ਵੈਸਟ ਬੈਂਕ 'ਚ 2 ਇਜ਼ਰਾਇਲੀ ਸੈਨਿਕਾਂ ਦੀ ਮੌਤ ਮਗਰੋਂ ਭੜਕਿਆ ਇਜ਼ਰਾਈਲ, ਵੱਡਾ ਫੌਜੀ ਆਪ੍ਰੇਸ਼ਨ ਸ਼ੁਰੂ; ਫਲਸਤੀਨੀਆਂ ਖ਼ਿਲਾਫ਼ ਸਖ਼ਤ ਕਾਰਵਾਈ
ਮਾਰੇ ਗਏ ਫਲਸਤੀਨੀਆਂ ਕੋਲੋਂ ਫੌਜ ਨੇ ਇਕ M16 ਰਾਈਫਲ ਅਤੇ ਇਕ ਹੈਂਡਗਨ ਬਰਾਮਦ ਕੀਤੀ ਹੈ। ਇਸ ਘਟਨਾ ਤੋਂ ਬਾਅਦ ਇਜ਼ਰਾਇਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਹੇਬਰੋਨ ਨੂੰ ਘੇਰ ਕੇ ਉੱਥੇ ਆਵਾਜਾਈ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੂਰੇ ਵੈਸਟ ਬੈਂਕ 'ਚ ਵੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
Publish Date: Sat, 24 Oct 2026 08:25 AM (IST)
Updated Date: Sat, 24 Oct 2026 08:26 AM (IST)
ਏਪੀ, ਯਰੂਸ਼ਲਮ : ਇਜ਼ਰਾਈਲ 'ਚ ਸੰਸਦੀ ਚੋਣਾਂ ਲਈ ਵੋਟਿੰਗ ਤੋਂ ਚਾਰ ਦਿਨ ਪਹਿਲਾਂ ਵੈਸਟ ਬੈਂਕ 'ਚ ਇਜ਼ਰਾਇਲੀ ਸੈਨਿਕਾਂ ਅਤੇ ਫਲਸਤੀਨੀਆਂ ਵਿਚਾਲੇ ਹੋਈ ਗੋਲੀਬਾਰੀ 'ਚ ਦੋ ਸੈਨਿਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ 'ਚ ਦੋ ਹਮਲਾਵਰ ਫਲਸਤੀਨੀ ਵੀ ਮਾਰੇ ਗਏ ਹਨ। ਇਸ ਤੋਂ ਇਲਾਵਾ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ।
ਉੱਧਰ, ਕਬਜ਼ੇ ਵਾਲੇ ਵੈਸਟ ਬੈਂਕ ਦੇ ਹੇਬਰੋਨ ਇਲਾਕੇ 'ਚ ਇਜ਼ਰਾਇਲੀ ਫੌਜ ਨੇ ਸੀਮਤ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਜ਼ਰਾਇਲ ਰੱਖਿਆ ਬਲਾਂ (IDF) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੈਨਿਕਾਂ ਅਤੇ ਹੋਰ ਸੁਰੱਖਿਆ ਬਲਾਂ ਨੇ ਹਮਲਾਵਰਾਂ ਨਾਲ ਜੁੜੇ ਹਥਿਆਰਾਂ ਅਤੇ ਬੁਨਿਆਦੀ ਢਾਂਚੇ ਦੀ ਭਾਲ ਕਰਕੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਨਿਸ਼ਾਨਾ ਆਧਾਰਿਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਸ਼ੱਕੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਦਰਜਨਾਂ ਫਲਸਤੀਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਲੀਬਾਰੀ ਦੀ ਇਹ ਘਟਨਾ ਹੇਬਰੋਨ ਸ਼ਹਿਰ ਦੇ ਨੇੜੇ ਯੇਹੂਦਾ ਜੰਕਸ਼ਨ 'ਤੇ ਵਾਪਰੀ। ਇਜ਼ਰਾਇਲੀ ਫੌਜ ਨੇ ਕਿਹਾ ਕਿ ਅੱਤਵਾਦੀ ਹਮਲੇ ਦੀ ਵੱਡੀ ਵਾਰਦਾਤ ਨੂੰ ਨਾਕਾਮ ਕਰ ਦਿੱਤਾ ਗਿਆ ਹੈ।
ਘਟਨਾ ਤੋਂ ਬਾਅਦ ਸਰਕਾਰ ਨੇ ਫਲਸਤੀਨੀ ਬਹੁਲਤਾ ਵਾਲੇ ਵੈਸਟ ਬੈਂਕ 'ਚ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ਦੇ ਨੇੜੇ ਸਥਿਤ ਹੇਬਰੋਨ ਸ਼ਹਿਰ 'ਚ ਘਰਾਂ ਨੂੰ ਢਾਹੁਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਸਵੇਰੇ ਦੋ ਹਥਿਆਰਬੰਦ ਫਲਸਤੀਨੀ ਵੈਸਟ ਬੈਂਕ 'ਚ ਸਥਿਤ ਇਜ਼ਰਾਇਲੀ ਫੌਜੀ ਟਿਕਾਣੇ ਦੇ ਨੇੜੇ ਪਹੁੰਚੇ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਲਗਪਗ 20 ਮਿੰਟ ਤੱਕ ਉਨ੍ਹਾਂ ਅਤੇ ਇਜ਼ਰਾਇਲੀ ਸੈਨਿਕਾਂ ਵਿਚਾਲੇ ਗੋਲੀਬਾਰੀ ਹੁੰਦੀ ਰਹੀ, ਜਿਸ 'ਚ ਦੋਵੇਂ ਫਲਸਤੀਨੀ ਮਾਰੇ ਗਏ।
ਮਾਰੇ ਗਏ ਫਲਸਤੀਨੀਆਂ ਕੋਲੋਂ ਫੌਜ ਨੇ ਇਕ M16 ਰਾਈਫਲ ਅਤੇ ਇਕ ਹੈਂਡਗਨ ਬਰਾਮਦ ਕੀਤੀ ਹੈ। ਇਸ ਘਟਨਾ ਤੋਂ ਬਾਅਦ ਇਜ਼ਰਾਇਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਹੇਬਰੋਨ ਨੂੰ ਘੇਰ ਕੇ ਉੱਥੇ ਆਵਾਜਾਈ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੂਰੇ ਵੈਸਟ ਬੈਂਕ 'ਚ ਵੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਚੋਣਾਂ ਤੋਂ ਪਹਿਲਾਂ ਨੇਤਨਯਾਹੂ ਨੇ ਸੁਰੱਖਿਆ ਅਧਿਕਾਰੀਆਂ ਨਾਲ ਕੀਤੀ ਬੈਠਕ
ਮੰਗਲਵਾਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਵਾਪਰੀ ਇਸ ਘਟਨਾ ਮਗਰੋਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ, ਚੋਟੀ ਦੇ ਫੌਜੀ ਅਧਿਕਾਰੀਆਂ ਅਤੇ ਖੁਫੀਆ ਏਜੰਸੀਆਂ ਦੇ ਮੁਖੀਆਂ ਨਾਲ ਬੈਠਕ ਕੀਤੀ।
ਬੈਠਕ ਤੋਂ ਬਾਅਦ ਨੇਤਨਯਾਹੂ ਨੇ ਕਿਹਾ, “ਸਾਡੇ ਬਹਾਦਰ ਸੈਨਿਕਾਂ ਨੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਹਮਾਸ ਲਈ ਹੁਣ ਕੋਈ ਥਾਂ ਨਹੀਂ ਬਚੀ ਹੈ। ਚੋਣਾਂ ਦੌਰਾਨ ਗੜਬੜ ਪੈਦਾ ਕਰਨ ਦੀ ਫਲਸਤੀਨੀ ਅੱਤਵਾਦੀ ਸੰਗਠਨਾਂ ਦੀ ਸਾਜ਼ਿਸ਼ ਸਫ਼ਲ ਨਹੀਂ ਹੋਵੇਗੀ।”
ਪ੍ਰਧਾਨ ਮੰਤਰੀ ਨੇ ਜ਼ਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਘਟਨਾ 'ਚ ਜ਼ਖ਼ਮੀ ਹੋਏ ਲੋਕ ਇਜ਼ਰਾਇਲੀ ਹਨ। ਜ਼ਿਕਰਯੋਗ ਹੈ ਕਿ ਵੈਸਟ ਬੈਂਕ ਇਜ਼ਰਾਇਲ ਦੇ ਕਬਜ਼ੇ ਹੇਠਲਾ ਫਲਸਤੀਨੀ ਬਹੁਲਤਾ ਵਾਲਾ ਖੇਤਰ ਹੈ।