UN 'ਚ ਭਾਰਤ ਨੇ OIC ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ- ਪੀੜਤ ਤੇ ਅਪਰਾਧੀ ਵਿਚਕਾਰ ਫ਼ਰਕ ਕਰਨਾ ਭੁੱਲਿਆ
ਬੈਠਕ 'ਚ ਭਾਰਤ ਨੇ OIC ਵੱਲੋਂ ਜੰਮੂ-ਕਸ਼ਮੀਰ ਦੇ ਸੰਦਰਭ 'ਚ ਕੀਤੀਆਂ 'ਬੇਲੋੜੀਆਂ ਟਿੱਪਣੀਆਂ' 'ਤੇ ਸਖ਼ਤ ਇਤਰਾਜ਼ ਜਤਾਇਆ। ਭਾਰਤ ਨੇ ਪਲਟਵਾਰ ਕਰਦਿਆਂ OIC ਨੂੰ ਸਲਾਹ ਦਿੱਤੀ ਕਿ ਉਸ ਨੂੰ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਅਤੇ ਖ਼ਾਸ ਤੌਰ 'ਤੇ ਰਾਵਲਾਕੋਟ ਵਰਗੇ ਇਲਾਕਿਆਂ 'ਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਧਿਆਨ ਦੇਣਾ ਚਾਹੀਦਾ ਹੈ।
Publish Date: Wed, 07 Oct 2026 12:36 PM (IST)
Updated Date: Wed, 07 Oct 2026 12:41 PM (IST)
ਡਿਜੀਟਲ ਡੈਸਕ, ਨਿਊਯਾਰਕ : ਸੰਯੁਕਤ ਰਾਸ਼ਟਰ ਮਹਾਸਭਾ (UNGA) ਦੀ ਛੇਵੀਂ ਕਮੇਟੀ ਦੀ ਬੈਠਕ 'ਚ ਭਾਰਤ ਨੇ ਇਸਲਾਮਿਕ ਸਹਿਯੋਗ ਸੰਗਠਨ (OIC) ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਨਾਲ ਹੀ ਪਾਕਿਸਤਾਨ ਅਤੇ ਗੁਲਾਮ ਕਸ਼ਮੀਰ 'ਚ ਅੱਤਵਾਦੀ ਢਾਂਚੇ ਖ਼ਿਲਾਫ਼ ਭਾਰਤ ਦੀ ਸਟੀਕ ਕਾਰਵਾਈ 'ਤੇ OIC ਵੱਲੋਂ ਕੀਤੀਆਂ ਟਿੱਪਣੀਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਪੱਛਮੀ ਤ੍ਰਿਪੁਰਾ ਤੋਂ ਲੋਕ ਸਭਾ ਮੈਂਬਰ ਬਿਪਲਬ ਕੁਮਾਰ ਦੇਬ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ 'ਚ ਭਾਰਤ ਦਾ ਪੱਖ ਰੱਖਦਿਆਂ OIC 'ਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਉਨ੍ਹਾਂ ਸਾਫ਼-ਸਾਫ਼ ਕਿਹਾ ਕਿ ਇਹ ਬੇਹੱਦ ਅਫ਼ਸੋਸਜਨਕ ਹੈ ਕਿ OIC ਦੇ ਬਿਆਨ ਦੇਣ ਵਾਲੇ ਲੋਕ ਇਹ ਤੱਕ ਤੈਅ ਨਹੀਂ ਕਰ ਪਾ ਰਹੇ ਕਿ ਅੱਤਵਾਦ ਲਈ ਅਸਲ 'ਚ ਜ਼ਿੰਮੇਵਾਰ ਕੌਣ ਹੈ ਅਤੇ ਇਸ ਦਾ ਸ਼ਿਕਾਰ ਕੌਣ ਬਣਿਆ ਹੈ।
ਬੈਠਕ 'ਚ ਭਾਰਤ ਦਾ ਦੋ-ਟੁੱਕ ਜਵਾਬ
ਦੇਬ ਨੇ ਦੋ-ਟੁੱਕ ਸ਼ਬਦਾਂ 'ਚ ਕਿਹਾ ਕਿ OIC ਦਾ ਪ੍ਰਧਾਨ ਉਨ੍ਹਾਂ ਥਾਵਾਂ 'ਤੇ ਭਾਰਤ ਦੀ ਨਿਸ਼ਾਨਾਬੱਧ ਅਤੇ ਮਾਪੀ ਹੋਈ ਕਾਰਵਾਈ 'ਤੇ ਬਿਆਨ ਦੇ ਰਿਹਾ ਹੈ, ਜੋ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ 'ਚ ਅੱਤਵਾਦੀ ਢਾਂਚੇ ਖ਼ਿਲਾਫ਼ ਕੀਤੀਆਂ ਗਈਆਂ ਸਨ। ਇਨ੍ਹਾਂ ਠਿਕਾਣਿਆਂ ਤੋਂ ਭਾਰਤ ਖ਼ਿਲਾਫ਼ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਅਤੇ ਉਨ੍ਹਾਂ ਨੂੰ ਨਿਰਦੇਸ਼ਿਤ ਕੀਤਾ ਜਾਂਦਾ ਰਿਹਾ ਹੈ।
PoK ਦੇ ਹਾਲਾਤ 'ਤੇ OIC ਨੂੰ ਘੇਰਿਆ
ਬੈਠਕ 'ਚ ਭਾਰਤ ਨੇ OIC ਵੱਲੋਂ ਜੰਮੂ-ਕਸ਼ਮੀਰ ਦੇ ਸੰਦਰਭ 'ਚ ਕੀਤੀਆਂ 'ਬੇਲੋੜੀਆਂ ਟਿੱਪਣੀਆਂ' 'ਤੇ ਸਖ਼ਤ ਇਤਰਾਜ਼ ਜਤਾਇਆ। ਭਾਰਤ ਨੇ ਪਲਟਵਾਰ ਕਰਦਿਆਂ OIC ਨੂੰ ਸਲਾਹ ਦਿੱਤੀ ਕਿ ਉਸ ਨੂੰ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਅਤੇ ਖ਼ਾਸ ਤੌਰ 'ਤੇ ਰਾਵਲਾਕੋਟ ਵਰਗੇ ਇਲਾਕਿਆਂ 'ਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਧਿਆਨ ਦੇਣਾ ਚਾਹੀਦਾ ਹੈ।
'ਸੱਚਾਈ ਤੇ ਕਲਪਨਾ ਵਿਚ ਫ਼ਰਕ ਭੁੱਲ ਗਿਆ OIC'
ਸੰਸਦ ਮੈਂਬਰ ਬਿਪਲਬ ਕੁਮਾਰ ਦੇਬ ਨੇ ਬੈਠਕ 'ਚ OIC ਨੂੰ ਲਤਾਰਦਿਆਂ ਕਿਹਾ ਕਿ ਇਹ ਬੇਹੱਦ ਅਫ਼ਸੋਸਜਨਕ ਹੈ ਕਿ OIC ਦੇ ਬਿਆਨ ਦੇਣ ਵਾਲੇ ਲੋਕ ਇਹ ਤੱਕ ਤੈਅ ਨਹੀਂ ਕਰ ਪਾ ਰਹੇ ਕਿ ਅੱਤਵਾਦ ਲਈ ਅਸਲ 'ਚ ਜ਼ਿੰਮੇਵਾਰ ਕੌਣ ਹੈ ਅਤੇ ਇਸ ਦਾ ਸ਼ਿਕਾਰ ਕੌਣ ਬਣਿਆ ਹੈ।
ਦੇਬ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਵਲਾਕੋਟ 'ਚ ਖੁੱਲ੍ਹੇਆਮ ਨਿਰਮਮ ਹੱਤਿਆਵਾਂ, ਹਿੰਸਾ ਅਤੇ ਉੱਥੋਂ ਦੇ ਲੋਕਾਂ ਨੂੰ ਬੁਨਿਆਦੀ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। OIC ਵੱਲੋਂ ਜਾਣਬੁੱਝ ਕੇ ਦਿਖਾਈ ਜਾ ਰਹੀ ਇਹ ਅਣਦੇਖੀ ਸਿਰਫ਼ ਉਨ੍ਹਾਂ ਦੀ ਕੱਟੜਤਾ ਨੂੰ ਦਰਸਾਉਂਦੀ ਹੈ।
ਅੱਤਵਾਦ 'ਤੇ ਕੋਈ 'ਚੰਗਾ ਜਾਂ ਮਾੜਾ' ਭੇਦ ਨਹੀਂ
ਭਾਸ਼ਣ 'ਚ ਭਾਰਤੀ ਸੰਸਦ ਮੈਂਬਰ ਨੇ ਸਰਹੱਦ ਪਾਰ ਅੱਤਵਾਦ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ। ਇਸ ਤੋਂ ਇਲਾਵਾ ਅਪ੍ਰੈਲ 2025 'ਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਗਾਮ ਹਮਲਾ ਭਾਰਤ ਦੀ ਪ੍ਰਭੂਸੱਤਾ 'ਤੇ ਇੱਕ ਸੁਨਿਯੋਜਿਤ ਹਮਲਾ ਸੀ, ਜਿਸ ਨੂੰ ਉਨ੍ਹਾਂ ਨੈੱਟਵਰਕਾਂ ਨੇ ਅੰਜਾਮ ਦਿੱਤਾ ਜਿਨ੍ਹਾਂ ਨੂੰ ਪੱਛਮੀ ਸਰਹੱਦ ਪਾਰੋਂ ਸਰਕਾਰੀ ਸੁਰੱਖਿਆ, ਸੁਰੱਖਿਅਤ ਠਿਕਾਣੇ ਅਤੇ ਲਾਜਿਸਟਿਕ ਸਹਾਇਤਾ ਮਿਲਦੀ ਰਹੀ ਹੈ।