ਭਾਰਤ-ਆਸਟ੍ਰੇਲੀਆ ਭਾਈਵਾਲੀ ਦਾ ਨਵਾਂ ਅਧਿਆਏ, ਕੱਲ੍ਹ ਤੋਂ ਸ਼ੁਰੂ ਹੋਵੇਗਾ PM ਮੋਦੀ ਦਾ ਅਧਿਕਾਰਤ ਦੌਰਾ; CEOs ਫੋਰਮ 'ਤੇ ਟਿਕੀਆਂ ਨਜ਼ਰਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਤੋਂ 10 ਜੁਲਾਈ 2026 ਤੱਕ ਆਸਟ੍ਰੇਲੀਆ ਦੇ ਅਧਿਕਾਰਤ ਦੌਰੇ ’ਤੇ ਰਹਿਣਗੇ। ਇਹ ਦੌਰਾ ਉਨ੍ਹਾਂ ਦੀ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਯਾਤਰਾ ਦਾ ਹਿੱਸਾ ਹੈ ਅਤੇ ਭਾਰਤ ਆਸਟ੍ਰੇਲੀਆ ਸੰਬੰਧਾਂ ਲਈ ਇੱਕ ਮਹੱਤਵਪੂਰਨ ਕੂਟਨੀਤਿਕ ਪੜਾਅ ਮੰਨਿਆ ਜਾ ਰਿਹਾ ਹੈ।
Publish Date: Tue, 07 Jul 2026 03:49 PM (IST)
Updated Date: Tue, 07 Jul 2026 03:51 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਪੰਜਾਬੀ ਜਾਗਰਣ, ਮੈਲਬੌਰਨ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਤੋਂ 10 ਜੁਲਾਈ 2026 ਤੱਕ ਆਸਟ੍ਰੇਲੀਆ ਦੇ ਅਧਿਕਾਰਤ ਦੌਰੇ ’ਤੇ ਰਹਿਣਗੇ। ਇਹ ਦੌਰਾ ਉਨ੍ਹਾਂ ਦੀ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਯਾਤਰਾ ਦਾ ਹਿੱਸਾ ਹੈ ਅਤੇ ਭਾਰਤ ਆਸਟ੍ਰੇਲੀਆ ਸੰਬੰਧਾਂ ਲਈ ਇੱਕ ਮਹੱਤਵਪੂਰਨ ਕੂਟਨੀਤਿਕ ਪੜਾਅ ਮੰਨਿਆ ਜਾ ਰਿਹਾ ਹੈ।
ਮੈਲਬੌਰਨ ਵਿੱਚ ਹੋਣ ਵਾਲੇ ਤੀਜੇ Australia India Annual Leaders’ Summit ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਵਪਾਰ, ਨਿਵੇਸ਼, ਰੱਖਿਆ ਸਹਿਯੋਗ, ਸਿੱਖਿਆ, ਪ੍ਰਵਾਸ, ਮਹੱਤਵਪੂਰਨ ਖਣਿਜ (Critical Minerals), ਊਰਜਾ ਅਤੇ ਹਿੰਦ ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਵਰਗੇ ਕੂਟਨੀਤਕ ਮੁੱਦਿਆਂ ’ਤੇ ਚਰਚਾ ਕਰਨਗੇ। ਇਸ ਮੌਕੇ ਕਈ ਨਵੇਂ ਸਮਝੌਤਿਆਂ ਅਤੇ ਸਹਿਯੋਗੀ ਪਹਿਲਕਦਮੀਆਂ ਦੇ ਐਲਾਨ ਦੀ ਵੀ ਉਮੀਦ ਹੈ।
ਇਸ ਦੌਰੇ ਦੌਰਾਨ India Australia CEOs Forum ਵੀ ਆਯੋਜਿਤ ਹੋਵੇਗਾ ਜਿਸ ਵਿੱਚ ਦੋਵੇਂ ਦੇਸ਼ਾਂ ਦੇ ਪ੍ਰਮੁੱਖ ਉਦਯੋਗਪਤੀ ਅਤੇ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਸ ਫੋਰਮ ਵਿੱਚ ਨਵੀਂ ਤਕਨਾਲੋਜੀ, ਬੁਨਿਆਦੀ ਢਾਂਚਾ, ਨਵੀਆਂ ਉਦਯੋਗਿਕ ਪਹਿਲਕਦਮੀਆਂ ਅਤੇ ਨਿਵੇਸ਼ ਦੇ ਮੌਕਿਆਂ ਨੂੰ ਹੋਰ ਮਜ਼ਬੂਤ ਕਰਨ ਤੇ ਵਿਚਾਰ ਕੀਤਾ ਜਾਵੇਗਾ।
ਆਰਥਿਕ ਪੱਖੋਂ ਵੀ ਇਹ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਪਹਿਲਾਂ ਹੀ Economic Cooperation and Trade Agreement (ECTA) ਤਹਿਤ ਸਹਿਯੋਗ ਕਰ ਰਹੇ ਹਨ ਜਦਕਿ ਵਿਆਪਕ Comprehensive Economic Cooperation Agreement (CECA) ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਜਾਰੀ ਹੈ। ਜੇਕਰ ਇਸ ਦਿਸ਼ਾ ਵਿੱਚ ਤਰੱਕੀ ਹੁੰਦੀ ਹੈ ਤਾਂ ਖੇਤੀਬਾੜੀ, ਸਿੱਖਿਆ, ਸਾਫ਼ ਊਰਜਾ, ਖਣਿਜ, ਨਿਰਮਾਣ ਅਤੇ ਤਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਨਵੇਂ ਨਿਵੇਸ਼ ਅਤੇ ਵਪਾਰਕ ਮੌਕਿਆਂ ਦਾ ਰਾਹ ਖੁੱਲ ਸਕਦਾ ਹੈ। ਸਿੱਖਿਆ ਅਤੇ ਹੁਨਰ ਵਿਕਾਸ ਵੀ ਦੌਰੇ ਦੇ ਮੁੱਖ ਵਿਸ਼ਿਆਂ ਵਿੱਚ ਸ਼ਾਮਲ ਹਨ। ਦੋਵੇਂ ਦੇਸ਼ ਉੱਚ ਸਿੱਖਿਆ, ਖੋਜ, ਯੂਨੀਵਰਸਿਟੀ ਭਾਈਵਾਲੀ, ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਦੀ ਆਵਾਜਾਈ ਨੂੰ ਹੋਰ ਬਿਹਤਰ ਬਣਾਉਣ ’ਤੇ ਜ਼ੋਰ ਦੇਣਗੇ।
ਇਸ ਦੌਰਾਨ ਇੱਕ ਜਨਤਕ ਸਮਾਗਮ “Melbourne Meets Modi” ਵੀ Marvel Stadium ਵਿੱਚ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ 30 ਹਜ਼ਾਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੇ Melbourne Cricket Ground (MCG) ਦੇ ਦੌਰੇ ਅਤੇ Docklands ਵਿੱਚ ਯੋਜਨਾਬੱਧ Little India Precinct ਸਬੰਧੀ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਦੌਰੇ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹਾਲ ਹੀ ਵਿੱਚ ਮਿਲੀ ਇੱਕ ਆਨਲਾਈਨ ਧਮਕੀ ਦੇ ਮੱਦੇਨਜ਼ਰ ਆਸਟ੍ਰੇਲੀਆਈ ਸੁਰੱਖਿਆ ਏਜੰਸੀਆਂ ਵੱਲੋਂ ਸਾਰੇ ਪ੍ਰੋਗਰਾਮਾਂ ਲਈ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ।