
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੜ੍ਹ ਅਤੇ ਲੈਂਡਸਲਾਈਡ ਦੀ ਤਬਾਹੀ ਤੋਂ ਬਾਅਦ ਮਿਲੀਆਂ ਲਾਸ਼ਾਂ ਨੂੰ ਕਾਠਮੰਡੂ, ਭੈਰਹਵਾ, ਬੁਟਵਲ, ਚਿਤਵਨ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿਚ ਫ੍ਰੀਜ਼ਰ ਵਿਚ ਰੱਖਿਆ ਗਿਆ ਹੈ। ਭੈਰਹਵਾ ਵਿਚ ਭੀਮ ਹਸਪਤਾਲ ਪਹੁੰਚਣ ਵਾਲੇ ਲੋਕ ਪਹਿਲਾਂ ਆਪਣੇ ਲਾਪਤਾ ਪਰਿਵਾਰ ਵਾਲਿਆਂ ਦੀ ਤਸਵੀਰ ਦਿਖਾ ਰਹੇ ਹਨ।

ਰਜਨੀਸ਼ ਤ੍ਰਿਪਾਠੀ, ਜਾਗਰਣ, ਬੁਟਵਲ (ਨੇਪਾਲ) : ਅਸੀਂ ਲੁੰਬਿਨੀ ਪ੍ਰਾਂਤਕ ਹਸਪਤਾਲ ਵਿਚ ਹਾਂ। ਅੰਦਰ ਲਾਸ਼ਾਂ ਰੱਖੀਆਂ ਹਨ। ਅਪਣਿਆਂ ਦੀ ਭਾਲ ਇੱਥੇ ਪੂਰੀ ਹੋਣ ਦੀ ਉਮੀਦ ਵਿੱਚ ਪਹੁੰਚੇ ਲੋਕ ਬਾਹਰ ਖੜ੍ਹੇ ਹਨ। ਜਦੋਂ ਅੰਦਰ ਪਹੁੰਚਦੇ ਹਨ ਤਾਂ ਇੱਕ-ਇੱਕ ਲਾਸ਼ ਦਾ ਚਿਹਰਾ ਦੇਖਦੇ ਹੋਏ ਕਦਮ ਅੱਗੇ ਵਧਦੇ ਹਨ। ਦਿਲ ਵਿਚ ਇੱਕ ਡਰ ਵੀ ਹੈ, ਜਿਸ ਲਾਸ਼ ਨੂੰ ਦੇਖਣ ਜਾ ਰਹੇ ਹਾਂ, ਕਿਤੇ ਉਹ ਉਨ੍ਹਾਂ ਦਾ ਆਪਣਾ ਨਾ ਹੋਵੇ। ਲਾਸ਼ਾਂ ਦੇ ਵਿਚਕਾਰ ਅਪਨਿਆਂ ਦੀ ਪਛਾਣ ਦਾ ਇਹ ਸਿਲਸਿਲਾ ਲੋਕਾਂ ਦੀ ਰੂਹ ਕੰਬਾ ਰਹਾ ਹੈ।
ਹੜ੍ਹ ਅਤੇ ਲੈਂਡਸਲਾਈਡ ਦੀ ਤਬਾਹੀ ਤੋਂ ਬਾਅਦ ਮਿਲੀਆਂ ਲਾਸ਼ਾਂ ਨੂੰ ਕਾਠਮੰਡੂ, ਭੈਰਹਵਾ, ਬੁਟਵਲ, ਚਿਤਵਨ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿਚ ਫ੍ਰੀਜ਼ਰ ਵਿਚ ਰੱਖਿਆ ਗਿਆ ਹੈ। ਭੈਰਹਵਾ ਵਿਚ ਭੀਮ ਹਸਪਤਾਲ ਪਹੁੰਚਣ ਵਾਲੇ ਲੋਕ ਪਹਿਲਾਂ ਆਪਣੇ ਲਾਪਤਾ ਪਰਿਵਾਰ ਵਾਲਿਆਂ ਦੀ ਤਸਵੀਰ ਦਿਖਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਲਾਸ਼ ਦਿਖਾਈ ਜਾ ਰਹੀ ਹੈ। ਲਾਸ਼ ਨੂੰ ਦੇਖਦੇ ਹੀ ਚਿਹਰੇ ’ਤੇ ਇੱਕੋ ਸਵਾਲ ਉਭਰਦਾ ਹੈ, ਕੀ ਇਹ ਉਹ ਚਿਹਰਾ ਹੈ, ਜਿਸ ਦਾ ਪਰਿਵਾਰ ਕਈ ਦਿਨਾਂ ਤੋਂ ਇੰਤਜ਼ਾਰ ਕਰ ਰਿਹਾ ਹੈ? ਇੱਕ ਲਾਸ਼ ਦੀ ਪਛਾਣ ਨਹੀਂ ਹੁੰਦੀ ਤਾਂ ਰਾਹਤ ਦਾ ਸਾਹ ਜ਼ਰੂਰ ਮਿਲਦਾ ਹੈ, ਪਰ ਅਗਲੀ ਲਾਸ਼ ਦੇ ਸਾਹਮਣੇ ਖੜ੍ਹੇ ਹੋਣ ਦਾ ਡਰ ਅਤੇ ਵਧ ਜਾਂਦਾ ਹੈ। ਕਿਸੇ ਨੂੰ ਆਖਰੀ ਦਰਸ਼ਨ ਦੀ ਆਸ ਹੈ ਤਾਂ ਕਿਸੇ ਨੂੰ ਇਸ ਗੱਲ ਦਾ ਡਰ ਸਤਾ ਰਹਾ ਹੈ ਕਿ ਭਾਲ ਕਿਤੇ ਉਸ ਸਭ ਤੋਂ ਭਿਆਨਕ ਸੱਚ ’ਤੇ ਜਾ ਕੇ ਖ਼ਤਮ ਨਾ ਹੋ ਜਾਵੇ, ਜਿਸ ਨੂੰ ਸਵੀਕਾਰ ਕਰਨ ਦੀ ਹਿੰਮਤ ਪਰਿਵਾਰ ਜੁਟਾ ਨਹੀਂ ਪਾ ਰਿਹਾ।
ਚਿਤਵਨ ਦੇ ਪ੍ਰਮੁੱਖ ਜ਼ਿਲ੍ਹਾ ਅਧਿਕਾਰੀ ਗਣੇਸ਼ ਅਰਿਆਲ ਦੱਸਦੇ ਹਨ ਕਿ ਹਰ ਲਾਸ਼ ਦੀ ਡੀਐੱਨਏ ਸੈਂਪਲਿੰਗ ਕਰਵਾਈ ਗਈ ਹੈ। ਲਾਸ਼ ’ਤੇ ਨੰਬਰ ਪਾ ਕੇ ਟੈਗ ਲਗਾਇਆ ਗਿਆ ਹੈ, ਤਾਂ ਜੋ ਪਛਾਣ ਦੀ ਪ੍ਰਕਿਰਿਆ ਵਿਚ ਕੋਈ ਭਰਮ ਨਾ ਹੋਵੇ। ਪਛਾਣ ਲਈ ਆਉਣ ਵਾਲੇ ਵਿਅਕਤੀ ਵੱਲੋਂ ਫ਼ੋਟੋ ਉਪਲਬਧ ਕਰਾਉਣ ਤੋਂ ਬਾਅਦ ਉਸ ਦਾ ਡੀਐੱਨਏ ਸੈਂਪਲ ਲਿਆ ਜਾ ਰਹਾ ਹੈ। ਡੀਐੱਨਏ ਮੇਲ ਹੋਣ ’ਤੇ ਸਬੰਧਤ ਪਰਿਵਾਰ ਚਾਹੇ ਤਾਂ ਲਾਸ਼ ਲੈ ਜਾ ਕੇ ਅੰਤਿਮ ਸੰਸਕਾਰ ਕਰ ਸਕਦਾ ਹੈ।
ਰੂਪਨਦੇਹੀ ਜ਼ਿਲ੍ਹੇ ਦੇ ਡੀਐੱਸਪੀ ਕ੍ਰਿਸ਼ਨ ਕੁਮਾਰ ਚੰਦ ਦੱਸਦੇ ਹਨ ਕਿ ਹੁਣ ਤੱਕ ਇੱਥੇ 43 ਲਾਸ਼ਾਂ ਲਿਆਂਦੀਆਂ ਗਈਆਂ ਹਨ। ਬੱਸ ਇੱਕ ਦੀ ਪਛਾਣ ਹੋ ਪਾਈ ਹੈ। 10 ਤਾਂ ਇਸ ਹਾਲਤ ਵਿਚ ਹਨ, ਜਿਸ ਵਿਚ ਪਛਾਣ ਕਰਨਾ ਵੀ ਚੁਣੌਤੀ ਹੈ। 32 ਲਾਸ਼ਾਂ ਨੂੰ ਵੱਖ-ਵੱਖ ਥਾਵਾਂ ’ਤੇ ਰੱਖਿਆ ਗਿਆ ਹੈ। ਪੋਸਟਮਾਰਟਮ ਵਿੱਚ ਸਾਰਿਆਂ ਦੀ ਡੀਐੱਨਏ ਸੈਂਪਲਿੰਗ ਕਰਵਾ ਕੇ ਉਸ ਦੀ ਟੈਗਿੰਗ ਤੋਂ ਬਾਅਦ ਦਫ਼ਨਾਇਆ ਜਾਵੇਗਾ।
ਲਾਸ਼ਾਂ ਨੂੰ ਰੱਖਣ ਦੀ ਵਿਵਸਥਾ ਨੂੰ ਲੈ ਕੇ ਰੋਸ
ਇਸ ਵਿਚਕਾਰ ਲਾਸ਼ਾਂ ਨੂੰ ਰੱਖਣ ਦੀ ਵਿਵਸਥਾ ਨੂੰ ਲੈ ਕੇ ਲੋਕਾਂ ਦਾ ਰੋਹ ਵੀ ਸਾਹਮਣੇ ਆ ਰਿਹਾ ਹੈ। ਭੈਰਹਵਾ ਦੇ ਅਜੈ ਕਸੌਧਨ ਕਹਿੰਦੇ ਹਨ ਨੇਪਾਲ ਵਿਚ ਪਹਿਲੀ ਵਾਰ ਪਰਿਵਾਰਕ ਮੈਂਬਰ ਦਾ ਪਛਾਣਨ ਦਾ ਹੱਕ ਖੋਹ ਕੇ, ਜਿੰਨੀਆਂ ਲਾਸ਼ਾਂ ਮਿਲੀਆਂ ਹਨ, ਸਭ ਨੂੰ ਦਫ਼ਨਾਇਆ ਜਾ ਰਿਹਾ ਹੈ। ਕਾਠਮੰਡੂ ਦੇ ਗਿਆਨੇਂਦਰ ਖਰਕਾ ਕਹਿੰਦੇ ਹਨ ਕਿ ਹਮਾਸ ਵਰਗਾ ਮਨੁੱਖਤਾ ਵਿਰੋਧੀ ਸੰਗਠਨ ਵੀ ਲਾਸ਼ ਨੂੰ 100 ਦਿਨਾਂ ਤੋਂ ਜ਼ਿਆਦਾ ਸੁਰੱਖਿਅਤ ਰੱਖ ਸਕਦਾ ਹੈ ਤਾਂ ਸਾਡਾ ਰਾਜ ਤੰਤਰ ਆਪਣੇ ਹੀ ਨਾਗਰਿਕਾਂ ਦਾ ਅਧਿਕਾਰ ਕਿਉਂ ਖੋਹ ਰਿਹਾ ਹੈ। ਰਾਜ ਨੂੰ ਆਪਣੇ ਹਰ ਨਾਗਰਿਕ ਨੂੰ ਪਛਾਣਨਾ ਚਾਹੀਦਾ ਹੈ। ਆਪਣੀ ਜ਼ਿੰਮੇਵਾਰੀ ਤੋਂ ਉਹ ਭੱਜ ਨਹੀਂ ਸਕਦੇ। ਸਵਾਲ ਉੱਠ ਰਿਹਾ ਹੈ ਕਿ ਲਾਸ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤਾਂ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੇ ਪ੍ਰਬੰਧ ਵੀ ਵਧਾਏ ਜਾਣੇ ਚਾਹੀਦੇ ਹਨ। ਲਾਸ਼ਾਂ ਨੂੰ ਦਫ਼ਨਾਉਣ ਦੀ ਇੰਨੀ ਜਲਦੀ ਕਿਉਂ ਹੈ? ਲੋਕਾਂ ਦੀ ਮੰਗ ਹੈ ਕਿ ਜਦੋਂ ਤੱਕ ਪਛਾਣ ਦੀ ਪੂਰੀ ਸੰਭਾਵਨਾ ਹੈ, ਤਦ ਤੱਕ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਵਾਧੂ ਪ੍ਰਬੰਧ ਕੀਤੇ ਜਾਣ। ਜੋ ਲਾਸ਼ਾਂ ਖਰਾਬ ਹੋਣ ਲੱਗੀਆਂ ਹਨ, ਉਨ੍ਹਾਂ ਨੂੰ ਚਿਤਵਨ ਦੇ ਧਾਰਮਿਕ ਅੰਤਿਮ ਸੰਸਕਾਰ ਵਾਲੇ ਸਥਾਨ ਦੇਵਘਾਟ ਵਿਚ ਡੇਢ ਮੀਟਰ ਡੂੰਘੇ ਟੋਏ ਵਿਚ, ਇੱਕ-ਦੂਜੇ ਤੋਂ 50 ਸੈਂਟੀਮੀਟਰ ਦੀ ਦੂਰੀ ਬਣਾ ਕੇ ਦਫ਼ਨਾਇਆ ਜਾ ਰਿਹਾ ਹੈ।
---------
ਅੰਕੜਿਆਂ ’ਤੇ ਇੱਕ ਨਜ਼ਰ
ਜ਼ਿਲ੍ਹਾ-ਮਿਲੀਆਂ ਲਾਸ਼ਾਂ
ਚਿਤਵਨ-264
ਨਵਲਪੁਰਾਸੀ ਪੂਰਬ-184
ਨਵਲਪੁਰਾਸੀ ਪੱਛਮੀ-82
ਨੁਵਾਕੋਟ-52
ਧਾਦਿੰਗ-50
ਗੋਰਖਾ-58
ਤਨਹੂੰ-37
ਰਸੁਵਾ-13
ਕੁੱਲ-740