ ਅਧਿਕਾਰੀਆਂ ਨਾਲ ਸੰਪਰਕ ਕਰ ਲਿਆ।

ਆਨਲਾਈਨ ਡੈਸਕ: ਵੀਰਵਾਰ ਸਵੇਰੇ ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਦੇ ਅਧਿਕਾਰੀਆਂ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ ਭਗੌੜੇ ਗੈਂਗਸਟਰ ਨਿਤਿਸ਼ ਕੌਸ਼ਲ ਉਰਫ ਲਾਲਾ ਨੂੰ ਕੈਨੇਡਾ ਸਰਹੱਦ ਤੋਂ ਲਗਭਗ ਇੱਕ ਮੀਲ ਦੂਰ ਗ੍ਰਿਫ਼ਤਾਰ ਕਰ ਲਿਆ।
ਲਾਲਾ ਉਦੋਂ ਅਮਰੀਕਾ ਦੇ ਵਰਮੌਂਟ ਸੂਬੇ ਦੇ ਸ਼ਹਿਰ ਐਲਬਰਗ ਤੋਂ ਸਰਹੱਦ ਪਾਰ ਕਰਕੇ ਕੈਨੇਡਾ ਵਾਲੇ ਪਾਸੇ ਕਿਊਬੈੱਕ ਸੂਬੇ ‘ਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਜਾਣਕਾਰੀ ਵਰਮਾਂਟ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਹਿਰਾਸਤ ਦੀ ਅਰਜ਼ੀ ਵਿੱਚ ਸਾਹਮਣੇ ਆਈ ਹੈ।
ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ 16 ਜੁਲਾਈ 2026 ਦੀ ਰਾਤ ਦੌਰਾਨ ਮੁਲਜ਼ਮ ਨੇ ਕੈਨੇਡਾ ਸਰਹੱਦ ਤੋਂ ਕੁਝ ਹੀ ਫੁੱਟ ਦੂਰ ਆਪਣਾ ਵਾਹਨ ਛੱਡ ਦਿੱਤਾ ਸੀ। ਇਸ ਤੋਂ ਬਾਅਦ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇੱਕ ਵਿਅਕਤੀ ਨੂੰ ਕੈਨੇਡਾ ਵੱਲ ਪੈਦਲ ਆਉਂਦੇ ਦੇਖਿਆ ਤੇ ਤੁਰੰਤ ਅਮਰੀਕਨ ਸਰਹੱਦੀ ਅਧਿਕਾਰੀਆਂ ਨਾਲ ਸੰਪਰਕ ਕਰ ਲਿਆ।
ਜਦੋਂ ਬਾਰਡਰ ਪੈਟਰੋਲ ਅਧਿਕਾਰੀਆਂ ਨੇ ਨਿਤਿਸ਼ ਕੌਸ਼ਲ ਉਰਫ ਲਾਲਾ ਨੂੰ ਰੋਕਿਆ ਤਾਂ ਉਸ ਨੇ ਆਪਣੀ ਪਛਾਣ ਲੁਕਾਉਣ ਲਈ ਨਿਊ ਜਰਸੀ ਦਾ ਇੱਕ ਜਾਅਲੀ ਡਰਾਈਵਰ ਲਾਇਸੈਂਸ ਦਿਖਾਇਆ, ਜਿਸ ’ਤੇ ਕਿਸੇ ਹੋਰ ਵਿਅਕਤੀ ਦਾ ਨਾਮ ਦਰਜ ਸੀ। ਪਰ ਉਸ ਦੇ ਫਿੰਗਰਪ੍ਰਿੰਟ ਅਤੇ ਉਸ ਦੇ ਸਰੀਰ ’ਤੇ ਬਣੇ ਵਿਲੱਖਣ ਸ਼ੇਰ ਦੇ ਟੈਟੂ ਨੇ ਉਸ ਦੀ ਅਸਲੀ ਪਛਾਣ ਬੇਨਕਾਬ ਕਰ ਦਿੱਤੀ।
ਵੈਸੇ ਉਸੇ ਦਿਨ ਸਵੇਰੇ ਮੁਲਜ਼ਮ ਦੀ ਵਰਮਾਂਟ ਵਿੱਚ ਪਛਾਣ ਹੋ ਚੁੱਕੀ ਸੀ। ਦਸਤਾਵੇਜ਼ਾਂ ਅਨੁਸਾਰ, ਵਰਮਾਂਟ ਦੇ ਇੱਕ ਚਿੰਤਤ ਨਾਗਰਿਕ ਨੇ ਆਪਣੇ ਸੁਰੱਖਿਆ ਕੈਮਰੇ ਵਿੱਚ ਕੌਸ਼ਲ ਨੂੰ ਆਪਣੀ ਕਾਰ ਵਿੱਚ ਝਾਤ ਮਾਰਦੇ ਅਤੇ ਆਪਣੇ ਖੇਤ ਦੇ ਬਾਰਨ (ਗੋਦਾਮ) ਵਿੱਚ ਦਾਖ਼ਲ ਹੁੰਦੇ ਦੇਖਿਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਕਿ ਇਹ ਉਹੀ ਵਿਅਕਤੀ ਲੱਗਦਾ ਹੈ, ਜਿਸਨੂੰ ਐਫਬੀਆਈ ਲੱਭ ਰਹੀ ਹੈ।
ਸ਼ੁੱਕਰਵਾਰ ਨੂੰ ਨਿਤਿਸ਼ ਕੌਸ਼ਲ ਨੂੰ ਵਰਮੌਂਟ ਦੀ ਬਰਲਿੰਗਟਨ ਸਥਿਤ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਦੇ ਹੱਥ-ਪੈਰਾਂ ਵਿੱਚ ਬੇੜੀਆਂ ਸਨ ਅਤੇ ਉਹ ਸੰਤਰੀ ਰੰਗ ਦੀ ਜੇਲ੍ਹ ਵਰਦੀ ਵਿੱਚ ਸੀ। ਪੰਜਾਬੀ ਦੁਭਾਸ਼ੀਏ ਦੀ ਮਦਦ ਨਾਲ ਅਤੇ ਸੰਘੀ ਸਰਕਾਰੀ ਵਕੀਲ ਦੀ ਨੁਮਾਇੰਦਗੀ ਹੇਠ ਕੌਸ਼ਲ ਨੇ ਜੱਜ ਕੈਵਿਨ ਡੋਇਲ ਨੂੰ ਪੁਸ਼ਟੀ ਕੀਤੀ ਕਿ ਉਸ ਦੀ ਹੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਸੀ।
ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਗ੍ਰਿਫ਼ਤਾਰੀ ਵਾਰੰਟ ਮੁਤਾਬਕ, ਕੌਸ਼ਲ ਨੂੰ RICO (Racketeer Influenced and Corrupt Organizations Act) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਭਗਵਾਨਪੁਰੀਆ ਸੰਗਠਿਤ ਅਪਰਾਧੀ ਗਿਰੋਹ (Bhagwanpuria OCG) ਦੀ ਤਰਫੋਂ ਕਥਿਤ ਤੌਰ ’ਤੇ ਵਸੂਲੀ, ਅਗਵਾ, ਕਤਲਾਂ ਅਤੇ ਅੰਤਰਰਾਸ਼ਟਰੀ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ।
ਜੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।