- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਮਾਨ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਜਹਾਜ਼ ਓਮਾਨ ਤੱਟ ਤੋਂ ਲਗਪਗ 80 ਸਮੁੰਦਰੀ ਮੀਲ ਪੂਰਬ ’ਚ ਰਾਸ ਅਲ ਹੱਦ ਦੇ ਕੋਲ ਸੀ। ਇੰਜਣ ਫੇਲ੍ਹ ਹੋਣ ਤੋਂ ਬਾਅਦ ਇਸ ’ਚ ਕੰਮ ਕਰ ਰਹੇ ਸਾਰੇ ਮਲਾਹਾਂ ਨੇ ਲਾਈਫ ਰਾਫਟ ’ਚ ਸ਼ਰਨ ਲਈ। ਖੋਜ ਤੇ ਬਚਾਅ ਮੁਹਿੰਮ ਓਮਾਨੀ ਅਧਿਕਾਰੀਆਂ ਦੇ ਤਾਲਮੇਲ ਨਾਲ ਚਲਾਈ ਗਈ।

ਜਾਗਰਣ ਬਿਊਰੋ, ਨਵੀਂ ਦਿੱਲੀ : ਪੱਛਮੀ ਏਸ਼ੀਆ ’ਚ ਵਧਦੇ ਤਣਾਅ ਵਿਚਾਲੇ ਓਮਾਨ ਤੱਟ ’ਤੇ ਭਾਰਤੀ ਜਹਾਜ਼ਾਂ ’ਤੇ ਭਾਰਤੀ ਮਲਾਹਾਂ ’ਤੇ ਮੰਡਰਾਉਂਦਾ ਖ਼ਤਰਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਚਾਰ ਦਿਨਾਂ ’ਚ ਤਿੰਨ ਜਹਾਜ਼ਾਂ ’ਤੇ ਅਮਰੀਕੀ ਹਮਲੇ ਤੇ ਇਸ ’ਚ ਤਿੰਨ ਭਾਰਤੀ ਮਲਾਹਾਂ ਦੀ ਮੌਤ ਤੋਂ ਭਾਰਤੀ ਜਹਾਜ਼ਰਾਣੀ ਉਦਯੋਗ ਅਜੇ ਸੰਭਲਿਆ ਨਹੀਂ ਸੀ ਕਿ ਐਤਵਾਰ ਨੂੰ ਮਸ਼ੀਨੀਕ੍ਰਿਤ ਸੇਲਿੰਗ ਵੇਸਲ (ਐੱਮਐੱਸਵੀ) ਵਿਰਾਟ 1 ਦਾ ਇੰਜਣ ਓਮਾਨ ਤੱਟ ਦੇ ਕੋਲ ਫੇਲ੍ਹ ਹੋ ਗਿਆ ਤੇ ਜਹਾਜ਼ ਡੁੱਬ ਗਿਆ। ਇਸ ’ਚ ਸਵਾਰ 14 ਭਾਰਤੀ ਮਲਾਹਾਂ ਨੂੰ ਮੁਸ਼ਕਲ ਭਰੇ ਆਪ੍ਰੇਸ਼ਨ ’ਚ ਓਮਾਨੀ ਅਧਿਕਾਰੀਆਂ, ਆਲੇ-ਦੁਆਲੇ ਦੇ ਜਹਾਜ਼ਾਂ ਤੇ ਅਮਰੀਕੀ ਜਲ ਸੈਨਾ ਦੀ ਤੁਰੰਤ ਕਾਰਵਾਈ ਨਾਲ ਸੁਰੱਖਿਅਤ ਬਚਾਅ ਲਿਆ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਤਕਨੀਕੀ ਕਾਰਨ ਵਿਰਾਟ-1 ਡੁੱਬਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਓਮਾਨ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਜਹਾਜ਼ ਓਮਾਨ ਤੱਟ ਤੋਂ ਲਗਪਗ 80 ਸਮੁੰਦਰੀ ਮੀਲ ਪੂਰਬ ’ਚ ਰਾਸ ਅਲ ਹੱਦ ਦੇ ਕੋਲ ਸੀ। ਇੰਜਣ ਫੇਲ੍ਹ ਹੋਣ ਤੋਂ ਬਾਅਦ ਇਸ ’ਚ ਕੰਮ ਕਰ ਰਹੇ ਸਾਰੇ ਮਲਾਹਾਂ ਨੇ ਲਾਈਫ ਰਾਫਟ ’ਚ ਸ਼ਰਨ ਲਈ। ਖੋਜ ਤੇ ਬਚਾਅ ਮੁਹਿੰਮ ਓਮਾਨੀ ਅਧਿਕਾਰੀਆਂ ਦੇ ਤਾਲਮੇਲ ਨਾਲ ਚਲਾਈ ਗਈ। ਬਚਾਉਣ ’ਚ ਅਮਰੀਕੀ ਜਲ ਸੈਨਾ ਨੇ ਵੀ ਮਦਦ ਕੀਤੀ। ਉਸ ਦੇ ਪੀ-8 ਨਾਂ ਦੇ ਸਮੁੰਦਰੀ ਗਸ਼ਤੀ ਜਹਾਜ਼ ਨੇ ਸੰਕਟ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਜਹਾਜ਼ ਦੇ ਕੋਲ ਇਕ ਲਾਈਫ ਰਾਫਟ ਡੇਗਿਆ ਤੇ ਬੋਰਡ ’ਤੇ ਸਵਾਰ ਲੋਕਾਂ ਦੀ ਨਿਕਾਸੀ ਦੀ ਨਿਗਰਾਨੀ ਕੀਤੀ। ਇਸ ਤੋਂ ਇਲਾਵਾ, ਅਮਰੀਕੀ ਜਲ ਸੈਨਾ ਨੇ ਨੇੜੇ ਦੇ ਇਕ ਵਪਾਰਕ ਜਹਾਜ਼, ਐੱਮਵੀ ਜਬਾਲ ਅਲੀ 9 (ਸੇਂਟ ਕਿਟਸ ਐਂਡ ਨੇਵਿਸ ਦੇ ਝੰਡੇ ਵਾਲਾ ਜਹਾਜ਼) ਤੋਂ ਸਤਹੀ ਸਹਾਇਤਾ ਵੀ ਮੁਹੱਈਆ ਕਰਵਾਈ। ਉਂਜ ਸਮੁੰਦਰੀ ਖੇਤਰ ’ਚ ਕਾਫ਼ੀ ਦੇਰ ਤੱਕ ਆਪ੍ਰੇਸ਼ਨ ਚੱਲਦਾ ਰਿਹਾ ਤਦ ਜਾ ਕੇ ਸਾਰੇ ਮਲਾਹਾਂ ਨੂੰ ਸੁਰੱਖਿਅਤ ਕੱਢਿਆ ਜਾ ਸਕਿਆ। ਸਾਰੇ ਮਲਾਹ ਸੁਰੱਖਿਅਤ ਮੁੰਬਈ ਮੁੜ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਹਮਲੇ ਦੀਆਂ ਅਫ਼ਵਾਹਾਂ ਨੂੰ ਲੈ ਕੇ ਕੁਝ ਵੈੱਬਸਾਈਟਾਂ ’ਤੇ ਚੱਲ ਰਹੀ ਖ਼ਬਰ ਨੂੰ ਗ਼ਲਤ ਦੱਸਿਆ ਹੈ। ਵੈਸੇ ਹਾਦਸੇ ਦੀ ਜਾਂਚ ਜਾਰੀ ਹੈ।
ਭਾਰਤੀ ਮਲਾਹਾਂ ਦੀ ਮੌਜੂਦਗੀ ਵਾਲੇ ਤਿੰਨ ਜਹਾਜ਼ਾਂ ’ਤੇ ਹਮਲਾ ਕਰ ਚੁੱਕਾ ਹੈ ਅਮਰੀਕਾ
ਇਹ ਹਾਦਸਾ ਹੋਰਮੁਜ਼ ਜਲਮਾਰਗ ’ਤੇ ਅਮਰੀਕੀ ਨਾਕੇਬੰਦੀ ਤੇ ਪੱਛਮੀ ਏਸ਼ੀਆ ਸੰਘਰਸ਼ ਵਿਚਾਲੇ ਭਾਰਤੀ ਮਲਾਹਾਂ ਦੇ ਵਧਦੇ ਜੋਖ਼ਮ ਨੂੰ ਇਕ ਵਾਰ ਮੁੜ ਉਜਾਗਰ ਕਰਦਾ ਹੈ। ਦੁਨੀਆ ਭਰ ਦੇ ਵਪਾਰਕ ਜਹਾਜ਼ਾਂ ’ਤੇ ਕੰਮ ਕਰਨ ਵਾਲੇ ਹਜ਼ਾਰਾਂ ਭਾਰਤੀ ਮਲਾਹਾਂ ਦੀ ਜਾਨ ਖ਼ਤਰੇ ’ਚ ਹੈ। ਪਿਛਲੇ ਹਫ਼ਤੇ ਹੋਰਮੁਜ਼ ਖੇਤਰ ’ਚ ਭਾਰਤੀ ਮਲਾਹਾਂ ਦੀ ਮੌਜੂਦਗੀ ਵਾਲੇ ਤਿੰਨ ਜਹਾਜ਼ਾਂ (ਐੱਮਟੀ ਸੇਟੇਬੇਲੋ, ਮਾਰੀਵੈਕਸ ਤੇ ਜਲਵੀਰ) ’ਤੇ ਅਮਰੀਕੀ ਹਮਲੇ ਹੋਏ ਹਨ। ਇਸ ’ਚ ਇਕ ਜਹਾਜ਼ ’ਤੇ ਸਵਾਰ ਤਿੰਨ ਭਾਰਤੀ ਮਲਾਹਾਂ ਦੀ ਮੌਤ ਹੋ ਗਈ ਸੀ।
ਜੈਸ਼ੰਕਰ ਨੇ ਅਮਰੀਕਾ ਦੇ ਸਾਹਮਣੇ ਚੁੱਕਿਆ ਮੁੱਦਾ, ਅਮਰੀਕੀ ਕੂਟਨੀਤਕ ਕੀਤੇ ਗਏ ਤਲਬ
ਭਾਰਤੀ ਮਲਾਹਾਂ ਵਾਲੇ ਜਹਾਜ਼ਾਂ ’ਤੇ ਹਮਲੇ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਫੋਨ ’ਤੇ ਗੱਲ ਕੀਤੀ। ਜੈਸ਼ੰਕਰ ਨੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਤੇ ਕਿਹਾ ਕਿ ਵਪਾਰਕ ਜਹਾਜ਼ਾਂ ’ਤੇ ਖ਼ਤਰਨਾਕ ਕਾਰਵਾਈ ਵਾਜਬ ਨਹੀਂ ਹੈ। ਉਥੇ ਰੂਬੀਓ ਨੇ ਕਿਹਾ ਕਿ ਹੋਮਰੁਜ਼ ’ਚ ਅਮਰੀਕੀ ਹੁਕਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਈਰਾਨੀ ਤੇਲ ਦੀ ਨਾਜਾਇਜ਼ ਢੁਆਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ’ਤੇ ਭਾਰਤ ਨੇ ਤਿੰਨ ਦਿਨਾਂ ਦੇ ਅੰਦਰ ਦੋ ਵਾਰ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਸੀਨੀਅਰ ਅਧਿਕਾਰੀ ਨੂੰ ਤਲਬ ਕਰ ਕੇ ਨਾਰਾਜ਼ਗੀ ਪ੍ਰਗਟਾਈ ਹੈ।
ਓਮਾਨ ਤੱਟ ਸਥਿਤ ਜਹਾਜ਼ ’ਤੇ ਭਾਰਤੀ ਨਾਗਰਿਕ ਦੀ ਮੌਤ
ਦੁਬਈ (ਪੀਟੀਆਈ) : ਓਮਾਨ ਦੇ ਦੁਕਮ ਪੋਰਟ ’ਤੇ ਖੜ੍ਹੇ ਇਕ ਜਹਾਜ਼ ’ਚ ਸਵਾਰ ਭਾਰਤੀ ਨਾਗਰਿਕ ਦੀ ਸ਼ਨਿਚਰਵਾਰ ਨੂੰ ਮੌਤ ਹੋ ਗਈ। ਮਸਕਟ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਨਿਸ਼ਾਂਤ ਉਰਥਨਾਥਨ ਨਾਮੀ ਭਾਰਤੀ ਨਾਗਰਿਕ ਦਾ ਦੇਹਾਂਤ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਹੋਇਆ। ਇਹ ਘਟਨਾ ਉਸ ਸਮੇਂ ਹੋਈ ਜਦ ਉਹ ਐੱਮਟੀ ਸੇਲੇਸਟੀਅਲ ਨਾਮੀ ਜਹਾਜ਼ ’ਤੇ ਮੌਜੂਦ ਸਨ। ਘਟਨਾ ਤੋਂ ਬਾਅਦ ਭਾਰਤੀ ਦੂਤਘਰ ਨੇ ਦੁੱਖ ਪ੍ਰਗਟਾਉਂਦੇ ਹੋਏ ਪਰਿਵਾਰ ਲਈ ਹਮਦਰਦੀ ਜ਼ਾਹਰ ਕੀਤੀ ਹੈ ਤੇ ਮ੍ਰਿਤਕ ਦੇਹ ਜਲਦ ਭਾਰਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । 20 ਮਈ ਨੂੰ ਯੂਐੱਸ ਸੈਂਟਰਲ ਕਮਾਨ ਨੇ ਕਿਹਾ ਸੀ ਕਿ ਮਰੀਨ ਨੇ ਐੱਮਟੀ ਸੇਲੇਸਟੀਅਲ ਨੂੰ ਹੋਮਰੁਜ਼ ਜਲਡਮਰੂਮੱਧ ’ਚ ਨਾਕੇਬੰਦੀ ਦੀ ਉਲੰਘਣਾ ਕਰਨ ਦੇ ਸ਼ੱਕ ’ਚ ਰੋਕਿਆ ਸੀ, ਪਰ ਤਲਾਸ਼ੀ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਜਹਾਜ਼ ਦੇ ਚਾਲਕ ਦਲ ਨੂੰ ਆਪਣਾ ਰਾਹ ਬਦਲਣ ਲਈ ਕਿਹਾ ਗਿਆ ਸੀ।