ਟਰੰਪ ਪ੍ਰਸ਼ਾਸਨ ਦੀ ਸਖ਼ਤੀ ਦਾ ਅਸਰ: ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 6.5% ਘਟੀ, ਅੰਡਰਗ੍ਰੈਜੂਏਟ ਦਾਖ਼ਲਿਆਂ 'ਚ ਆਈ ਸਭ ਤੋਂ ਵੱਡੀ ਗਿਰਾਵਟ ‘ਓਪਨ ਡੋਰਜ਼ ਰਿਪੋਰਟ ਆਨ ਇੰਟਰਨੈਸ਼ਨਲ ਐਜੂਕੇਸ਼ਨਲ ਐਕਸਚੇਂਜ’ ਮੁਤਾਬਕ, 2025-26 ਵਿਚ 3,39,435 ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਲਿਆ। 2024-25 ਵਿਚ ਇਹ ਗਿਣਤੀ 3,63,019 ਸੀ। ਲਗਾਤਾਰ ਤੀਜੇ ਸਾਲ ਭਾਰਤ ਅਮਰੀਕਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਰਿਹਾ। 2025-26 ਵਿਚ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿਚ ਭਾਰਤੀਆਂ ਦੀ ਹਿੱਸੇਦਾਰੀ 29.6 ਫ਼ੀਸਦੀ ਸੀ।
Publish Date: Tue, 17 Nov 2026 10:35 AM (IST)
Updated Date: Tue, 17 Nov 2026 10:36 AM (IST)
ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2025-26 ਵਿਚ ਪਿਛਲੇ ਅਕਾਦਮਿਕ ਸਾਲ ਦੇ ਮੁਕਾਬਲੇ 6.5 ਫ਼ੀਸਦੀ ਘਟ ਗਈ। ਸੋਮਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ, ਇਹ ਕਮੀ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਹੋ ਰਹੀਆਂ ਇਮੀਗ੍ਰੇਸ਼ਨ ਨੀਤੀਆਂ ਦਰਮਿਆਨ ਦਰਜ ਕੀਤੀ ਗਈ।
‘ਓਪਨ ਡੋਰਜ਼ ਰਿਪੋਰਟ ਆਨ ਇੰਟਰਨੈਸ਼ਨਲ ਐਜੂਕੇਸ਼ਨਲ ਐਕਸਚੇਂਜ’ ਮੁਤਾਬਕ, 2025-26 ਵਿਚ 3,39,435 ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਲਿਆ। 2024-25 ਵਿਚ ਇਹ ਗਿਣਤੀ 3,63,019 ਸੀ। ਲਗਾਤਾਰ ਤੀਜੇ ਸਾਲ ਭਾਰਤ ਅਮਰੀਕਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਰਿਹਾ। 2025-26 ਵਿਚ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿਚ ਭਾਰਤੀਆਂ ਦੀ ਹਿੱਸੇਦਾਰੀ 29.6 ਫ਼ੀਸਦੀ ਸੀ।
ਇਸ ਗਿਰਾਵਟ ਦਾ ਮੁੱਖ ਕਾਰਨ ਅੰਡਰਗ੍ਰੈਜੂਏਟ ਕੋਰਸਾਂ ਵਿਚ ਦਾਖ਼ਲਿਆਂ ਦੀ ਗਿਣਤੀ 34 ਫ਼ੀਸਦੀ ਘਟ ਕੇ 1,16,609 ਰਹਿ ਜਾਣਾ ਸੀ। ਗ੍ਰੈਜੂਏਟ ਪੱਧਰ ’ਤੇ ਵਿਦਿਆਰਥੀਆਂ ਦੀ ਗਿਣਤੀ ਇਕ ਫ਼ੀਸਦੀ ਘਟ ਕੇ 39,711 ਰਹੀ। ਇਸ ਦੇ ਉਲਟ, ਵਿਕਲਪੀ ਪ੍ਰੈਕਟੀਕਲ ਟ੍ਰੇਨਿੰਗ (ਓਪੀਟੀ) ਵਿਚ ਹਿੱਸਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 27 ਫ਼ੀਸਦੀ ਵਧ ਕੇ 1,82,201 ਹੋ ਗਈ।
ਚੀਨ 2,54,458 ਵਿਦਿਆਰਥੀਆਂ ਨਾਲ ਦੂਜਾ ਸਭ ਤੋਂ ਵੱਡਾ ਸਰੋਤ ਬਣਿਆ ਰਿਹਾ, ਹਾਲਾਂਕਿ ਉੱਥੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਚਾਰ ਫ਼ੀਸਦੀ ਘਟੀ। ਕੁੱਲ ਮਿਲਾ ਕੇ, 2025-26 ਵਿਚ 200 ਤੋਂ ਵੱਧ ਦੇਸ਼ਾਂ ਦੇ 11,46,163 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਅਮਰੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਕੀਤੀ। ਇਹ ਗਿਣਤੀ ਪਿਛਲੇ ਅਕਾਦਮਿਕ ਸਾਲ ਨਾਲੋਂ ਤਿੰਨ ਫ਼ੀਸਦੀ ਘੱਟ ਹੈ। ਅਮਰੀਕਾ ਵਿਚ ਉੱਚ ਸਿੱਖਿਆ ਹਾਸਲ ਕਰ ਰਹੇ ਕੁੱਲ ਵਿਦਿਆਰਥੀਆਂ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਿੱਸੇਦਾਰੀ ਛੇ ਫ਼ੀਸਦੀ ਰਹੀ।
ਇਸ ਸਾਲ ਦੇ ਸ਼ੁਰੂ ਵਿਚ ਗ੍ਰਹਿ ਸੁਰੱਖਿਆ ਵਿਭਾਗ ਨੇ ਪ੍ਰਸਤਾਵ ਦਿੱਤਾ ਸੀ ਕਿ ਵਿਕਲਪੀ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਹਰ ਵਿਦਿਆਰਥੀ ਲਈ ਸਬੰਧਤ ਸੰਸਥਾ 70,000 ਡਾਲਰ ਫ਼ੀਸ ਦੇਵੇ। ਇਸ ਪ੍ਰਸਤਾਵਿਤ ਨਿਯਮ ਨੂੰ ਅਦਾਲਤ ਵਿਚ ਚੁਣੌਤੀ ਦਿੱਤੇ ਜਾਣ ਦੀ ਸੰਭਾਵਨਾ ਹੈ। ਵਿਭਾਗ ਦੇ ਸਕੱਤਰ ਮਾਰਕਵੇਨ ਮੁਲਿਨ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਦਾ ਮਕਸਦ ਉਨ੍ਹਾਂ ਖਾਮੀਆਂ ਨੂੰ ਬੰਦ ਕਰਨਾ ਹੈ, ਜਿਨ੍ਹਾਂ ਦਾ ਵਿਦਿਆਰਥੀ ਅਮਰੀਕਾ ਵਿਚ ਆਪਣੀ ਪੜ੍ਹਾਈ ਵਧਾਉਣ ਲਈ ਲਾਹਾ ਲੈ ਰਹੇ ਹਨ।