ਸਪੇਨ ਦੇ ਕੈਨਰੀ ਟਾਪੂ ਨੇੜੇ ਵੱਡਾ ਹਾਦਸਾ, ਪਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ; 14 ਦੀ ਮੌਤ, 6 ਗੰਭੀਰ ਜ਼ਖ਼ਮੀ
ਨਿਊਜ਼ ਏਜੰਸੀ ਏਐੱਫਪੀ ਅਨੁਸਾਰ, ਸਮੁੰਦਰੀ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਕਿਸ਼ਤੀ 'ਚੋਂ 14 ਲਾਸ਼ਾਂ ਮਿਲੀਆਂ ਹਨ। ਇਹ ਕਿਸ਼ਤੀ ਐਲ ਹਿਏਰੋ ਟਾਪੂ ਤੋਂ 39 ਸਮੁੰਦਰੀ ਮੀਲ ਦੱਖਣ ਵੱਲ ਮਿਲੀ ਸੀ ਅਤੇ ਇਸ ਨੂੰ ਲਾ ਐਸਟਾਕਾ ਬੰਦਰਗਾਹ ਵੱਲ ਖਿੱਚ ਕੇ ਲਿਆਂਦਾ ਜਾ ਰਿਹਾ ਸੀ।
Publish Date: Sat, 28 Nov 2026 08:50 AM (IST)
Updated Date: Sat, 28 Nov 2026 08:52 AM (IST)
ਡਿਜੀਟਲ ਡੈਸਕ, ਮੈਡ੍ਰਿਡ : ਸਪੇਨ ਦੇ ਕੈਨਰੀ ਟਾਪੂ ਸਮੂਹ ਨੇੜੇ ਸਮੁੰਦਰ 'ਚੋਂ ਬਚਾਈ ਗਈ ਇਕ ਕਿਸ਼ਤੀ 'ਚ 14 ਪਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਸਮੁੰਦਰੀ ਬਚਾਅ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਕਿਸ਼ਤੀ 'ਚ ਕਰੀਬ 100 ਲੋਕ ਸਵਾਰ ਸਨ। ਇਸ ਹਾਦਸੇ 'ਚ ਛੇ ਹੋਰ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ।
ਨਿਊਜ਼ ਏਜੰਸੀ ਏਐੱਫਪੀ ਅਨੁਸਾਰ, ਸਮੁੰਦਰੀ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਕਿਸ਼ਤੀ 'ਚੋਂ 14 ਲਾਸ਼ਾਂ ਮਿਲੀਆਂ ਹਨ। ਇਹ ਕਿਸ਼ਤੀ ਐਲ ਹਿਏਰੋ ਟਾਪੂ ਤੋਂ 39 ਸਮੁੰਦਰੀ ਮੀਲ ਦੱਖਣ ਵੱਲ ਮਿਲੀ ਸੀ ਅਤੇ ਇਸ ਨੂੰ ਲਾ ਐਸਟਾਕਾ ਬੰਦਰਗਾਹ ਵੱਲ ਖਿੱਚ ਕੇ ਲਿਆਂਦਾ ਜਾ ਰਿਹਾ ਸੀ।
ਛੇ ਗੰਭੀਰ ਰੂਪ 'ਚ ਜ਼ਖ਼ਮੀ ਪਰਵਾਸੀਆਂ ਨੂੰ ਹੈਲੀਕਾਪਟਰ ਰਾਹੀਂ ਐਲ ਹਿਏਰੋ ਲਿਜਾਇਆ ਗਿਆ, ਜਦਕਿ ਇਕ ਬੱਚੇ ਸਮੇਤ 84 ਹੋਰ ਲੋਕਾਂ ਨੂੰ ਸੁਰੱਖਿਅਤ ਲਾ ਰੈਸਟਿੰਗਾ ਤੱਟ 'ਤੇ ਉਤਾਰਿਆ ਗਿਆ। ਸਮੁੰਦਰੀ ਬਚਾਅ ਸੇਵਾ ਨੇ ਦੱਸਿਆ ਕਿ ਇਕ ਵਿਅਕਤੀ ਨੇ ਕਿਸ਼ਤੀ 'ਤੇ ਹੀ ਰੁਕਣ ਦਾ ਫੈਸਲਾ ਕੀਤਾ।
ਸਿਵਲ ਗਾਰਡ ਦੇ ਅਧਿਕਾਰੀ, ਰੈੱਡ ਕਰਾਸ ਦੇ ਕਰਮਚਾਰੀ ਅਤੇ ਫੌਜ ਦੀ ਐਮਰਜੈਂਸੀ ਰਿਸਪਾਂਸ ਯੂਨਿਟ ਦੇ ਜਵਾਨ ਪ੍ਰਵਾਸੀਆਂ ਦੀ ਮਦਦ ਕਰ ਰਹੇ ਸਨ। ਕੁਝ ਜਿਊਂਦੇ ਬਚੇ ਲੋਕਾਂ ਨੂੰ ਸਟਰੈਚਰ 'ਤੇ ਤੱਟ ਤੱਕ ਲਿਆਂਦਾ ਗਿਆ, ਜਦਕਿ ਹੋਰਨਾਂ ਨੂੰ ਠੰਢ ਤੋਂ ਬਚਾਉਣ ਲਈ ਥਰਮਲ ਕੰਬਲਾਂ 'ਚ ਲਪੇਟਿਆ ਗਿਆ ਸੀ।
ਸਪੇਨ 'ਚ ਇਮੀਗ੍ਰੇਸ਼ਨ ਬਣਿਆ ਵੱਡਾ ਚੋਣ ਮੁੱਦਾ
ਇਹ ਦੁਖਦਾਈ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਸਪੇਨ ਦੀਆਂ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਇਮੀਗ੍ਰੇਸ਼ਨ ਇਕ ਵੱਡਾ ਮੁੱਦਾ ਬਣ ਗਿਆ ਹੈ। ਦੱਖਣਪੰਥੀ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੀ ਸਰਕਾਰ 'ਤੇ ਦੇਸ਼ ਦੀਆਂ ਸਰਹੱਦਾਂ ਨੂੰ ਕੰਟਰੋਲ ਕਰਨ 'ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ ਅਤੇ ਉਨ੍ਹਾਂ ਦੀ ਉਦਾਰ ਪ੍ਰਵਾਸ ਨੀਤੀ ਦੀ ਆਲੋਚਨਾ ਕੀਤੀ ਹੈ।
ਮੁੱਖ ਵਿਰੋਧੀ ਪਾਰਟੀ ਪਾਪੂਲਰ ਪਾਰਟੀ ਦੇ ਆਗੂ ਅਲਬਰਟੋ ਨੁਨੇਜ਼ ਫੇਈਜੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਸਮੁੰਦਰ 'ਚ ਲੋਕਾਂ ਦੀ ਜਾਨ ਜਾਣਾ ਇਸ ਸਰਕਾਰ ਦੀ ਗੈਰ-ਜ਼ਿੰਮੇਵਾਰੀ ਦਾ ਸਭ ਤੋਂ ਮਾੜਾ ਨਤੀਜਾ ਹੈ। ਸਪੇਨ ਨੂੰ ਤੁਰੰਤ ਇਕ ਵਿਵਸਥਿਤ ਪ੍ਰਵਾਸ ਨੀਤੀ ਦੀ ਲੋੜ ਹੈ, ਜੋ ਅਜਿਹੀਆਂ ਤ੍ਰਾਸਦੀਆਂ ਨੂੰ ਰੋਕ ਸਕੇ।
ਕੱਟੜ ਦੱਖਣਪੰਥੀ ਵੌਕਸ ਪਾਰਟੀ ਦੇ ਆਗੂ ਸੈਂਟਿਆਗੋ ਅਬਾਸਕਲ ਨੇ ਵੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸ ਨੇ ਸਿਊਟਾ ਅਤੇ ਐਲ ਹਿਏਰੋ ਵਰਗੇ ਸਪੇਨ ਦੇ ਹਿੱਸਿਆਂ ਨੂੰ ਲਾਵਾਰਿਸ ਛੱਡ ਦਿੱਤਾ ਹੈ।
ਜ਼ਿਆਦਾਤਰ ਓਪੀਨੀਅਨ ਪੋਲਾਂ ਦਾ ਅਨੁਮਾਨ ਹੈ ਕਿ ਚੋਣਾਂ 'ਚ ਪੀਪੀ ਸਭ ਤੋਂ ਵੱਧ ਸੀਟਾਂ ਜਿੱਤ ਸਕਦੀ ਹੈ, ਪਰ ਉਹ ਪੂਰਨ ਬਹੁਮਤ ਤੋਂ ਪਿੱਛੇ ਰਹਿ ਸਕਦੀ ਹੈ। ਅਜਿਹੀ ਸਥਿਤੀ 'ਚ ਸਰਕਾਰ ਬਣਾਉਣ ਲਈ ਉਸ ਨੂੰ ਵੌਕਸ ਪਾਰਟੀ ਦੇ ਸਮਰਥਨ ਦੀ ਲੋੜ ਪੈ ਸਕਦੀ ਹੈ।
ਕੈਨਰੀ ਟਾਪੂ ਸਮੂਹ 'ਤੇ ਵਧ ਰਿਹਾ ਦਬਾਅ
ਸਪੇਨ ਦੇ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ, 1 ਜਨਵਰੀ ਤੋਂ 15 ਨਵੰਬਰ ਤੱਕ 24,364 ਪ੍ਰਵਾਸੀ ਕੈਨਰੀ ਟਾਪੂ ਸਮੂਹ 'ਚ ਪਹੁੰਚੇ ਹਨ, ਜਦਕਿ 2025 'ਚ ਇਸੇ ਮਿਆਦ ਦੌਰਾਨ ਇਹ ਗਿਣਤੀ 14,690 ਸੀ। ਇਕੱਲੇ ਨਵੰਬਰ ਦੇ ਪਹਿਲੇ ਪੰਦਰਵਾੜੇ 'ਚ ਹੀ 11,000 ਤੋਂ ਵੱਧ ਪ੍ਰਵਾਸੀ ਇੱਥੇ ਪਹੁੰਚੇ ਹਨ।
ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ, ਇਸ ਟਾਪੂ ਸਮੂਹ 'ਚ 25 ਨਵੰਬਰ ਨੂੰ ਇਕੋ ਦਿਨ 'ਚ ਰਿਕਾਰਡ 2,100 ਪ੍ਰਵਾਸੀ ਪਹੁੰਚੇ। ਇਨ੍ਹਾਂ 'ਚੋਂ ਜ਼ਿਆਦਾਤਰ ਐਲ ਹਿਏਰੋ ਟਾਪੂ 'ਤੇ ਆਏ, ਜਿਸ ਦੀ ਆਪਣੀ ਆਬਾਦੀ ਸਿਰਫ਼ 11,400 ਦੇ ਕਰੀਬ ਹੈ।