- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨਕਸ਼ੇ ਵਿਚ ਕਾਲਾਪਾਣੀ, ਲਿਪੂਲੇਖ ਅਤੇ ਲਿੰਪਿਆਧੁਰਾ ਵਰਗੇ ਭਾਰਤੀ ਖੇਤਰ ਵੀ ਦਰਸਾਏ ਗਏ ਹਨ ਜਿਨ੍ਹਾਂ ’ਤੇ ਨੇਪਾਲ ਦਾਅਵਾ ਕਰਦਾ ਹੈ। ਸਿੱਕੇ ’ਤੇ ਆਕਾਸ਼ ਭੈਰਵ ਦੀ ਤਸਵੀਰ ਵੀ ਅੰਕਿਤ ਕੀਤੀ ਜਾਵੇਗੀ।

ਜਿਤੇਂਦਰ ਪਾਂਡੇ, ਜਾਗਰਣ, ਸਿਧਾਰਥਨਗਰ : ਨੇਪਾਲ ਵਿਚ ਇਕ ਰੁਪਏ ਦਾ ਨਵਾਂ ਸਿੱਕਾ ਵਿਵਾਦਤ ਨਕਸ਼ੇ ਦੇ ਨਾਲ ਹੀ ਜਾਰੀ ਕੀਤਾ ਜਾਵੇਗਾ। ਨੇਪਾਲ ਸਰਕਾਰ ਨੇ ਇਸ ਦਾ ਡਿਜ਼ਾਈਨ ਤਿਆਰ ਕਰ ਲਿਆ ਹੈ। ਇਸ ਵਿਚ ਦੇਸ਼ ਦਾ ਅਧਿਕਾਰਤ ਨਕਸ਼ਾ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ। ਇਸ ਨਕਸ਼ੇ ਵਿਚ ਕਾਲਾਪਾਣੀ, ਲਿਪੂਲੇਖ ਅਤੇ ਲਿੰਪਿਆਧੁਰਾ ਵਰਗੇ ਭਾਰਤੀ ਖੇਤਰ ਵੀ ਦਰਸਾਏ ਗਏ ਹਨ ਜਿਨ੍ਹਾਂ ’ਤੇ ਨੇਪਾਲ ਦਾਅਵਾ ਕਰਦਾ ਹੈ। ਸਿੱਕੇ ’ਤੇ ਆਕਾਸ਼ ਭੈਰਵ ਦੀ ਤਸਵੀਰ ਵੀ ਅੰਕਿਤ ਕੀਤੀ ਜਾਵੇਗੀ।
ਨੇਪਾਲ ਦੇ ਨਿਊਜ਼ ਪੋਰਟਲ ਕਾਂਤੀਪੁਰ ਡੇਲੀ ਅਤੇ ਨਿਊਜ਼ ਯਾਤਰਾ ਸਮੇਤ ਕਈ ਨੇਪਾਲੀ ਮੀਡੀਆ ਸੰਸਥਾਵਾਂ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ। ਨੇਪਾਲੀ ਮੀਡੀਆ ਨੇ ਆਪਣੀ ਖ਼ਬਰ ਵਿਚ ਨੇਪਾਲ ਦੇ ਵਿੱਤ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲਣ ਮਗਰੋਂ ਨਵੇਂ ਡਿਜ਼ਾਈਨ ਦਾ ਪ੍ਰਸਤਾਵ ਨੇਪਾਲ ਰਾਸ਼ਟਰ ਬੈਂਕ ਨੂੰ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰ ਬੈਂਕ ਨੇ ਮੁਸਤਾਂਗ ਸਥਿਤ ਇਤਿਹਾਸਕ ਘਰ ਗੁੰਬਾ ਦੀ ਤਸਵੀਰ ਵਾਲਾ ਡਿਜ਼ਾਈਨ ਮਨਜ਼ੂਰੀ ਲਈ ਭੇਜਿਆ ਸੀ ਪਰ ਸਰਕਾਰ ਨੇ ਉਸ ਨੂੰ ਵਾਪਸ ਕਰ ਕੇ ਤਰਮੀਮਸ਼ੁਦਾ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ।
ਨੇਪਾਲੀ ਮੀਡੀਆ ਨੇ ਰਾਸ਼ਟ੍ਰ ਬੈਂਕ ਦੇ ਬੁਲਾਰੇ ਗੁਰੂ ਪ੍ਰਸਾਦ ਪੌਡੇਲ ਦੇ ਹਵਾਲੇ ਨਾਲ ਦੱਸਿਆ ਹੈ ਕਿ ਨਵੇਂ ਸਿੱਕੇ ’ਤੇ ਨੇਪਾਲ ਦਾ ਅਧਿਕਾਰਤ ਨਕਸ਼ਾ ਪਹਿਲਾਂ ਵਾਂਗ ਹੀ ਰਹੇਗਾ, ਜਦਕਿ ਸਿੱਕੇ ਦੇ ਆਕਾਰ, ਵਜ਼ਨ ਅਤੇ ਧਾਤੂ ਵਿਚ ਬਦਲਾਅ ਕੀਤਾ ਜਾਵੇਗਾ। ਮੌਜੂਦਾ ਇਕ ਰੁਪਏ ਦੇ ਸਿੱਕੇ ਦੀ ਨਿਰਮਾਣ ਲਾਗਤ ਉਸ ਦੇ ਅੰਕਿਤ ਮੁੱਲ ਤੋਂ ਵੱਧ ਹੋਣ ਕਾਰਨ ਹੁਣ ਮਿਸ਼ਰਤ ਧਾਤੂ ਦੇ ਸਥਾਨ ’ਤੇ ਸਟੀਲ ਦੀ ਵਰਤੋਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਿੱਕੇ ’ਤੇ ਬਣੇ 64 ਬਿੰਦੂ 64 ਯੋਗਿਨੀਆਂ ਦਾ ਪ੍ਰਤੀਕ ਹਨ ਅਤੇ ਨਵੇਂ ਡਿਜ਼ਾਈਨ ਵਿਚ ਵੀ ਸੰਸਕ੍ਰਿਤਕ ਅਤੇ ਇਤਿਹਾਸਕ ਪ੍ਰਤੀਕਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾ ਰਿਹਾ ਹੈ। ਅੰਤਿਮ ਫ਼ੈਸਲਾ ਸਰਕਾਰ ਦੇ ਪੱਧਰ ’ਤੇ ਲਿਆ ਜਾਵੇਗਾ। ਭਾਰਤ-ਨੇਪਾਲ ਸਰਹੱਦ ਨਾਲ ਲੱਗਦੇ ਸਿਧਾਰਥਨਗਰ ਅਤੇ ਮਹਾਰਾਜਗੰਜ ਜ਼ਿਲ੍ਹੇ ਦੇ ਸੀਮਾਵਾਰ ਖੇਤਰਾਂ ਵਿਚ ਨਵੇਂ ਸਿੱਕੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਕਾਲਾਪਾਣੀ, ਲਿਪੂਲੇਖ ਅਤੇ ਲਿੰਪਿਆਧੁਰਾ ਉਸ ਦੇ ਅਟੁੱਟ ਅੰਗ ਹਨ ਅਤੇ ਸੀਮਾ ਸਬੰਧੀ ਮਤਭੇਦਾਂ ਦਾ ਹੱਲ ਦੋਪੱਖੀ ਗੱਲਬਾਤ ਜ਼ਰੀਏ ਹੀ ਸੰਭਵ ਹੈ।