
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਸਰਹੱਦ ਦੇ ਨੇੜੇ ਨਾਰਾਇਣੀ ਨਦੀ ’ਤੇ ਸਥਿਤ ਚਿਤਵਨ ਸਭ ਤੋਂ ਵੱਡੇ ਸੰਕਟ ਵਜੋਂ ਉੱਭਰਿਆ ਹੈ। ਸ਼ੁੱਕਰਵਾਰ ਤਕ ਇਸ ਜ਼ਿਲ੍ਹੇ ਵਿੱਚ 221 ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜੋ ਇਸ ਹੜ੍ਹ ਕੌਰੀਡੋਰ 'ਚ ਸਭ ਤੋਂ ਵੱਡਾ ਅੰਕੜਾ ਹੈ।

ਡਿਜੀਟਲ ਡੈਸਕ, ਕਾਠਮੰਡੂ : ਬੁੱਧਵਾਰ ਨੂੰ ਨੇਪਾਲ 'ਚ ਆਏ ਫਲੈਸ਼ ਫਲੱਡ ਤੋਂ ਬਾਅਦ ਹਾਲਾਤ ਬੇਹੱਦ ਭਿਆਨਕ ਹੋ ਗਏ ਹਨ। ਮੱਧ ਤੇ ਦੱਖਣੀ ਨੇਪਾਲ 'ਚ 200 ਕਿਲੋਮੀਟਰ ਲੰਬੇ ਭੋਟੇ ਕੋਸ਼ੀ-ਤ੍ਰਿਸ਼ੂਲੀ-ਨਾਰਾਇਣੀ ਨਦੀ ਮਾਰਗ ’ਤੇ ਸਥਿਤ ਮੁਰਦਾਘਰ ਪੂਰੀ ਤਰ੍ਹਾਂ ਭਰ ਚੁੱਕੇ ਹਨ ਤੇ ਉਨ੍ਹਾਂ ਦੀ ਸਮਰੱਥਾ ਜਵਾਬ ਦੇ ਗਈ ਹੈ।
ਹੜ੍ਹ 'ਚ ਵਹਿ ਗਏ ਲੋਕਾਂ ਦੀਆਂ ਲਾਸ਼ਾਂ ਜਿਵੇਂ-ਜਿਵੇਂ ਨਦੀ ਦੇ ਹੇਠਲੇ ਇਲਾਕਿਆਂ 'ਚ ਮਿਲ ਰਹੀਆਂ ਹਨ, ਪ੍ਰਸ਼ਾਸਨ ਨੂੰ ਮਜਬੂਰੀ 'ਚ ਲਾਸ਼ਾਂ ਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਭੇਜਣਾ ਪੈ ਰਿਹਾ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਸਰਕਾਰੀ ਇਮਾਰਤਾਂ ਤੇ ਕਮਿਊਨਿਟੀ ਭਵਨਾਂ ਨੂੰ ਆਰਜ਼ੀ ਮੁਰਦਾਘਰਾਂ 'ਚ ਤਬਦੀਲ ਕਰਨਾ ਪਿਆ ਹੈ।
ਨਦੀਆਂ ਦਾ ਪਾਣੀ ਦਾ ਪੱਧਰ ਨੇਪਾਲ ਦੀ ਸਰਹੱਦ ਪਾਰ ਕਰਕੇ ਭਾਰਤ ਤਕ ਪਹੁੰਚ ਗਿਆ ਹੈ। ਸ਼ੁੱਕਰਵਾਰ ਸਵੇਰ ਤਕ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਤੇ ਕੁਸ਼ੀਨਗਰ ਜ਼ਿਲ੍ਹਿਆਂ 'ਚ ਗੰਡਕ ਨਦੀ ਤੋਂ ਸੱਤ ਅਣਪਛਾਤੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਨੇਪਾਲ ਨਾਲ ਲੱਗਦੇ ਯੂਪੀ ਦੇ ਮਹਾਰਾਜਗੰਜ ਜ਼ਿਲ੍ਹੇ 'ਚ ਸਸ਼ਸਤਰ ਸੀਮਾ ਬਲ (SSB) ਦੇ ਜਵਾਨਾਂ ਨੇ ਮੋਟਰਬੋਟ ਦੀ ਮਦਦ ਨਾਲ ਤਿੰਨ ਔਰਤਾਂ ਤੇ ਇਕ ਪੁਰਸ਼ ਦੀਆਂ ਲਾਸ਼ਾਂ ਕੱਢੀਆਂ। ਉੱਥੇ ਹੀ, ਗੁਆਂਢੀ ਜ਼ਿਲ੍ਹੇ ਕੁਸ਼ੀਨਗਰ 'ਚ ਗੰਡਕ ਨਦੀ ਦੇ ਛਿਤੌਨੀ ਬੰਨ੍ਹ ਨੇੜਿਓਂ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਨੇਪਾਲ ਨੇ ਰਸੂਵਾ ਤੋਂ ਲੈ ਕੇ ਭਾਰਤੀ ਸਰਹੱਦ ’ਤੇ ਸਥਿਤ ਚਿਤਵਨ ਅਤੇ ਹੋਰ ਸੰਭਾਵੀ ਥਾਵਾਂ ’ਤੇ ਨਦੀ ਦੇ ਕੰਢਿਆਂ ’ਤੇ ਸੈਂਕੜੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹਨ। ਜ਼ਿਲ੍ਹਿਆਂ ਵਿੱਚ ਲਾਸ਼ਾਂ ਰੱਖਣ ਲਈ ਜਗ੍ਹਾ ਖਤਮ ਹੋਣ ਤੋਂ ਬਾਅਦ, ਨੇਪਾਲ ਦੇ ਗ੍ਰਹਿ ਮੰਤਰਾਲੇ ਨੇ ਰਸੂਵਾ, ਨੁਵਾਕੋਟ, ਧਾਡਿੰਗ, ਗੋਰਖਾ, ਚਿਤਵਨ ਅਤੇ ਨਵਲਪਰਾਸੀ ਦੇ ਪ੍ਰਸ਼ਾਸਨ ਨਾਲ ਤਾਲਮੇਲ ਸਥਾਪਤ ਕੀਤਾ ਹੈ ਤਾਂ ਜੋ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਤੇ ਉਨ੍ਹਾਂ ਦੀ ਪਛਾਣ ਦੀ ਵਿਵਸਥਾ ਕੀਤੀ ਜਾ ਸਕੇ।
ਨੇਪਾਲ ਗ੍ਰਹਿ ਮੰਤਰਾਲੇ ਦੀ ਸੰਯੁਕਤ ਬੁਲਾਰਨ ਰਮਾ ਆਚਾਰਿਆ ਸੁਬੇਦੀ ਨੇ ਕਿਹਾ ਕਿ ਜਿੱਥੇ ਵੀ ਲਾਸ਼ਾਂ ਮਿਲ ਰਹੀਆਂ ਹਨ, ਉਨ੍ਹਾਂ ਦੇ ਉਚਿਤ ਪ੍ਰਬੰਧਨ ਨੂੰ ਲੈ ਕੇ ਤਾਲਮੇਲ ਕੀਤਾ ਜਾ ਰਿਹਾ ਹੈ। ਇਸ ਪੂਰੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਭਾਰਤੀ ਸਰਹੱਦ ਦੇ ਨੇੜੇ ਨਾਰਾਇਣੀ ਨਦੀ ’ਤੇ ਸਥਿਤ ਚਿਤਵਨ ਸਭ ਤੋਂ ਵੱਡੇ ਸੰਕਟ ਵਜੋਂ ਉੱਭਰਿਆ ਹੈ। ਸ਼ੁੱਕਰਵਾਰ ਤਕ ਇਸ ਜ਼ਿਲ੍ਹੇ ਵਿੱਚ 221 ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜੋ ਇਸ ਹੜ੍ਹ ਕੌਰੀਡੋਰ 'ਚ ਸਭ ਤੋਂ ਵੱਡਾ ਅੰਕੜਾ ਹੈ।
ਚਿਤਵਨ ਦੇ ਹਸਪਤਾਲਾਂ ਦੇ ਮੁਰਦਾਘਰਾਂ ਵਿੱਚ ਸਿਰਫ਼ 30-50 ਲਾਸ਼ਾਂ ਰੱਖਣ ਦੀ ਸਮਰੱਥਾ ਸੀ। ਇਸ ਦੇ ਚਲਦਿਆਂ ਅਧਿਕਾਰੀਆਂ ਨੂੰ ਭਰਤਪੁਰ 'ਚ ਇਕ ਖਾਲੀ ਪਈ ਸਰਕਾਰੀ ਇਮਾਰਤ ਨੂੰ ਅਸਥਾਈ ਲਾਸ਼ ਪ੍ਰਬੰਧਨ ਅਤੇ ਪਛਾਣ ਕੇਂਦਰ ਵਿੱਚ ਬਦਲਣਾ ਪਿਆ, ਜਿਸ ਦੀ ਸਮਰੱਥਾ ਲਗਪਗ 250 ਲਾਸ਼ਾਂ ਦੀ ਹੈ।
ਅਧਿਕਾਰੀਆਂ ਨੇ ਲਾਸ਼ਾਂ ਨੂੰ ਸੜਨ ਤੋਂ ਬਚਾਉਣ ਲਈ ਏਅਰ ਕੰਡੀਸ਼ਨਰ ਅਤੇ ਡਰਾਈ ਆਈਸ ਦਾ ਇੰਤਜ਼ਾਮ ਕੀਤਾ ਹੈ। ਜੇਕਰ ਇਹ ਥਾਂ ਵੀ ਭਰ ਜਾਂਦੀ ਹੈ ਤਾਂ ਦੇਵਘਾਟ ਦੇ ਇਲੈਕਟ੍ਰਿਕ ਸ਼ਮਸ਼ਾਨ ਘਾਟ ਨੂੰ ਬੈਕਅੱਪ ਵਿਕਲਪ ਵਜੋਂ ਰੱਖਿਆ ਗਿਆ ਹੈ।
ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਗਣੇਸ਼ ਅਰਿਆਲ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਜਾਰੀ ਰਹਿਣ ਕਾਰਨ ਲਾਸ਼ਾਂ ਦਾ ਪ੍ਰਬੰਧਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਬੁਰੀ ਤਰ੍ਹਾਂ ਖ਼ਰਾਬ ਹਾਲਤ ਵਿੱਚ ਮਿਲ ਰਹੀਆਂ ਹਨ, ਜਿਸ ਕਾਰਨ ਚੁਣੌਤੀ ਹੋਰ ਵੱਧ ਗਈ ਹੈ।
ਜਿਵੇਂ-ਜਿਵੇਂ ਹੇਠਲੇ ਇਲਾਕਿਆਂ 'ਚ ਹੋਰ ਲਾਸ਼ਾਂ ਮਿਲ ਰਹੀਆਂ ਹਨ, ਹੋਰ ਜ਼ਿਲ੍ਹਿਆਂ ’ਤੇ ਵੀ ਭਾਰੀ ਦਬਾਅ ਆ ਗਿਆ ਹੈ। ਧਾਡਿੰਗ ਤੇ ਗੋਰਖਾ ਨੇ ਲਾਸ਼ਾਂ ਨੂੰ ਕਾਠਮੰਡੂ ਤੇ ਪੋਖਰਾ ਭੇਜ ਦਿੱਤਾ ਹੈ। ਉੱਥੇ ਹੀ, ਪੂਰਬੀ ਨਵਲਪਰਾਸੀ ਨੇ ਲਾਸ਼ਾਂ ਨੂੰ ਪੋਖਰਾ, ਪਾਲਪਾ, ਬੁਟਵਲ ਤੇ ਭੈਰਹਵਾ ਸ਼ਿਫਟ ਕੀਤਾ ਹੈ ਅਤੇ ਕਾਵਾਸੋਤੀ ਸਥਿਤ ਅੰਕੁਰ ਕਮਿਊਨਿਟੀ ਫੋਰੈਸਟ ਹਾਲ ਨੂੰ ਅਸਥਾਈ ਕੋਲਡ ਸਟੋਰੇਜ 'ਚ ਬਦਲ ਦਿੱਤਾ ਗਿਆ ਹੈ।
ਸ਼ੁੱਕਰਵਾਰ ਤਕ ਧਾਡਿੰਗ, ਗੋਰਖਾ, ਤਨਹੁੰ ਅਤੇ ਪੂਰਬੀ ਨਵਲਪਰਾਸੀ ਤੋਂ ਬਰਾਮਦ 102 ਲਾਸ਼ਾਂ ਨੂੰ ਫੋਰੈਂਸਿਕ ਜਾਂਚ ਲਈ ਪੋਖਰਾ ਲਿਜਾਇਆ ਗਿਆ। ਕਾਸਕੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਕੁਮਾਨ ਸਿੰਘ ਗੁਰੂਂਗ ਨੇ ਦੱਸਿਆ ਕਿ ਪੋਖਰਾ ਦੇ ਮੁਰਦਾਘਰਾਂ ਵਿੱਚ ਕੁੱਲ ਮਿਲਾ ਕੇ ਸਿਰਫ਼ 88 ਲਾਸ਼ਾਂ ਰੱਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੰਕੜਿਆਂ ਦੇ ਹਿਸਾਬ ਨਾਲ ਅਸੀਂ ਪਹਿਲਾਂ ਹੀ ਆਪਣੀ ਸਮਰੱਥਾ ਤੋਂ ਵੱਧ ਚੁੱਕੇ ਹਾਂ।
ਪੋਖਰਾ ਅਕੈਡਮੀ ਆਫ਼ ਹੈਲਥ ਸਾਇੰਸਿਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ 2 ਤੋਂ 6 ਡਿਗਰੀ ਸੈਲਸੀਅਸ ਤਾਪਮਾਨ ਵਿਚ ਲਾਸ਼ਾਂ ਨੂੰ ਆਮ ਤੌਰ ’ਤੇ ਸਿਰਫ਼ 10 ਦਿਨਾਂ ਤੋਂ ਦੋ ਹਫ਼ਤਿਆਂ ਤਕ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਤੋਂ ਵੱਧ ਸਮੇਂ ਤੱਕ ਸਟੋਰਜ ਲਈ ਸਬ-ਜ਼ੀਰੋ ਸਹੂਲਤਾਂ ਦੀ ਲੋੜ ਹੁੰਦੀ ਹੈ, ਜੋ ਉੱਥੇ ਉਪਲਬਧ ਨਹੀਂ ਹਨ।