ਜੇਨਸਨ ਹੁਆਂਗ ਦੇ ਸਮਰਥਨ 'ਚ Nvidia ਦੀ ਭਾਰਤੀ ਅਧਿਕਾਰੀ, ਭਾਵੁਕ ਪੋਸਟ 'ਚ ਖੋਲ੍ਹਿਆ ਮਦਦ ਦਾ ਰਾਜ਼; ਭੈਣ ਦੇ ਬ੍ਰੇਨ ਕੈਂਸਰ ਦੇ ਇਲਾਜ 'ਚ ਕੀਤੀ ਸੀ ਮਦਦ
ਵਰਤਿਕਾ ਸਿੰਘ ਨੇ ਹੁਆਂਗ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਇਸ ਪਲ ਨੂੰ ਜ਼ਿੰਦਗੀ ਭਰ ਇਕ ਅਨਮੋਲ ਯਾਦ ਵਜੋਂ ਸਾਂਭ ਕੇ ਰੱਖਣ ਦੀ ਗੱਲ ਕਹੀ। ਉਨ੍ਹਾਂ ਲਿਖਿਆ ਕਿ ਜਦੋਂ ਹੁਆਂਗ ਨੇ ਉਨ੍ਹਾਂ ਨੂੰ ਕਿਹਾ, 'ਮੈਨੂੰ ਤੁਹਾਡੇ 'ਤੇ ਮਾਣ ਹੈ। ਇਕੱਠੇ ਬਿਤਾਏ ਇਸ ਸਮੇਂ ਨੂੰ ਹਮੇਸ਼ਾ ਯਾਦ ਰੱਖਣਾ', ਤਾਂ ਉਨ੍ਹਾਂ ਨੂੰ ਲੀਡਰਸ਼ਿਪ ਦਾ ਅਜਿਹਾ ਸਬਕ ਸਿੱਖਣ ਨੂੰ ਮਿਲਿਆ, ਜੋ ਕਿਸੇ ਵੀ ਪੇਸ਼ੇਵਰ ਤਜਰਬੇ ਤੋਂ ਨਹੀਂ ਮਿਲ ਸਕਦਾ ਸੀ।
Publish Date: Wed, 18 Nov 2026 03:43 PM (IST)
Updated Date: Wed, 18 Nov 2026 03:47 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਜੇਨਸਨ ਹੁਆਂਗ ਦੇ ਇਕ ਕਥਿਤ ਚੀਨੀ ਜਾਸੂਸ ਨਾਲ ਸਬੰਧਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਐਨਵੀਡੀਆ ਦੀ ਇਕ ਭਾਰਤੀ ਮੁਲਾਜ਼ਮ ਨੇ ਆਪਣੇ ਸਾਬਕਾ ਬੌਸ ਦੀ ਤਾਰੀਫ਼ ਕੀਤੀ ਹੈ। ਐਨਵੀਡੀਆ ਦੇ ਸਟ੍ਰੈਟੇਜਿਕ AI ਵਿਭਾਗ ਦੀ ਮੁਖੀ ਵਰਤਿਕਾ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਲੰਬੀ ਪੋਸਟ ਲਿਖ ਕੇ ਦੱਸਿਆ ਹੈ ਕਿ ਕਿਵੇਂ ਹੁਆਂਗ ਨੇ ਬੇਹੱਦ ਮੁਸ਼ਕਲ ਅਤੇ ਕਲਪਨਾ ਤੋਂ ਪਰੇ ਹਾਲਾਤ 'ਚ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਸੀ।
ਭੈਣ ਨੂੰ ਬ੍ਰੇਨ ਕੈਂਸਰ ਹੋਣ 'ਤੇ ਹੁਆਂਗ ਨੇ ਵਧਾਇਆ ਸੀ ਮਦਦ ਦਾ ਹੱਥ
ਪਿਛਲੇ ਕਰੀਬ 8 ਸਾਲਾਂ ਤੋਂ ਐਨਵੀਡੀਆ ਨਾਲ ਜੁੜੀ ਵਰਤਿਕਾ ਸਿੰਘ ਨੇ ਆਪਣੀ ਪੋਸਟ 'ਚ ਉਸ ਮੁਸ਼ਕਲ ਦੌਰ ਨੂੰ ਯਾਦ ਕੀਤਾ, ਜਦੋਂ ਉਨ੍ਹਾਂ ਦੀ ਭੈਣ ਬ੍ਰੇਨ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੀ ਸੀ। ਉਨ੍ਹਾਂ ਨੇ ਸੋਸ਼ਲ ਸਾਈਟ X 'ਤੇ ਆਪਣੀ ਪੋਸਟ 'ਚ ਲਿਖਿਆ, 'ਕੈਲੀਫੋਰਨੀਆ ਦੀ ਯਾਤਰਾ ਦੌਰਾਨ ਜਦੋਂ ਮੇਰੀ ਭੈਣ ਦੀ ਹਾਲਤ ਵਿਗੜ ਗਈ ਤਾਂ ਸਾਡੇ ਪਰਿਵਾਰ ਨੂੰ ਬੇਹੱਦ ਮੁਸ਼ਕਲ ਅਤੇ ਕਲਪਨਾ ਤੋਂ ਪਰੇ ਹਾਲਾਤ ਦਾ ਸਾਹਮਣਾ ਕਰਨਾ ਪਿਆ।' ਉਨ੍ਹਾਂ ਅੱਗੇ ਲਿਖਿਆ, 'ਸਾਨੂੰ ਇਲਾਜ ਨਾਲ ਜੁੜੇ ਮੁਸ਼ਕਲ ਫੈਸਲੇ ਲੈਣੇ ਪਏ, ਹਸਪਤਾਲ ਦਾ ਭਾਰੀ ਖਰਚਾ ਚੁੱਕਣਾ ਪਿਆ ਅਤੇ ਘਰ ਤੋਂ ਦੂਰ ਆਪਣੀ ਭੈਣ ਨੂੰ ਗੁਆਉਣ ਦਾ ਡਰ ਵੀ ਸਤਾ ਰਿਹਾ ਸੀ।' 'ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਜੇਨਸਨ ਨੇ ਸਾਡੀ ਪਰਵਾਹ ਕਰਨ ਲਈ ਸਮਾਂ ਕੱਢਿਆ। ਉਨ੍ਹਾਂ ਨੇ ਮੇਰੇ ਪਰਿਵਾਰ ਦੀ ਅਜਿਹੇ ਹਾਲਾਤ 'ਚ ਮਦਦ ਕੀਤੀ, ਜੋ ਨਾਮੁਮਕਿਨ ਲੱਗ ਰਹੇ ਸਨ। ਉਨ੍ਹਾਂ ਨੇ ਮੇਰੀ ਭੈਣ ਨੂੰ ਮਿਲਣ ਲਈ ਵੀ ਸਮਾਂ ਕੱਢਿਆ।' ਇਹ ਪੋਸਟ ਅਜਿਹੇ ਸਮੇਂ ਆਈ ਹੈ, ਜਦੋਂ 63 ਸਾਲਾ ਹੁਆਂਗ ਨੇ ਐਨਵੀਡੀਆ ਦੇ ਸੀਈਓ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ 'ਤੇ ਇਕ ਚੀਨੀ ਮਹਿਲਾ ਨਾਲ ਸਬੰਧ ਹੋਣ ਦਾ ਦੋਸ਼ ਹੈ।
'ਹੁਆਂਗ ਦੀ ਇਨਸਾਨੀਅਤ ਹਮੇਸ਼ਾ ਯਾਦ ਰੱਖਾਂਗੀ'
ਵਰਤਿਕਾ ਸਿੰਘ ਨੇ ਹੁਆਂਗ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਇਸ ਪਲ ਨੂੰ ਜ਼ਿੰਦਗੀ ਭਰ ਇਕ ਅਨਮੋਲ ਯਾਦ ਵਜੋਂ ਸਾਂਭ ਕੇ ਰੱਖਣ ਦੀ ਗੱਲ ਕਹੀ। ਉਨ੍ਹਾਂ ਲਿਖਿਆ ਕਿ ਜਦੋਂ ਹੁਆਂਗ ਨੇ ਉਨ੍ਹਾਂ ਨੂੰ ਕਿਹਾ, 'ਮੈਨੂੰ ਤੁਹਾਡੇ 'ਤੇ ਮਾਣ ਹੈ। ਇਕੱਠੇ ਬਿਤਾਏ ਇਸ ਸਮੇਂ ਨੂੰ ਹਮੇਸ਼ਾ ਯਾਦ ਰੱਖਣਾ', ਤਾਂ ਉਨ੍ਹਾਂ ਨੂੰ ਲੀਡਰਸ਼ਿਪ ਦਾ ਅਜਿਹਾ ਸਬਕ ਸਿੱਖਣ ਨੂੰ ਮਿਲਿਆ, ਜੋ ਕਿਸੇ ਵੀ ਪੇਸ਼ੇਵਰ ਤਜਰਬੇ ਤੋਂ ਨਹੀਂ ਮਿਲ ਸਕਦਾ ਸੀ।
ਜੇਨਸਨ ਹੁਆਂਗ ਦੇ ਵਿਜ਼ਨ ਤੇ ਲੀਡਰਸ਼ਿਪ ਦੀ ਕੀਤੀ ਤਾਰੀਫ਼
ਵਰਤਿਕਾ ਸਿੰਘ ਨੇ ਜੇਨਸਨ ਹੁਆਂਗ ਦੀ ਕੰਮ ਕਰਨ ਦੀ ਸ਼ੈਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਵਿਅਕਤਿਤਵ ਦਾ ਇਕ ਅਜਿਹਾ ਪਹਿਲੂ ਸਾਹਮਣੇ ਲਿਆ ਰਹੀ ਹੈ, ਜਿਸ ਬਾਰੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਮੌਜੂਦਾ 'ਰੌਲੇ-ਰੱਪੇ 'ਚ ਕਿਤੇ ਗੁਆਚ ਨਹੀਂ ਜਾਵੇਗਾ। ਵਰਤਿਕਾ ਨੇ ਕਿਹਾ ਕਿ ਹੁਆਂਗ 'ਚ ਭਵਿੱਖ ਦੇ ਸੰਕੇਤ ਪਹਿਲਾਂ ਹੀ ਸਮਝ ਲੈਣ ਦੀ ਸਮਰੱਥਾ, ਰਵਾਇਤੀ ਸੋਚ ਨੂੰ ਚੁਣੌਤੀ ਦੇਣ ਦਾ ਹੌਸਲਾ ਅਤੇ ਪੂਰੇ ਈਕੋਸਿਸਟਮ ਨੂੰ ਨਾਲ ਲੈ ਕੇ ਚੱਲਣ ਦਾ ਹੁਨਰ ਸੀ।
ਉਨ੍ਹਾਂ ਕਿਹਾ ਕਿ ਹੁਆਂਗ 'ਅਜਿਹੀਆਂ ਸੰਭਾਵਨਾਵਾਂ ਨੂੰ ਦੇਖ ਸਕਦੇ ਸਨ, ਜਿਨ੍ਹਾਂ ਨੂੰ ਸਾਡੇ 'ਚੋਂ ਜ਼ਿਆਦਾਤਰ ਲੋਕ ਸਮਝ ਵੀ ਨਹੀਂ ਸਕਦੇ ਸਨ।' ਵਰਤਿਕਾ ਨੇ ਕਿਹਾ, 'ਉਨ੍ਹਾਂ ਨੇ ਇਨ੍ਹਾਂ ਸੰਭਾਵਨਾਵਾਂ ਨੂੰ ਸਫ਼ਲ ਬਣਾਉਣ ਲਈ ਆਪਣਾ ਸਮਾਂ, ਧਿਆਨ ਅਤੇ ਐਨਵੀਡੀਆ ਦੇ ਸਰੋਤ ਲਗਾ ਦਿੱਤੇ। ਜੇਕਰ ਉਹ ਨਾ ਹੁੰਦੇ ਤਾਂ ਅੱਜ ਇਨ੍ਹਾਂ 'ਚੋਂ ਕੁਝ ਕੰਪਨੀਆਂ ਸ਼ਾਇਦ ਹੋਂਦ 'ਚ ਹੀ ਨਾ ਹੁੰਦੀਆਂ।'
ਵਰਤਿਕਾ ਨੇ ਇਹ ਵੀ ਯਾਦ ਕੀਤਾ ਕਿ ਐਨਵੀਡੀਆ 'ਚ ਉਨ੍ਹਾਂ ਨੇ ਕਿਸ ਤਰ੍ਹਾਂ ਮਦਦ ਕੀਤੀ ਸੀ। ਆਪਣੀ ਪੋਸਟ 'ਚ ਉਨ੍ਹਾਂ ਲਿਖਿਆ, 'ਐਨਵੀਡੀਆ 'ਚ ਮੇਰਾ ਸਫ਼ਰ ਹਮੇਸ਼ਾ ਆਸਾਨ ਨਹੀਂ ਰਿਹਾ। ਕੰਪਨੀ 'ਚ ਹੋਏ ਮੁਸ਼ਕਲ ਬਦਲਾਅ ਅਤੇ ਅਨਿਸ਼ਚਿਤਤਾ ਦੇ ਦੌਰ ਦੌਰਾਨ ਜੇਨਸਨ ਦੀ ਅਗਵਾਈ ਅਤੇ ਮੇਰੇ ਕੰਮ ਦਾ ਸਮਰਥਨ ਕਰਨ ਦੀ ਉਨ੍ਹਾਂ ਦੀ ਤਤਪਰਤਾ ਨੇ ਮੈਨੂੰ ਡਟੇ ਰਹਿਣ 'ਚ ਮਦਦ ਕੀਤੀ।'
ਆਪਣੀ ਪੋਸਟ ਦੇ ਅੰਤ 'ਚ ਵਰਤਿਕਾ ਸਿੰਘ ਨੇ ਲਿਖਿਆ ਕਿ ਸੰਸਥਾਵਾਂ ਵਿਕਸਿਤ ਹੁੰਦੀਆਂ ਹਨ ਅਤੇ ਲੀਡਰਸ਼ਿਪ ਬਦਲਦੀ ਰਹਿੰਦੀ ਹੈ, ਪਰ ਜਿਸ ਵਿਅਕਤੀ ਨੇ ਇੰਨੇ ਸਾਰੇ ਲੋਕਾਂ ਅਤੇ ਸੰਭਾਵਨਾਵਾਂ ਨੂੰ ਆਕਾਰ ਦਿੱਤਾ ਹੋਵੇ, ਉਸ ਦਾ ਪ੍ਰਭਾਵ ਕਿਸੇ ਵੀ ਅਹੁਦੇ ਜਾਂ ਪਦਵੀ ਨਾਲੋਂ ਕਿਤੇ ਵੱਧ ਸਮੇਂ ਤੱਕ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੁਆਂਗ ਦੀ ਦਿਆਲਤਾ ਅਤੇ ਉਨ੍ਹਾਂ ਦੀ ਇਨਸਾਨੀਅਤ ਨੂੰ ਯਾਦ ਰੱਖਣਗੀਆਂ।