- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਅੰਕੜਿਆਂ ਮੁਤਾਬਕ ਤ੍ਰਿਸ਼ੂਲੀ-ਭੋਟੇਕੋਸ਼ੀ ਦੇ ਹੜ੍ਹ ਵਿਚ 33 ਹਜ਼ਾਰ ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਹਨ। ਕਾਠਮੰਡੂ, ਰਸੁਵਾ ਅਤੇ ਨੁਵਾਕੋਟ ਵਿਚ ਕੁਝ ਪੀੜਤ ਰਾਹਤ ਕੈਂਪਾਂ ਵਿਚ ਹਨ, ਜਦਕਿ ਜ਼ਿਆਦਾਤਰ ਲੋਕ ਰਿਸ਼ਤੇਦਾਰਾਂ ਅਤੇ ਜਨਤਕ ਇਮਾਰਤਾਂ ਵਿਚ ਠਿਕਾਣਾ ਲਏ ਹੋਏ ਹਨ।

ਵਿਸ਼ਵਦੀਪਕ ਤ੍ਰਿਪਾਠੀ, ਕਾਠਮੰਡੂ, ਨੇਪਾਲ : ਹੜ੍ਹ ਕਾਰਨ ਉੱਜੜੇ 33 ਹਜ਼ਾਰ ਪਰਿਵਾਰਾਂ ਦੇ ਸਾਹਮਣੇ ਹੁਣ ਸਿਰਫ਼ ਰਾਹਤ ਹਾਸਲ ਕਰਨ ਦਾ ਸਵਾਲ ਨਹੀਂ ਹੈ, ਸਗੋਂ ਉਨ੍ਹਾਂ ਨੂੰ ਆਪਣੇ ਮੌਲਿਕ ਅਧਿਕਾਰ ਲਈ ਆਵਾਜ਼ ਉਠਾਉਣ ਦੀ ਲੋੜ ਵੀ ਮਹਿਸੂਸ ਹੋਣ ਲੱਗੀ ਹੈ। ਧਾਦਿੰਗ ਜ਼ਿਲ੍ਹੇ ਦੀ ਗਜੂਰੀ ਗਾਂਵਪਾਲਿਕਾ ਦੇ ਬਾਂਗੇ ਦੀ ਰਹਿਣ ਵਾਲੀ ਰੀਤਾ ਮਗਰ ਇਸ ਆਵਾਜ਼ ਨੂੰ ਨੇਪਾਲੀ ਵਿਚ ਬੁਲੰਦ ਕਰਦੀ ਹੈ, ‘ਸੰਵਿਧਾਨਲੇ ਗਾਸ (ਭੋਜਨ), ਬਾਸ (ਰਿਹਾਇਸ਼) ਰ ਕਪਾਸ (ਪਹਿਰਾਵਾ) ਹਾਮਰੋ ਮੌਲਿਕ ਅਧਿਕਾਰ ਹੋ, ਸਰਕਾਰ ਯਸਲਾਈ ਪੂਰਾ ਗਰਨੁਪਰਛ।’
26 ਅਗਸਤ ਦੇ ਹੜ੍ਹ ਵਿਚ ਰੀਤਾ ਦਾ ਘਰ ਤਬਾਹ ਹੋ ਗਿਆ। ਪਿਛਲੇ ਛੇ ਦਿਨਾਂ ਤੋਂ ਉਹ ਆਪਣੇ ਪਤੀ, ਦੋ ਬੱਚਿਆਂ ਅਤੇ ਸਹੁਰੇ ਛੇਤਰੀ ਬਹਾਦੁਰ ਮਗਰ ਨਾਲ ਗਜੂਰੀ ਵਿਚ ਇਕ ਰਿਸ਼ਤੇਦਾਰ ਦੇ ਘਰ ਰਹਿ ਰਹੀ ਹੈ। ਰਾਹਤ ਸਮੱਗਰੀ ਲੈਣ ਲਈ ਉਹ ਆਪਣੇ ਸਹੁਰੇ ਨਾਲ ਗਜੂਰੀ ਗਾਂਵਪਾਲਿਕਾ ਪਹੁੰਚੀ। ਚੌਲ, ਦਾਲ, ਤੇਲ ਅਤੇ ਕੁਝ ਜ਼ਰੂਰੀ ਵਸਤਾਂ ਤਾਂ ਮਿਲੀਆਂ, ਪਰ ਪਰਿਵਾਰ ਦੇ ਸਿਰ ’ਤੇ ਛੱਤ ਕਦੋਂ ਹੋਵੇਗੀ, ਇਸ ਦਾ ਜਵਾਬ ਨਹੀਂ ਮਿਲਿਆ।
ਰੀਤਾ ਕਹਿੰਦੀ ਹੈ, ‘ਸਰਕਾਰ ਤੋਂ ਅਜੇ ਘਰ ਨਹੀਂ ਮੰਗ ਰਹੇ। ਜੇ ਬਾਂਸ ਅਤੇ ਇਕ ਤਿਰਪਾਲ ਮਿਲ ਜਾਵੇ ਤਾਂ ਅਸੀਂ ਖੁਦ ਰਹਿਣ ਲਈ ਠਿਕਾਣਾ ਬਣਾ ਲਵਾਂਗੇ। ਬੱਚਿਆਂ ਨੂੰ ਖੁੱਲ੍ਹੇ ਆਸਮਾਨ ਹੇਠਾਂ ਨਹੀਂ ਸੌਣਾ ਪਵੇਗਾ।’
ਸਰਕਾਰੀ ਅੰਕੜਿਆਂ ਮੁਤਾਬਕ ਤ੍ਰਿਸ਼ੂਲੀ-ਭੋਟੇਕੋਸ਼ੀ ਦੇ ਹੜ੍ਹ ਵਿਚ 33 ਹਜ਼ਾਰ ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਹਨ। ਕਾਠਮੰਡੂ, ਰਸੁਵਾ ਅਤੇ ਨੁਵਾਕੋਟ ਵਿਚ ਕੁਝ ਪੀੜਤ ਰਾਹਤ ਕੈਂਪਾਂ ਵਿਚ ਹਨ, ਜਦਕਿ ਜ਼ਿਆਦਾਤਰ ਲੋਕ ਰਿਸ਼ਤੇਦਾਰਾਂ ਅਤੇ ਜਨਤਕ ਇਮਾਰਤਾਂ ਵਿਚ ਠਿਕਾਣਾ ਲਏ ਹੋਏ ਹਨ। ਅਜਿਹੇ ਵਿਚ ਰੀਤਾ ਦੀ ਆਵਾਜ਼ ਪ੍ਰਭਾਵਿਤ ਪਰਿਵਾਰਾਂ ਦੀ ਉਸ ਮੰਗ ਨੂੰ ਸਾਹਮਣੇ ਲਿਆ ਰਹੀ ਹੈ, ਜੋ ਭੋਜਨ ਅਤੇ ਰਾਹਤ ਸਮੱਗਰੀ ਤੋਂ ਅੱਗੇ ਵਧ ਕੇ ਸੁਰੱਖਿਅਤ ਰਿਹਾਇਸ਼ ਨੂੰ ਅਧਿਕਾਰ ਵਜੋਂ ਯਕੀਨੀ ਬਣਾਉਣ ਦੀ ਹੈ।
ਨੁਵਾਕੋਟ ਵਿਚ ਬੇਤ੍ਰਾਵਤੀ ਦੇ ਵਿਨੋਦ ਤਮਾਂਗ ਦੱਸਦੇ ਹਨ, ‘ਪਲ ਭਰ ਲੱਗਾ ਕਿ ਜ਼ਿੰਦਗੀ ਹੀ ਨਹੀਂ ਬਚੀ। ਤੇਜ਼ ਰਫ਼ਤਾਰ ਨਾਲ ਜਦੋਂ ਪਾਣੀ ਆਇਆ ਤਾਂ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਕਿਸੇ ਤਰ੍ਹਾਂ ਉਚਾਈ ’ਤੇ ਪਹੁੰਚ ਕੇ ਜਾਨ ਬਚਾਈ, ਪਰ ਅੱਖਾਂ ਸਾਹਮਣੇ ਘਰ ਤਬਾਹ ਹੁੰਦਾ ਦੇਖ ਦਿਲ ਕਰਾਹ ਉੱਠਿਆ।’
ਰਿਤੂ ਡੰਗੋਲ ਦੱਸਦੀ ਹੈ ਕਿ ਹੜ੍ਹ ਤੋਂ ਬਾਅਦ ਤੋਂ ਉਸ ਦੇ ਦੋਵੇਂ ਬੱਚੇ ਰਾਤ ਨੂੰ ਡਰ ਕਾਰਨ ਸੌਂ ਨਹੀਂ ਪਾਉਂਦੇ। ਸੁਜਨ ਰਤਨ ਆਚਾਰਿਆ ਕਹਿੰਦੇ ਹਨ, ‘ਸਭ ਕੁਝ ਰੁੜ੍ਹ ਗਿਆ, ਹੁਣ ਸਭ ਤੋਂ ਵੱਡੀ ਤਰਜੀਹ ਸਿਰ ਛੁਪਾਉਣ ਦੀ ਹੈ। ਕਿੱਥੇ ਰਹੀਏ, ਕਿੱਥੇ ਜਾਈਏ, ਕੁਝ ਸਮਝ ਨਹੀਂ ਆ ਰਿਹਾ।’
ਆਫ਼ਤ ਦੇ ਸ਼ੁਰੂਆਤੀ 72 ਘੰਟਿਆਂ ਵਿਚ ਭੋਜਨ ਅਤੇ ਦਵਾਈ ਜ਼ਰੂਰੀ ਹੁੰਦੇ ਹਨ, ਪਰ ਇਸ ਤੋਂ ਬਾਅਦ ਬੇਘਰ ਹੋਏ ਪਰਿਵਾਰਾਂ ਲਈ ਸੁਰੱਖਿਅਤ ਠਿਕਾਣਾ ਸਭ ਤੋਂ ਵੱਡੀ ਲੋੜ ਬਣ ਜਾਂਦਾ ਹੈ। ਸਰਕਾਰ ਦਾ ਧਿਆਨ ਇਸ ਵੇਲੇ ਖੋਜ ਅਤੇ ਪਛਾਣ ’ਤੇ ਹੈ, ਉਥੇ ਹੀ 33 ਹਜ਼ਾਰ ਪ੍ਰਭਾਵਿਤ ਘਰਾਂ ਦੇ ਪਰਿਵਾਰਾਂ ਲਈ ਅਸਥਾਈ ਬਸਤੀਆਂ ਅਤੇ ਸੁਰੱਖਿਅਤ ਰਿਹਾਇਸ਼ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ। ਰੀਤਾ ਦੀ ਆਵਾਜ਼ ਇਸੇ ਲੋੜ ਨੂੰ ਮੌਲਿਕ ਅਧਿਕਾਰ ਨਾਲ ਜੋੜ ਰਹੀ ਹੈ।
ਸ਼ਾਮ ਢਲਦਿਆਂ ਹੀ ਗਜੂਰੀ ਦੇ ਕੈਂਪ ਵਿਚ ਰੀਤਾ ਬੱਚਿਆਂ ਸਮੇਤ ਮੁੜ ਰਿਸ਼ਤੇਦਾਰ ਦੇ ਦਰਵਾਜ਼ੇ ’ਤੇ ਸਿਮਟ ਜਾਂਦੀ ਹੈ। ਉਸ ਦੇ ਸਾਹਮਣੇ ਸਵਾਲ ਸਿਰਫ਼ ਅੱਜ ਦੀ ਰਾਤ ਗੁਜ਼ਾਰਨ ਦਾ ਨਹੀਂ, ਸਗੋਂ ਉਸ ਅਧਿਕਾਰ ਦਾ ਹੈ ਜਿਸ ਨੂੰ ਉਹ ਸੰਵਿਧਾਨ ਵਿਚ ਦਰਜ ਦੱਸਦੀ ਹੈ।