‘ਮੈਨੂੰ ਆਪਣੇ ਭਾਰਤੀ ਸੱਸ-ਸਹੁਰਾ ਪਸੰਦ ਹਨ, ਪਰ...’, ਬੰਧੂਆ ਮਜ਼ਦੂਰਾਂ ਵਾਲੀ ਟਿੱਪਣੀ 'ਤੇ ਜੇਡੀ ਵੇਂਸ ਨੇ ਦਿੱਤੀ ਸਫ਼ਾਈ
ਐੱਚ-1ਬੀ ਵੀਜ਼ਾ ਅਮਰੀਕੀ ਕੰਪਨੀਆਂ ਨੂੰ ਤਕਨੀਕੀ ਅਤੇ ਹੋਰ ਵਿਸ਼ੇਸ਼ ਖੇਤਰਾਂ 'ਚ ਵਿਦੇਸ਼ੀ ਹੁਨਰਮੰਦ ਲੋਕਾਂ ਨੂੰ ਨੌਕਰੀ 'ਤੇ ਰੱਖਣ ਦੀ ਸਹੂਲਤ ਦਿੰਦਾ ਹੈ। ਇਸ ਵੀਜ਼ੇ ਦਾ ਸਭ ਤੋਂ ਵੱਧ ਲਾਭ ਭਾਰਤੀ ਪੇਸ਼ੇਵਰਾਂ ਨੂੰ ਮਿਲਦਾ ਰਿਹਾ ਹੈ। ਹਰ ਸਾਲ ਮਨਜ਼ੂਰ ਹੋਣ ਵਾਲੀਆਂ ਕੁੱਲ ਐੱਚ-1ਬੀ ਅਰਜ਼ੀਆਂ 'ਚ ਭਾਰਤੀਆਂ ਦੀ ਹਿੱਸੇਦਾਰੀ 70 ਫ਼ੀਸਦੀ ਤੋਂ ਵੱਧ ਰਹਿੰਦੀ ਹੈ।
Publish Date: Tue, 20 Oct 2026 01:49 PM (IST)
Updated Date: Tue, 20 Oct 2026 01:53 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਨੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਬੰਧੂਆ ਮਜ਼ਦੂਰ ਆਖਣ 'ਤੇ ਪੈਦਾ ਹੋਏ ਵਿਵਾਦ ਦਰਮਿਆਨ ਆਪਣੀ ਸਫ਼ਾਈ ਦਿੱਤੀ ਹੈ। ਵੇਂਸ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਵਿਦੇਸ਼ੀ ਮੁਲਾਜ਼ਮਾਂ ਦੇ ਖ਼ਿਲਾਫ਼ ਨਹੀਂ ਸੀ, ਸਗੋਂ ਉਨ੍ਹਾਂ ਅਮਰੀਕੀ ਕੰਪਨੀਆਂ ਦੇ ਰਵੱਈਏ ਬਾਰੇ ਸੀ, ਜੋ ਇਨ੍ਹਾਂ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਊਸ਼ਾ ਵੇਂਸ ਦੇ ਭਾਰਤੀ ਪਿਛੋਕੜ ਦਾ ਹਵਾਲਾ ਦਿੰਦਿਆਂ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਬਚਾਅ ਵੀ ਕੀਤਾ।
ਟਾਊਨ ਹਾਲ 'ਚ ਭਾਰਤੀ ਮੂਲ ਦੇ ਨਾਗਰਿਕ ਨਾਲ ਗੱਲਬਾਤ
ਮਿਸ਼ੀਗਨ ਦੇ ਫਲੈਟ ਰੌਕ 'ਚ ਸੀਬੀਐੱਸ ਨਿਊਜ਼ ਵੱਲੋਂ ਕਰਵਾਏ ਗਏ ਇਕ ਟਾਊਨ ਹਾਲ ਪ੍ਰੋਗਰਾਮ ਦੌਰਾਨ ਵੇਂਸ ਨੇ ਇਹ ਗੱਲਾਂ ਕਹੀਆਂ। ਇਸ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਨੇ ਉਨ੍ਹਾਂ ਦੀ ਪੁਰਾਣੀ ਟਿੱਪਣੀ ਨੂੰ ਅਣਉਚਿਤ ਅਤੇ ਬੇਹੱਦ ਇਤਰਾਜ਼ਯੋਗ ਕਰਾਰ ਦਿੱਤਾ ਸੀ। ਪ੍ਰੋਗਰਾਮ ਦੌਰਾਨ ਕਰੀਬ 20 ਸਾਲ ਪਹਿਲਾਂ ਅਮਰੀਕਾ ਆ ਕੇ ਵਸੇ ਭਾਰਤੀ ਮੂਲ ਦੇ ਨਾਗਰਿਕ ਨਿਵ ਅਗਾਰਮ ਨੇ ਵੇਂਸ 'ਤੇ ਪਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਦਾ ਦੋਸ਼ ਲਾਇਆ।
ਇਸ 'ਤੇ ਵੇਂਸ ਨੇ ਮੰਨਿਆ ਕਿ ਇਸ ਮੁੱਦੇ 'ਤੇ ਉਨ੍ਹਾਂ ਦੇ ਸ਼ਬਦ ਸ਼ਾਇਦ ਪੂਰੀ ਤਰ੍ਹਾਂ ਸਹੀ ਨਹੀਂ ਸਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਵਿਵਸਥਾ ਅਤੇ ਕੰਪਨੀਆਂ ਦੀਆਂ ਗ਼ਲਤ ਨੀਤੀਆਂ ਵੱਲ ਧਿਆਨ ਦਿਵਾਉਣਾ ਸੀ।
ਪਤਨੀ ਊਸ਼ਾ ਦੇ ਭਾਰਤੀ ਮੂਲ ਦਾ ਜ਼ਿਕਰ ਕਰ ਕੇ ਦਿੱਤੀ ਸਫ਼ਾਈ
ਵੇਂਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਦੋਂ ਉਹ ‘ਬੰਧੂਆ ਮਜ਼ਦੂਰ’ ਸ਼ਬਦ ਦੀ ਵਰਤੋਂ ਕਰਦੇ ਹਨ, ਤਾਂ ਇਹ ਮੁਲਾਜ਼ਮਾਂ ਦੀ ਆਲੋਚਨਾ ਨਹੀਂ ਹੁੰਦੀ, ਸਗੋਂ ਉਨ੍ਹਾਂ ਕੰਪਨੀਆਂ ਦੀ ਆਲੋਚਨਾ ਹੁੰਦੀ ਹੈ, ਜੋ ਇਸ ਵਿਵਸਥਾ ਦੀ ਦੁਰਵਰਤੋਂ ਕਰਦੀਆਂ ਹਨ। ਆਪਣੇ ਪਰਿਵਾਰ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੱਸ ਅਤੇ ਸਹੁਰਾ ਦੱਖਣੀ ਭਾਰਤ ਤੋਂ ਅਮਰੀਕਾ ਆਏ ਸਨ। ਉਨ੍ਹਾਂ ਦੀ ਧੀ, ਜਿਸ ਦਾ ਜਨਮ ਅਤੇ ਪਾਲਣ-ਪੋਸ਼ਣ ਅਮਰੀਕਾ 'ਚ ਹੀ ਹੋਇਆ, ਅੱਜ ਅਮਰੀਕਾ ਦੀ ਸੈਕੰਡ ਲੇਡੀ ਹੈ। ਵੇਂਸ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਤਨੀ ਊਸ਼ਾ 'ਤੇ ਬਹੁਤ ਮਾਣ ਹੈ।
ਵੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਜਿਹਾ ਇਮੀਗ੍ਰੇਸ਼ਨ ਢਾਂਚਾ ਚਾਹੁੰਦੇ ਹਨ, ਜੋ ਦੇਸ਼ ਦੀ ਆਰਥਿਕਤਾ 'ਚ ਯੋਗਦਾਨ ਪਾਉਣ ਵਾਲੇ ਹੁਨਰਮੰਦ ਲੋਕਾਂ ਦਾ ਸਵਾਗਤ ਕਰੇ, ਪਰ ਇਸ ਦੇ ਨਾਲ ਹੀ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਵੀ ਰੱਖਿਆ ਹੋਵੇ।
ਕੰਪਨੀਆਂ ਵੱਲੋਂ ਮੁਲਾਜ਼ਮਾਂ ਦੇ ਸ਼ੋਸ਼ਣ 'ਤੇ ਚੁੱਕੇ ਸਵਾਲ
ਉਪ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਕਈ ਅਮਰੀਕੀ ਕੰਪਨੀਆਂ ਪਹਿਲਾਂ ਸਥਾਨਕ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੰਦੀਆਂ ਹਨ ਅਤੇ ਫਿਰ ਉਨ੍ਹਾਂ ਦੀ ਥਾਂ ਵਿਦੇਸ਼ੀ ਮੁਲਾਜ਼ਮਾਂ ਨੂੰ ਘੱਟ ਸ਼ਰਤਾਂ 'ਤੇ ਨੌਕਰੀ 'ਤੇ ਰੱਖ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਐੱਚ-1ਬੀ ਵੀਜ਼ਾ ਧਾਰਕ ਅਮਰੀਕਾ 'ਚ ਰਹਿਣ ਲਈ ਪੂਰੀ ਤਰ੍ਹਾਂ ਆਪਣੀ ਕੰਪਨੀ 'ਤੇ ਨਿਰਭਰ ਹੋ ਜਾਂਦੇ ਹਨ। ਜੇਕਰ ਉਹ ਕੰਪਨੀ ਦੇ ਕਿਸੇ ਅਣਉਚਿਤ ਫ਼ੈਸਲੇ ਦਾ ਵਿਰੋਧ ਕਰਦੇ ਹਨ, ਤਾਂ ਉਨ੍ਹਾਂ ਸਾਹਮਣੇ ਸਿਰਫ਼ ਨੌਕਰੀ ਗੁਆਉਣ ਦਾ ਹੀ ਨਹੀਂ, ਸਗੋਂ ਦੇਸ਼ ਛੱਡਣ ਦਾ ਖ਼ਤਰਾ ਵੀ ਪੈਦਾ ਹੋ ਜਾਂਦਾ ਹੈ।
ਵੇਂਸ ਮੁਤਾਬਕ, ਮੌਜੂਦਾ ਵੀਜ਼ਾ ਨਿਯਮ ਕੰਪਨੀਆਂ ਨੂੰ ਲੋੜ ਤੋਂ ਵੱਧ ਤਾਕਤ ਦੇ ਦਿੰਦੇ ਹਨ, ਜਿਸ ਕਾਰਨ ਵਿਦੇਸ਼ੀ ਮੁਲਾਜ਼ਮਾਂ ਦਾ ਸ਼ੋਸ਼ਣ ਕਰਨਾ ਆਸਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਬਹੁਤ ਤੇਜ਼ੀ ਨਾਲ ਹੋਣ ਵਾਲਾ ਪ੍ਰਵਾਸ ਸਥਾਨਕ ਸਮਾਜਿਕ ਤਾਣੇ-ਬਾਣੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਕੀ ਹੈ ਐੱਚ-1ਬੀ ਵੀਜ਼ਾ ਦਾ ਪੂਰਾ ਵਿਵਾਦ?
ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ, ਜਦੋਂ ਅਮਰੀਕੀ ਪ੍ਰਸ਼ਾਸਨ ਨੇ ਵਿਦੇਸ਼ੀ ਮੁਲਾਜ਼ਮਾਂ ਨੂੰ ਗ੍ਰੀਨ ਕਾਰਡ ਦਿਵਾਉਣ ਵਾਲੇ ਇਕ ਪ੍ਰੋਗਰਾਮ ਤੋਂ ਕਈ ਕੰਪਨੀਆਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ 'ਚ ਕਈ ਪ੍ਰਮੁੱਖ ਭਾਰਤੀ ਆਈਟੀ ਕੰਪਨੀਆਂ ਵੀ ਸ਼ਾਮਲ ਸਨ।
ਪ੍ਰਸ਼ਾਸਨ ਦਾ ਤਰਕ ਸੀ ਕਿ ਇਸ ਵਿਵਸਥਾ ਕਾਰਨ ਸਥਾਨਕ ਅਮਰੀਕੀ ਨਾਗਰਿਕਾਂ ਲਈ ਨੌਕਰੀਆਂ ਦੇ ਮੌਕੇ ਘਟ ਰਹੇ ਹਨ। ਇਸੇ ਫ਼ੈਸਲੇ ਦੇ ਸਮੇਂ ਜੇਡੀ ਵੈਂਸ ਨੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਬੰਧੂਆ ਮਜ਼ਦੂਰ ਅਤੇ ਸਬੰਧਤ ਕੰਪਨੀਆਂ ਨੂੰ ‘ਵੀਜ਼ਾ ਮਿਲ’ ਕਿਹਾ ਸੀ।
ਐੱਚ-1ਬੀ ਵੀਜ਼ਾ ਅਮਰੀਕੀ ਕੰਪਨੀਆਂ ਨੂੰ ਤਕਨੀਕੀ ਅਤੇ ਹੋਰ ਵਿਸ਼ੇਸ਼ ਖੇਤਰਾਂ 'ਚ ਵਿਦੇਸ਼ੀ ਹੁਨਰਮੰਦ ਲੋਕਾਂ ਨੂੰ ਨੌਕਰੀ 'ਤੇ ਰੱਖਣ ਦੀ ਸਹੂਲਤ ਦਿੰਦਾ ਹੈ। ਇਸ ਵੀਜ਼ੇ ਦਾ ਸਭ ਤੋਂ ਵੱਧ ਲਾਭ ਭਾਰਤੀ ਪੇਸ਼ੇਵਰਾਂ ਨੂੰ ਮਿਲਦਾ ਰਿਹਾ ਹੈ। ਹਰ ਸਾਲ ਮਨਜ਼ੂਰ ਹੋਣ ਵਾਲੀਆਂ ਕੁੱਲ ਐੱਚ-1ਬੀ ਅਰਜ਼ੀਆਂ 'ਚ ਭਾਰਤੀਆਂ ਦੀ ਹਿੱਸੇਦਾਰੀ 70 ਫ਼ੀਸਦੀ ਤੋਂ ਵੱਧ ਰਹਿੰਦੀ ਹੈ।