
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗਲੇਸ਼ੀਅਰ ਟੁੱਟਣ ਦੇ ਬਾਅਦ ਲੇਂਡੇ ਖੋਲਾ ਤੇ ਤ੍ਰਿਸ਼ੂਲੀ ਨਦੀਆਂ ਦੇ ਰਸਤੇ ’ਚ ਉਚਾਈ ’ਤੇ ਬਣੀ ਇਕ ਝੀਲ ਤੋਂ ਪਾਣੀ ਰਿਸਣ ਦੇ ਕਾਰਨ ਖ਼ਤਰਾ ਕੁਝ ਘੱਟ ਹੋਇਆ ਹੈ। ਚੀਨੀ ਮੀਡੀਆ ਸੀਸੀਟੀਵੀ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ ਉਪਗ੍ਰਹਿ ਤਸਵੀਰਾਂ ’ਚ ਝੀਲ ’ਚ ਪਾਣੀ ਘਟਦਾ ਹੋਇਆ ਪਾਇਆ ਗਿਆ ਹੈ। ਇਸ ਕਾਰਨ ਹੇਠਾਂ ਵੱਲ ਬਣੀ ਇਕ ਹੋਰ ਝੀਲ ’ਚ ਵੀ ਘੱਟ ਮਾਤਰਾ ’ਚ ਪਾਣੀ ਪਹੁੰਚ ਰਿਹਾ ਹੈ , ਜਿਸ ਨਾਲ ਉੱਥੇ ਦਬਾਅ ਵੀ ਘੱਟ ਹੋਇਆ ਹੈ।

ਜੇਐੱਨਐੱਨ, ਨਵੀਂ ਦਿੱਲੀ : ਗਲੇਸ਼ੀਅਰ ਟੁੱਟਣ ਤੋਂ ਬਾਅਦ ਨੇਪਾਲ ’ਚ ਆਏ ਤਬਾਹਕੁੰਨ ਹੜ੍ਹ ਦੇ ਬਾਅਦ ਹੁਣ ਜ਼ਿੰਦਗੀਆਂ ਬਚਾਉਣ ਲਈ ਜੰਗ ਤੇਜ਼ ਹੋ ਗਈ ਹੈ। ਅੱਠ ਜ਼ਿਲ੍ਹਿਆਂ ’ਚ ਰਾਹਤ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ, ਪਰ ਖਰਾਬ ਮੌਸਮ ਦੇ ਕਾਰਨ ਇਸ ਵਿਚ ਲਗਾਤਾਰ ਦਿੱਕਤਾਂ ਆ ਰਹੀਆਂ ਹਨ। ਸ਼ਨਿਚਰਵਾਰ ਨੂੰ ਵੀ ਖਰਾਬ ਮੌਸਮ ਦੇ ਕਾਰਨ ਬਚਾਅ ਮੁਹਿੰਮ ਨੂੰ ਵਿਚਾਲੇ ਰੋਕਣਾ ਪਿਆ। ਆਫਤ ਨਾਲ ਕਰੀਬ ਇਕ ਲੱਖ ਨੇਪਾਲੀ ਨਾਗਰਿਕ ਬੇਘਰ ਹੋ ਗਏ ਹਨ, ਜਦਕਿ ਤਿੰਨ ਕਰੋੜ ਲੋਕਾਂ ਦੇ ਸਾਹਮਣੇ ਰੋਜ਼ੀ ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਹਾਲਾਤ ਨੂੰ ਦੇਖਦੇ ਹੋਏ ਨੇਪਾਲ ਸਰਕਾਰ ਨੇ ਦੁਨੀਆ ਭਰ ਤੋਂ ਮਦਦ ਦੀ ਮੰਗ ਕੀਤੀ ਹੈ। ਰਾਇਟਰ ਦੇ ਮੁਤਾਬਕ, ਨੇਪਾਲ ਦੇ ਵਿੱਤ ਮੰਤਰੀ ਸਵਰਣਿਮ ਵਾਗਲੇ ਨੇ ਅਨੁਮਾਨ ਪ੍ਰਗਟਾਇਆ ਹੈ ਕਿ ਦੇਸ਼ ਨੂੰ ਚਾਰ ਤੋਂ ਪੰਜ ਅਰਬ ਡਾਲਰ ਦੀ ਮਦਦ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਹਰ ਸਾਹ ਨੂੰ ਬਚਾਉਣ ਲਈ ਦੁਨੀਆ ਪੈਸੇ ਤੇ ਤਕਨੀਕ ਨਾਲ ਮਦਦ ਕਰੇ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਨੇਪਾਲ-ਤਿੱਬਤ ਸਰਹੱਦ ਤੋਂ 20 ਕਿਲੋਮੀਟਰ ਉੱਪਰ ਗਲੇਸ਼ੀਅਰ ਟੁੱਟ ਗਿਆ ਸੀ। ਇਸ ਦੇ ਬਾਅਦ ਭਾਰੀ ਮਾਤਰਾ ’ਚ ਬਰਫ਼, ਚੱਟਾਨਾਂ, ਚਿੱਕੜ ਤੇ ਮਲਬਾ ਪਹਾੜੀ ਨਦੀਆਂ ਦੇ ਰਸਤੇ ਨੇਪਾਲ ਵੱਲ ਕਰੀਬ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧਿਆ। ਇਸ ਨਾਲ ਤਿੱਬਤ ਤੇ ਨੇਪਾਲ ’ਚ ਕੁੱਲ ਮਿਲਾ ਕੇ ਕਰੀਬ 3000 ਲੋਕ ਲਾਪਤਾ ਹੋ ਗਏ। ਇਸ ਵਿਚ ਨੇਪਾਲ ’ਚ 2400 ਲੋਕ ਲਾਪਤਾ ਹਨ, ਜਿਸ ਵਿਚ 320 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ 261 ਵਿਦੇਸ਼ੀ ਨਾਗਰਿਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਿਸ ਵਿਚ 167 ਭਾਰਤੀ ਹਨ। 4400 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਹੁਣ ਤੱਕ ਨੇਪਾਲ ’ਚ 669 ਤੇ ਤਿੱਬਤ ਦੇ ਇਲਾਕੇ ’ਚ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਤਲਾਸ਼ੀ ਮੁਹਿੰਮ ’ਚ 15 ਹਜ਼ਾਰ ਸੁਰੱਖਿਆ ਮੁਲਾਜ਼ਮ ਲਗਾਏ ਗਏ ਹਨ।
ਤਿੱਬਤ ਆਫਤ ਮੈਨੇਜਮੈਂਟ ਵਿਭਾਗ ਦੇ ਮੁਤਾਬਕ, ਗਯਿਰੋਂਗ ਕਾਊਂਟੀ ’ਚ 550 ਲੋਕ ਲਾਪਤਾ ਹਨ, ਜਿਨ੍ਹਾਂ ’ਚ 260 ਵਿਦੇਸ਼ੀ ਨਾਗਰਿਕ ਹਨ। ਹਾਲਾਂਕਿ, ਉਨ੍ਹਾਂ ਦੀ ਰਾਸ਼ਟਰੀਅਤਾ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਚੀਨੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਗਯਿਰੋਂਗ ਕਾਊਂਟੀ ਤੋਂ 1000 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ। ਇਨ੍ਹਾਂ ’ਚ 555 ਵਿਦੇਸ਼ੀ ਸੈਲਾਨੀ ਤੇ 499 ਸਥਾਨਕ ਨਾਗਰਿਕ ਸ਼ਾਮਲ ਹਨ। ਚੀਨ ਨੇ 2141 ਬਚਾਅ ਮੁਲਾਜ਼ਮਾਂ ਤੇ 86 ਮਾਹਿਰਾਂ ਨੂੰ ਭਾਲ ਦੀ ਕਾਰਵਾਈ ’ਚ ਲਗਾਇਆ ਹੈ।
----------
ਭਾਰਤ ਨੇ ਭੇਜੀ 60 ਟਨ ਰਾਹਤ ਸਮੱਗਰੀ, ਸੁਰੰਗ ਬਚਾਅ ਦਲ ਵੀ ਪਹੁੰਚਿਆ
ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ, ਭਾਰਤ ਵਲੋਂ ਹੁਣ ਤੱਕ 60 ਟਨ ਰਾਹਤ ਸਮੱਗਰੀ ਲੈ ਕੇ ਤਿੰਨ ਜਹਾਜ਼ ਨੇਪਾਲ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ 11 ਮੈਂਬਰੀ ਸੁਰੰਗ ਬਚਾਅ ਮਾਹਿਰਾਂ ਦੀ ਇਕ ਟੀਮ ਵੀ ਨੇਪਾਲ ਪਹੁੰਚੀ ਹੈ। ਇਹ ਟੀਮ ਰਸੁਵਾ ਤੇ ਨੁਵਾਕੋਟ ਜ਼ਿਲ੍ਹਿਆਂ ’ਚ ਹਾਈਡ੍ਰੋਪਾਵਰ ਪ੍ਰੋਜੈਕਟ ਦੀਆਂ ਸੁਰੰਗਾਂ ’ਚ ਫਸੇ ਲੋਕਾਂ ਨੂੰ ਕੱਢਣ ’ਚ ਮਦਦ ਕਰ ਰਹੀ ਹੈ। ਟੀਮ ਨੇ ਤ੍ਰਿਸ਼ੂਲੀ ਇਲਾਕੇ ’ਚ ਹਵਾਈ ਸਰਵੇਖਣ ਕੀਤਾ ਤੇ ਚਿਲੀਮ ਤੇ ਲਾਂਗਤਾਂਗ ਇਲਾਕੇ ’ਚ ਬਚਾਅ ਅਭਿਆਨ ਦੇ ਹਾਲਾਤ ਦੀ ਸਮੀਖਿਆ ਕੀਤੀ। ਇਸ ਅਭਿਆਨ ’ਚ ਨੇਪਾਲੀ ਫ਼ੌਜ ਤੇ ਪੁਲਿਸ ਦੇ 82 ਮੈਂਬਰ ਵੀ ਲੱਗੇ ਹੋਏ ਹਨ।
ਸਭ ਤੋਂ ਜ਼ਿਆਦਾ ਲੋਕ ਤ੍ਰਿਸ਼ੂਲੀ -1 ਤੇ ਤ੍ਰਿਸ਼ੂਲੀ 3ਏ ਹਾਈਡ੍ਰੋਪਾਵਰ ਪ੍ਰੋਜੈਕਟ ਨਾਲ ਜੁੜੀਆਂ ਸੁਰੰਗਾਂ ’ਚ ਫਸੇ ਹਨ। ਨੇਪਾਲੀ ਫ਼ੌਜ ਹੁਣ ਤੱਕ 350 ਤੋਂ ਜ਼ਿਆਦਾ ਲੋਕਾਂ ਨੂੰ ਸੁਰੰਗਾਂ ’ਚੋਂ ਕੱਢ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਉੱਥੇ ਹਾਲੇ ਸੈਂਕੜੇ ਮੁਲਾਜ਼ਮ ਫਸੇ ਹੋ ਸਕਦੇ ਹਨ। ਰਸੁਵਾ ’ਚ ਸੁਰੰਗ ’ਚ ਫਸੇ ਚਾਰ ਭਾਰਤੀਆਂ ਨੂੰ ਵੀ ਕੱਢ ਲਿਆ ਗਿਆ ਹੈ।
ਭਾਰਤ ਨੇ ਨੇਪਾਲ ਨੂੰ ਪ੍ਰੀਫੈਬ੍ਰਿਕੇਟਿਡ ਪੁਲ ਤੇ ਕੁਨੈਕਟੀਵਿਟੀ ਬਹਾਲ ਕਰਨ ਲਈ ਤਕਨੀਕੀ ਟੀਮ ਭੇਜਣ ਦੀ ਤਜਵੀਜ਼ ਵੀ ਦਿੱਤੀ ਹੈ। ਭਾਰਤ ਤੇ ਚੀਨ ਮਿਲ ਕੇ ਨੇਪਾਲ ’ਚ 42 ਬੇਲੀ-ਬ੍ਰਿਜ ਦਾ ਨਿਰਮਾਣ ਕਰਨਗੇ, ਤਾਂ ਜੋ ਟਰਾਂਸਪੋਰਟ ਵਿਵਸਥਾ ਨੂੰ ਮੁੜ ਸੁਚਾਰੂ ਕੀਤਾ ਜਾ ਸਕੇ।
ਚੀਨ ਵਲੋਂ ਵੀ ਨੇਪਾਲ ਦੇ ਆਫਤ ਪ੍ਰਭਾਵਿਤ ਇਲਾਕਿਆਂ ’ਚ ਐਮਰਜੈਂਸੀ ਸਹਾਇਤਾ ਤੇ ਅੰਤਰਰਾਸ਼ਟਰੀ ਬਚਾਅ ਸਹਿਯੋਗ ਭੇਜਿਆ ਗਿਆ ਹੈ। ਹਾਲਾਂਕਿ, ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ।
------------
ਬਾਰਿਸ਼ ਨੇ ਮੁੜ ਰੋਕੀ ਮੁਹਿੰਮ, ਲਾਸ਼ਾਂ ਦੀ ਪਛਾਣ ਬਣੀ ਚੁਣੌਤੀ
ਨੇਪਾਲ ਦੇ ਸਿਖਰਲੇ ਅਧਿਕਾਰੀ ਨਗੇਂਦਰ ਪਰੀਆਰ ਨੇ ਰਾਇਟਰ ਨੂੰ ਕਿਹਾ ਕਿ ਲਗਾਤਾਰ ਹੋ ਰਹੀ ਬਾਰਿਸ਼ ਤੇ ਨਦੀਆਂ ’ਚ ਵਧੇ ਪਾਣੀ ਦੇ ਪੱਧਰ ਦੇ ਕਾਰਨ ਰਸੁਵਾ ਜ਼ਿਲ੍ਹੇ ’ਚ ਬਚਾਅ ਮੁਹਿੰਮ ਨੂੰ ਆਰਜ਼ੀ ਤੌਰ ’ਤੇ ਰੋਕਣਾ ਪਿਆ। ਫਿਲਹਾਲ ਬਚਾਏ ਗਏ ਤੀਰਥਯਾਤਰੀਆਂ ਨੂੰ ਸੜਕ ਮਾਰਗ ਤੋਂ ਕਾਠਮੰਡੂ ਲਿਆਉਣ ’ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।
--------
ਚਿਤਵਨ ਜ਼ਿਲ੍ਹਾ ਅਧਿਕਾਰੀਆਂ ਦੇ ਮੁਤਾਬਕ, ਮਲਬੇ ਤੋਂ ਬਰਾਮਦ ਹੋ ਰਹੀਆਂ ਲਾਸ਼ਾਂ ਖਰਾਬ ਹਾਲਤ ’ਚ ਹਨ ਤੇ ਸੜਨ ਵੀ ਲੱਗੀਆਂ ਹਨ। ਅਜਿਹੇ ’ਚ ਉਨ੍ਹਾਂ ਦੀ ਪਛਾਣ ਕਰ ਪਾਉਣਾ ਮੁਸ਼ਕਲ ਹੋ ਰਿਹਾ ਹੈ। ਸਿਹਤ ਖ਼ਤਰੇ ਤੇ ਮਹਾਮਾਰੀ ਦੇ ਖ਼ਤਰੇ ਨੂੰ ਦੇਖਦੇ ਹੋਏ ਲਾਸ਼ਾਂ ਦੇ ਡੀਐੱਨਏ ਸੈਂਪਲ ਲਏ ਜਾ ਰਹੇ ਹਨ। ਹੋਰ ਰਸਮਾਂ ਪੂਰੀਆਂ ਕਰਨ ਦੇ ਬਾਅਦ ਉਨ੍ਹਾਂ ਨੂੰ ਦਫਨਾਇਆ ਜਾ ਰਿਹਾ ਹੈ।
ਕਾਠਮੰਡੂ ’ਚ ਵੱਡੀ ਗਿਣਤੀ ’ਚ ਲੋਕ ਮਹਾਰਾਜਗੰਜ ਮੈਡੀਕਲ ਕੈਂਪਸ ਦੇ ਆਸਪਾਸ ਜੁੜੇ ਹੋਏ ਹਨ ਤੇ ਲਾਪਤਾ ਪਰਿਵਾਰਕ ਮੈਂਬਰਾਂ ਦੀ ਭਾਲ ਕਰ ਰਹੇ ਹਨ। ਕੁਝ ਲਾਸ਼ਾਂ ਨੂੰ ਉੱਥੇ ਵੀ ਲਿਆਂਦਾ ਗਿਆ ਹੈ•। ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਦਿਖਾ ਕੇ ਉਨ੍ਹਾਂ ਦੇ ਬਾਰੇ ਪੁੱਛਗਿੱਛ ਕਰ ਰਹੇ ਹਨ ਤੇ ਹਸਪਤਾਲ ਦੇ ਬਾਹਰ ਲਗਾਈਆਂ ਗਈਆਂ ਮ੍ਰਿਤਕਾਂ ਦੀਆਂ ਤਸਵੀਰਾਂ ਤੇ ਮੁੱਢਲੀਆਂ ਜਾਣਕਾਰੀਆਂ ਨਾਲ ਉਨ੍ਹਾਂ ਦਾ ਮਿਲਾਨ ਕਰ ਰਹੇ ਹਨ। ਅਧਿਕਾਰੀਆਂ ਦੇ ਮੁਤਾਬਕ, ਹੁਣ ਤੱਕ 49 ਲਾਸ਼ਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ।
---------------
ਝੀਲ ਤੋਂ ਪਾਣੀ ਨਿਕਲਿਆ, ਖ਼ਤਰਾ ਕੁਝ ਘੱਟ ਹੋਇਆ
ਗਲੇਸ਼ੀਅਰ ਟੁੱਟਣ ਦੇ ਬਾਅਦ ਲੇਂਡੇ ਖੋਲਾ ਤੇ ਤ੍ਰਿਸ਼ੂਲੀ ਨਦੀਆਂ ਦੇ ਰਸਤੇ ’ਚ ਉਚਾਈ ’ਤੇ ਬਣੀ ਇਕ ਝੀਲ ਤੋਂ ਪਾਣੀ ਰਿਸਣ ਦੇ ਕਾਰਨ ਖ਼ਤਰਾ ਕੁਝ ਘੱਟ ਹੋਇਆ ਹੈ। ਚੀਨੀ ਮੀਡੀਆ ਸੀਸੀਟੀਵੀ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ ਉਪਗ੍ਰਹਿ ਤਸਵੀਰਾਂ ’ਚ ਝੀਲ ’ਚ ਪਾਣੀ ਘਟਦਾ ਹੋਇਆ ਪਾਇਆ ਗਿਆ ਹੈ। ਇਸ ਕਾਰਨ ਹੇਠਾਂ ਵੱਲ ਬਣੀ ਇਕ ਹੋਰ ਝੀਲ ’ਚ ਵੀ ਘੱਟ ਮਾਤਰਾ ’ਚ ਪਾਣੀ ਪਹੁੰਚ ਰਿਹਾ ਹੈ , ਜਿਸ ਨਾਲ ਉੱਥੇ ਦਬਾਅ ਵੀ ਘੱਟ ਹੋਇਆ ਹੈ।
ਹਾਲਾਂਕਿ ਨੇਪਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਝੀਲ ਦਾ ਪੂਰਾ ਪਾਣੀ ਨਿਕਲ ਨਹੀਂ ਜਾਂਦਾ, ਫਲੈਸ਼ ਫਲੱਡ ਦਾ ਖ਼ਤਰਾ ਬਣਿਆ ਰਹੇਗਾ। ਇਸ ਲਈ ਹਾਲਾਤ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਕਿਹਾ ਕਿ ਰਾਹਤ ਤੇ ਬਚਾਅ ਅਭਿਆਨ ’ਚ ਨੇਪਾਲ ਨੂੰ ਕਿਸੇ ਹੋਰ ਦੇਸ਼ ਦੀ ਮਦਦ ਦੀ ਲੋੜ ਨਹੀਂ ਹੈ। ਹਾਲਾਂਕਿ, ਹਾਈਡ੍ਰੋਪਾਵਰ ਪ੍ਰੋਜੈਕਟ ਦੀਆਂ ਸੁਰੰਗਾਂ ’ਚ ਫਸੇ ਲੋਕਾਂ ਨੂੰ ਕੱਢਣ ਟਰਾਂਸਪੋਰਟ ਤੇ ਸੰਚਾਰ ਸੇਵਾਵਾਂ ਬਹਾਲ ਕਰਨ, ਤਬਾਹ ਹੋਏ ਪੁਲਾਂ ਦੇ ਮੁੜ ਨਿਰਮਾਣ, ਮ੍ਰਿਤਕਾਂ ਦੀ ਪਛਾਣ, ਡੀਐੱਨਏ ਟੈਸਟਿੰਗ ਤੇ ਲਾਸ਼ਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਵਰਗੇ ਕੰਮਾਂ ’ਚ ਹੋਰ ਦੇਸ਼ਾਂ ਦੀ ਮਦਦ ਦੀ ਲੋੜ ਹੈ।
---------------
ਨੇਪਾਲ ਨੇ ਤੁਰੰਤ ਮਦਦ ਲਈ ਭਾਰਤ ਦਾ ਕੀਤਾ ਧੰਨਵਾਦ
ਪੀਟੀਆਈ ਦੇ ਮੁਤਾਬਕ, ਭਾਰਤ ਵਲੋਂ ਤੁਰੰਤ ਮਦਦ ਭੇਜੇ ਜਾਣ ’ਤੇ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਫਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਜ਼ਿਆਦਾ ਉਦਾਰਤਾ ਨਾਲ ਦਿਲ ਖੋਲ੍ਹ ਕੇ ਮਦਦ ਕੀਤੀ ਹੈ। ਪੀਟੀਆਈ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਭਾਰਤ ਨੇ ਨੇਪਾਲ ਦੇ ਮੁੜ ਨਿਰਮਾਣ ’ਚ ਵੀ ਉਦਾਰਤਾ ਨਾਲ ਸਹਿਯੋਗ ਦੇਣ ਦੇ ਸੰਕੇਤ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 2015 ’ਚ ਆਏ ਤਬਾਹਕੁੰਨ ਭੂਚਾਲ ਦੌਰਾਨ ਵੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਇਹੀ ਮਨੁੱਖੀ ਚਿਹਰਾ ਦੇਖਿਆ ਸੀ। ਉਸ ਦੌਰਾਨ ਵੀ ਭਾਰਤ ਸਰਕਾਰ ਨੇ ਖੁੱਲ੍ਹ ਕੇ ਨੇਪਾਲ ਦੀ ਮਦਦ ਕੀਤੀ ਸੀ। ਨੇਪਾਲ ਦੇ ਰਾਸ਼ਟਰਪਤੀ ਪੌਡੇਲ ਨੇ ਵੀ ਮਦਦ ਲਈ ਐਕਸ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਧੰਨਵਾਦ ਕੀਤਾ।