- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਖਰਕਾਰ ਮਾਰਚ 2025 ਵਿੱਚ ਮਹਿਰੰਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਕੁਏਟਾ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਸੀ, ਜੋ ਸ਼ਹਿਰ ਵਿੱਚ 13 ਅਣਪਛਾਤੀਆਂ ਲਾਸ਼ਾਂ ਨੂੰ ਦਫ਼ਨਾਏ ਜਾਣ ਤੋਂ ਬਾਅਦ ਸ਼ੁਰੂ ਹੋਇਆ ਸੀ। ਖ਼ਦਸ਼ਾ ਸੀ ਕਿ ਇਹ ਲਾਸ਼ਾਂ ਉਨ੍ਹਾਂ ਲੋਕਾਂ ਦੀਆਂ ਸਨ ਜੋ ਲਾਪਤਾ ਹੋ ਗਏ ਸਨ।

ਡਿਜੀਟਲ ਡੈਸਕ, ਇਸਲਾਮਾਬਾਦ : ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿੱਚ ਲਾਪਤਾ ਮਰਦਾਂ ਲਈ ਲੜਨ ਵਾਲੀ ਔਰਤ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਔਰਤ ਦਾ ਨਾਂ ਡਾ. ਮਹਿਰੰਗ ਬਲੋਚ ਹੈ। ਜਦੋਂ ਉਹ ਨੌਜਵਾਨ ਸੀ ਤਾਂ ਉਸ ਨੇ ਪਾਕਿਸਤਾਨ ਵਿੱਚ ਸੈਂਕੜੇ ਪਰਿਵਾਰਾਂ ਨਾਲ ਮਿਲ ਕੇ ਆਪਣੇ ਪਿਤਾ ਦੀ ਭਾਲ ਸ਼ੁਰੂ ਕੀਤੀ ਸੀ।
ਸਾਲਾਂ ਬਾਅਦ ਇਹ ਮਹਿਲਾ ਡਾਕਟਰ ਤੋਂ ਇੱਕ ਐਕਟਿਵਿਸਟ ਬਣ ਗਈ ਅਤੇ ਇਸ ਅੰਦੋਲਨ ਦੇ ਸਭ ਤੋਂ ਜਾਣੇ-ਪਛਾਣੇ ਚਿਹਰਿਆਂ ਵਿੱਚੋਂ ਇੱਕ ਬਣ ਗਈ। ਇਸ ਅੰਦੋਲਨ ਦਾ ਮਕਸਦ ਉਨ੍ਹਾਂ ਲਾਪਤਾ ਮਰਦਾਂ ਦੀ ਭਾਲ ਕਰਨਾ ਸੀ ਜਿਨ੍ਹਾਂ ਨੂੰ ਜ਼ਬਰਦਸਤੀ ਗਾਇਬ ਕਰ ਦਿੱਤਾ ਗਿਆ ਸੀ। ਹੁਣ ਇਸ ਮਹਿਰੰਗ ਨੂੰ ਜੇਲ੍ਹ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਹਿਰੰਗ ਨੂੰ ਸੁਣਾਈ ਗਈ ਉਮਰਕੈਦ ਦੀ ਸਜ਼ਾ
ਪਾਕਿਸਤਾਨ ਦੀ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਸੋਮਵਾਰ ਨੂੰ ਮਹਿਰੰਗ ਅਤੇ ਉਨ੍ਹਾਂ ਦੇ ਸਾਥੀ ਐਕਟਿਵਿਸਟ ਸਿਬਗਤੁੱਲਾ ਸ਼ਾਹ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ 2024 ਵਿੱਚ ਗਵਾਦਰ ਸ਼ਹਿਰ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਪੈਰਾਮਿਲਟਰੀ ਫ਼ੌਜੀ ਦੀ ਮੌਤ ਦੇ ਮਾਮਲੇ ਵਿੱਚ ਅੱਤਵਾਦ, ਦੇਸ਼ਧ੍ਰੋਹ ਅਤੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ।
ਹਾਲਾਂਕਿ, ਮਹਿਰੰਗ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਮੀਦ ਹੈ ਕਿ ਉਹ ਉੱਚੀ ਅਦਾਲਤ ਵਿੱਚ ਅਪੀਲ ਕਰੇਗੀ। ਇਸ ਮਾਮਲੇ ਨੂੰ ਲੈ ਕੇ ਮਹਿਰੰਗ ਦਾ ਪਰਿਵਾਰ ਡਟਿਆ ਹੋਇਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨੂੰ ਉੱਚੀਆਂ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਜਾਵੇਗੀ।
ਬੀਬੀਸੀ ਦੀ ਰਿਪੋਰਟ ਮੁਤਾਬਕ, ਜੇਲ੍ਹ ਵਿੱਚ ਬੰਦ ਮਹਿਰੰਗ ਦੀ ਭੈਣ ਨਾਦੀਆ ਬਲੋਚ ਦਾ ਕਹਿਣਾ ਹੈ, "ਮੇਰੇ ਵਿੱਚ ਉਨ੍ਹਾਂ ਨੂੰ ਮਿਲਣ ਦੀ ਹਿੰਮਤ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਇਨਸਾਫ਼ ਨਾ ਦਿਵਾ ਕੇ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੀ ਹਾਂ।"
ਗਾਇਬ ਮਰਦਾਂ ਦੀ ਭਾਲ ਮਹਿਰੰਗ ਲਈ ਬਣ ਗਿਆ ਨਿੱਜੀ ਮਸਲਾ
33 ਸਾਲ ਦੀ ਮਹਿਰੰਗ ਲਈ ਜ਼ਬਰਦਸਤੀ ਗਾਇਬ ਹੋਏ ਮਰਦਾਂ ਦਾ ਮੁੱਦਾ ਸਿਰਫ਼ ਸਿਆਸੀ ਨਹੀਂ ਹੈ। ਇਹ ਬਹੁਤ ਹੀ ਨਿੱਜੀ ਮਾਮਲਾ ਹੈ। ਉਸ ਦੇ ਪਿਤਾ ਅਬਦੁਲ ਗੱਫ਼ਾਰ ਲੈਂਗੋਵ ਇੱਕ ਸਿਆਸੀ ਕਾਰਕੁਨ ਸਨ ਅਤੇ 2009 ਵਿੱਚ ਗਾਇਬ ਹੋ ਗਏ ਸਨ। ਉਸ ਸਮੇਂ ਮਹਿਰੰਗ 16 ਸਾਲ ਦੀ ਸੀ। ਉਸ ਦੇ ਪਿਤਾ ਦੀ ਮੌਤ ਦੇ ਮਾਮਲੇ ਨੇ ਉਸ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਪਾਇਆ।
ਲਗਪਗ ਤਿੰਨ ਸਾਲ ਬਾਅਦ ਮਹਿਰੰਗ ਦੇ ਪਰਿਵਾਰ ਨੂੰ ਇੱਕ ਫ਼ੋਨ ਕਾਲ ਆਈ ਜਿਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦੀ ਲਾਸ਼ ਸੂਬੇ ਦੇ ਦੱਖਣ ਵਿੱਚ ਸਥਿਤ ਲਾਸਬੇਲਾ ਜ਼ਿਲ੍ਹੇ ਵਿੱਚ ਮਿਲੀ ਹੈ। ਉਸ ਨੇ 2025 ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਜਦੋਂ ਮੇਰੇ ਪਿਤਾ ਦੀ ਲਾਸ਼ ਆਈ ਤਾਂ ਉਨ੍ਹਾਂ ਨੇ ਉਹੀ ਕੱਪੜੇ ਪਾਏ ਹੋਏ ਸਨ ਜੋ ਹੁਣ ਫਟ ਚੁੱਕੇ ਸਨ। ਉਨ੍ਹਾਂ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਸਨ।"
ਇਸ ਤੋਂ ਬਾਅਦ ਦੇ ਸਾਲਾਂ ਵਿੱਚ ਮਹਿਰੰਗ ਬਲੂਚਿਸਤਾਨ ਵਿੱਚ ਲਾਪਤਾ ਲੋਕਾਂ ਬਾਰੇ ਜਾਣਕਾਰੀ ਦੀ ਮੰਗ ਕਰਨ ਵਾਲੀਆਂ ਮੁਹਿੰਮਾਂ ਵਿੱਚ ਸ਼ਾਮਲ ਹੋ ਗਈ। ਕਾਰਕੁਨਾਂ ਅਤੇ ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ ਹਜ਼ਾਰਾਂ ਬਲੂਚ ਲੋਕ ਲਾਪਤਾ ਹੋ ਗਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸੁਰੱਖਿਆ ਬਲਾਂ ਨੇ ਕਈ ਲੋਕਾਂ ਨੂੰ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਹਿਰਾਸਤ ਵਿੱਚ ਲਿਆ ਜਾਂ ਵੱਖਵਾਦੀ ਬਗਾਵਤ ਦੇ ਖ਼ਿਲਾਫ਼ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੇ ਤਹਿਤ ਉਨ੍ਹਾਂ ਨੂੰ ਅਗਵਾ ਕੀਤਾ, ਉਨ੍ਹਾਂ ਨੂੰ ਤਸੀਹੇ ਦਿੱਤੇ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਪਾਕਿਸਤਾਨ ਸਰਕਾਰ ਦੋਸ਼ਾਂ ਤੋਂ ਕਰਦੀ ਰਹੀ ਇਨਕਾਰ
ਪਾਕਿਸਤਾਨ ਸਰਕਾਰ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦੀ ਹੈ ਅਤੇ ਕਹਿੰਦੀ ਹੈ ਕਿ ਲਾਪਤਾ ਲੋਕਾਂ ਵਿੱਚੋਂ ਕਈ ਵੱਖਵਾਦੀ ਜਥੇਬੰਦੀਆਂ ਵਿੱਚ ਸ਼ਾਮਲ ਹੋ ਗਏ ਹਨ ਜਾਂ ਦੇਸ਼ ਛੱਡ ਕੇ ਭੱਜ ਗਏ ਹਨ। ਕੁਝ ਲੋਕ ਸਾਲਾਂ ਬਾਅਦ ਸਦਮੇ ਅਤੇ ਟੁੱਟੇ ਹੋਏ ਮਨ ਨਾਲ ਪਰਤਦੇ ਹਨ ਤਾਂ ਕਈ ਕਦੇ ਵਾਪਸ ਨਹੀਂ ਆਉਂਦੇ। ਕੁਝ ਲੋਕਾਂ ਦੀਆਂ ਲਾਸ਼ਾਂ ਬਲੂਚਿਸਤਾਨ ਵਿੱਚ ਬਣੀਆਂ ਬਿਨਾਂ ਪਛਾਣ ਵਾਲੀਆਂ ਕਬਰਾਂ ਵਿੱਚ ਮਿਲਦੀਆਂ ਹਨ। ਉਨ੍ਹਾਂ ਦੀਆਂ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਵਿਗੜੀਆਂ ਹੁੰਦੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੁੰਦਾ ਹੈ।
ਪਿਛਲੇ ਸਾਲ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋਈ ਮਹਿਰੰਗ ਪਿਛਲੇ ਇੱਕ ਦਹਾਕੇ ਵਿੱਚ ਇਸ ਅੰਦੋਲਨ ਦੀ ਸਭ ਤੋਂ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਬਣ ਗਈ ਹੈ। ਉਸ ਨੂੰ 'ਬਲੂਚਿਸਤਾਨ ਦੀ ਸ਼ੇਰਨੀ' ਵੀ ਕਿਹਾ ਜਾਂਦਾ ਹੈ।
ਪਾਕਿਸਤਾਨ ਨੇ ਬਲੂਚਿਸਤਾਨ ਨਾਲ ਕੀਤਾ ਮਤਰੇਆ ਸਲੂਕ
ਬਲੂਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਅਤੇ ਇਹ ਦੇਸ਼ ਦੇ ਕੁੱਲ ਰਕਬੇ ਦਾ ਲਗਪਗ 44% ਹਿੱਸਾ ਹੈ। ਇੱਥੋਂ ਦੀ ਜ਼ਮੀਨ ਗੈਸ, ਕੋਲਾ, ਤਾਂਬਾ ਅਤੇ ਸੋਨੇ ਵਰਗੇ ਸਰੋਤਾਂ ਨਾਲ ਅਮੀਰ ਹੈ ਪਰ ਇਹ ਇਲਾਕਾ ਤਰੱਕੀ ਤੋਂ ਦੂਰ ਰਿਹਾ ਹੈ। ਸੁਰੱਖਿਆ ਕਾਰਨਾਂ ਕਰਕੇ ਸੂਬੇ ਦੇ ਕਈ ਹਿੱਸਿਆਂ ਵਿੱਚ ਜਾਣ 'ਤੇ ਪਾਬੰਦੀ ਹੈ। ਇੱਥੇ ਬੁਨਿਆਦੀ ਢਾਂਚਾ ਖ਼ਰਾਬ ਹੈ, ਬਿਜਲੀ ਕਦੇ-ਕਦਾਈਂ ਆਉਂਦੀ ਹੈ ਅਤੇ ਪਾਣੀ ਦੀ ਕਿੱਲਤ ਹੈ।
ਜਦੋਂ ਭਾਰਤ ਦੀ ਵੰਡ ਹੋਈ ਤਾਂ ਬਲੂਚਿਸਤਾਨ ਪਾਕਿਸਤਾਨ ਦਾ ਹਿੱਸਾ ਬਣ ਗਿਆ। ਹਾਲਾਂਕਿ ਕੁਝ ਪ੍ਰਭਾਵਸ਼ਾਲੀ ਕਬਾਇਲੀ ਆਗੂ ਇੱਕ ਆਜ਼ਾਦ ਰਾਜ ਚਾਹੁੰਦੇ ਸਨ ਅਤੇ ਉਹ ਇਸ ਨੂੰ ਪਾਕਿਸਤਾਨ ਦਾ ਹਿੱਸਾ ਮੰਨਣ ਤੋਂ ਇਨਕਾਰ ਕਰਦੇ ਰਹੇ।
ਦੱਸ ਦੇਈਏ ਕਿ ਪਾਕਿਸਤਾਨ, ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵੱਲੋਂ ਅੱਤਵਾਦੀ ਸੰਗਠਨ ਐਲਾਨੇ ਗਏ 'ਬਲੂਚਿਸਤਾਨ ਲਿਬਰੇਸ਼ਨ ਆਰਮੀ' (BLA) ਵਰਗੇ ਉਗਰਵਾਦੀ ਸਮੂਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਸੁਰੱਖਿਆ ਬਲਾਂ 'ਤੇ ਬੰਬਾਰੀ, ਕਤਲ ਕਰਕੇ ਹਮਲੇ ਕਰਨ ਦੀਆਂ ਘਟਨਾਵਾਂ ਵਧ ਗਈਆਂ ਹਨ।
ਗਾਇਬ ਹੋਏ ਲੋਕਾਂ ਦੀ ਕਹਾਣੀ
ਬੀਬੀਸੀ ਦੀ ਰਿਪੋਰਟ ਮੁਤਾਬਕ, ਮੰਨਿਆ ਜਾਂਦਾ ਹੈ ਕਿ ਸੂਬੇ ਵਿੱਚ ਲੋਕਾਂ ਦਾ ਗਾਇਬ ਹੋਣਾ ਇਸਲਾਮਾਬਾਦ ਦੀ ਉਸ ਰਣਨੀਤੀ ਦਾ ਹਿੱਸਾ ਹੈ, ਜਿਸ ਦਾ ਮਕਸਦ ਬਗਾਵਤ ਨੂੰ ਕੁਚਲਣਾ ਤਾਂ ਹੈ ਹੀ, ਨਾਲ ਹੀ ਅਸਹਿਮਤੀ ਨੂੰ ਦਬਾਉਣਾ ਅਤੇ ਰਾਸ਼ਟਰਵਾਦੀ ਭਾਵਨਾ ਤੇ ਆਜ਼ਾਦ ਬਲੂਚਿਸਤਾਨ ਦੇ ਸਮਰਥਨ ਨੂੰ ਕਮਜ਼ੋਰ ਕਰਨਾ ਵੀ ਹੈ।
ਗਾਇਬ ਹੋਏ ਲੋਕਾਂ ਵਿੱਚੋਂ ਕਈ ਬਲੂਚ ਰਾਸ਼ਟਰਵਾਦੀ ਸਮੂਹਾਂ ਦੇ ਮੈਂਬਰ ਜਾਂ ਸਮਰਥਕ ਹੋ ਸਕਦੇ ਹਨ ਜੋ ਆਜ਼ਾਦੀ ਦੀ ਮੰਗ ਕਰਦੇ ਹਨ ਪਰ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਅਜਿਹੇ ਆਮ ਲੋਕਾਂ ਦੀ ਵੀ ਹੈ ਜਿਨ੍ਹਾਂ ਦਾ ਕਿਸੇ ਸਿਆਸੀ ਗੁੱਟ ਨਾਲ ਕੋਈ ਸਬੰਧ ਨਹੀਂ ਹੈ। ਦੂਜੇ ਪਾਸੇ, ਸਰਕਾਰ ਵਿੱਚ ਕਈ ਲੋਕ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਵੱਡੇ ਪੱਧਰ 'ਤੇ ਲੋਕਾਂ ਨੂੰ ਜ਼ਬਰਦਸਤੀ ਗਾਇਬ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਇੱਕ ਸੋਚਿਆ-ਸਮਝਿਆ ਕੂੜ ਪ੍ਰਚਾਰ ਦੱਸਦੇ ਹਨ।
ਪਾਕਿਸਤਾਨ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ 2011 ਤੋਂ ਬਲੂਚਿਸਤਾਨ ਵਿੱਚ ਲਾਪਤਾ ਹੋਣ ਦੇ ਜੋ 2,900 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚੋਂ ਲਗਪਗ 80% ਮਾਮਲਿਆਂ ਨੂੰ ਸੁਲਝਾ ਲਿਆ ਗਿਆ ਹੈ।
ਬਿਖਰ ਗਈ ਮਹਿਰੰਗ ਦੀ ਦੁਨੀਆ
ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਹਿਰੰਗ ਦੇ ਪਰਿਵਾਰ ਦੀ ਦੁਨੀਆ ਬਿਖਰ ਗਈ। 2017 ਵਿੱਚ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਭਰਾ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਲਗਭਗ ਤਿੰਨ ਮਹੀਨਿਆਂ ਤੱਕ ਉਸ ਨੂੰ ਰੋਕ ਕੇ ਰੱਖਿਆ।
ਉਸ ਵੇਲੇ ਮਹਿਰੰਗ ਨੇ ਕਿਹਾ ਸੀ, "ਇਹ ਬਹੁਤ ਡਰਾਉਣਾ ਸੀ। ਮੈਂ ਆਪਣੀ ਮਾਂ ਨੂੰ ਯਕੀਨ ਦਿਵਾਇਆ ਸੀ ਕਿ ਜੋ ਮੇਰੇ ਪਿਤਾ ਨਾਲ ਹੋਇਆ, ਉਹ ਮੇਰੇ ਭਰਾ ਨਾਲ ਨਹੀਂ ਹੋਵੇਗਾ ਪਰ ਅਜਿਹਾ ਹੀ ਹੋਇਆ।" ਇਸ ਤੋਂ ਬਾਅਦ ਹੀ ਮਹਿਰੰਗ ਨੇ ਜ਼ਬਰਦਸਤੀ ਗਾਇਬ ਕੀਤੇ ਜਾਣ ਅਤੇ ਗ਼ੈਰ-ਨਿਆਇਕ ਕਤਲਾਂ ਖ਼ਿਲਾਫ਼ ਲੜਨ ਦਾ ਫ਼ੈਸਲਾ ਕੀਤਾ।
ਸ਼ੁਰੂ ਹੋਈ ਕਾਨੂੰਨੀ ਲੜਾਈ
ਇੱਕ ਪੇਸ਼ੇਵਰ ਡਾਕਟਰ ਮਹਿਰੰਗ ਬਲੋਚ 'ਬਲੂਚ ਯਕਜੇਹਤੀ ਕਮੇਟੀ' (BYC) ਰਾਹੀਂ ਚਰਚਾ ਵਿੱਚ ਆਈ। ਇਹ ਸੰਗਠਨ ਜ਼ਬਰਦਸਤੀ ਲੋਕਾਂ ਨੂੰ ਗਾਇਬ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ, ਨਾਲ ਹੀ ਬਲੂਚਿਸਤਾਨ ਦੇ ਕੁਦਰਤੀ ਸਰੋਤਾਂ 'ਤੇ ਵੱਧ ਨਿਯੰਤਰਣ ਦੀ ਵਕਾਲਤ ਵੀ ਕਰਦਾ ਹੈ।
ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ, ਲੰਬੀਆਂ ਪੈਦਲ ਯਾਤਰਾਵਾਂ ਕੀਤੀਆਂ ਅਤੇ ਬਲੂਚਿਸਤਾਨ ਤੋਂ ਉੱਭਰਨ ਵਾਲੀਆਂ ਸਭ ਤੋਂ ਪ੍ਰਭਾਵਸ਼ਾਲੀ ਆਵਾਜ਼ਾਂ ਵਿੱਚੋਂ ਇੱਕ ਬਣੀ। ਇਹ ਸਭ ਉਨ੍ਹਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ, ਕਾਨੂੰਨੀ ਚੁਣੌਤੀਆਂ ਅਤੇ ਯਾਤਰਾ 'ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਕੀਤਾ।
2023 ਦੇ ਅਖੀਰ ਵਿੱਚ ਉਨ੍ਹਾਂ ਨੇ ਸੈਂਕੜੇ ਔਰਤਾਂ ਨਾਲ ਰਾਜਧਾਨੀ ਇਸਲਾਮਾਬਾਦ ਤੱਕ 1,000 ਮੀਲ (1,600 ਕਿਲੋਮੀਟਰ) ਦੀ ਪੈਦਲ ਯਾਤਰਾ ਕੀਤੀ ਤਾਂ ਜੋ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਮੰਗ ਸਕਣ। ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ।
2025 'ਚ ਮਹਿਰੰਗ ਦੀ ਗ੍ਰਿਫ਼ਤਾਰੀ
ਆਖਰਕਾਰ ਮਾਰਚ 2025 ਵਿੱਚ ਮਹਿਰੰਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਕੁਏਟਾ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਸੀ, ਜੋ ਸ਼ਹਿਰ ਵਿੱਚ 13 ਅਣਪਛਾਤੀਆਂ ਲਾਸ਼ਾਂ ਨੂੰ ਦਫ਼ਨਾਏ ਜਾਣ ਤੋਂ ਬਾਅਦ ਸ਼ੁਰੂ ਹੋਇਆ ਸੀ। ਖ਼ਦਸ਼ਾ ਸੀ ਕਿ ਇਹ ਲਾਸ਼ਾਂ ਉਨ੍ਹਾਂ ਲੋਕਾਂ ਦੀਆਂ ਸਨ ਜੋ ਲਾਪਤਾ ਹੋ ਗਏ ਸਨ।
ਅਧਿਕਾਰੀਆਂ ਦਾ ਦਾਅਵਾ ਸੀ ਕਿ ਇਹ ਲੋਕ ਉਗਰਵਾਦੀ ਸਨ ਜਿਨ੍ਹਾਂ ਨੂੰ ਬੋਲਨ ਦਰ੍ਹੇ ਵਿੱਚ ਟ੍ਰੇਨ ਹਾਈਜੈਕ ਦੀ ਘਟਨਾ ਤੋਂ ਬਾਅਦ ਮਾਰ ਮੁਕਾਇਆ ਗਿਆ ਸੀ, ਹਾਲਾਂਕਿ ਇਸ ਦਾਅਵੇ ਦੀ ਸੁਤੰਤਰ ਰੂਪ ਵਿੱਚ ਪੁਸ਼ਟੀ ਨਹੀਂ ਹੋ ਸਕੀ। ਮਹਿਰੰਗ ਨੇ ਚਿਤਾਵਨੀ ਦਿੱਤੀ ਕਿ ਜ਼ਬਰਦਸਤੀ ਗਾਇਬ ਕਰਨ ਦੀ ਕਾਰਵਾਈ ਨਾਲ ਵਿਰੋਧ ਨੂੰ ਦਬਾਉਣ ਦੀ ਬਜਾਏ ਉਸ ਨੂੰ ਹੋਰ ਹੁਲਾਰਾ ਮਿਲਦਾ ਹੈ।
ਉਮਰਕੈਦ ਦੀ ਸਜ਼ਾ ਉਨ੍ਹਾਂ ਦੇ ਐਕਟਿਵਿਜ਼ਮ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਬਲੂਚਿਸਤਾਨ ਵਿੱਚ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਮਹਿਰੰਗ ਦੀ ਭੈਣ ਨੇ ਇਸ ਮੁਕੱਦਮੇ ਦੀ ਨਿਰਪੱਖਤਾ 'ਤੇ ਸਵਾਲ ਉਠਾਏ ਹਨ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਇਸ ਮਾਮਲੇ ਨੂੰ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ।