- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੀਜਿੰਗ ਹਿਊਮਨਾਇਡ ਰੋਬੋਟ ਇਨੋਵੇਸ਼ਨ ਸੈਂਟਰ ਵੱਲੋਂ ਵਿਕਸਤ ਤਿਆਨਗਾਂਗ ਅਲਟਰਾ ਨੇ 0.08 ਸਕਿੰਟ ਦੇ ਫ਼ਰਕ ਨਾਲ ਇਹ ਦੌੜ ਚੀਨੀ ਸਮਾਰਟਫੋਨ ਕੰਪਨੀ ਆਨਰ ਦੇ ਹਿਊਮਨਾਇਡ ਰੋਬੋਟ ‘ਲਾਈਟਨਿੰਗ’ ਤੋਂ ਜਿੱਤੀ ਹੈ। ਤਿਆਨਗਾਂਗ ਨੇ 100 ਮੀਟਰ ਦੀ ਦੂਰੀ 9.39 ਸਕਿੰਟਾਂ ਵਿਚ ਪੂਰੀ ਕੀਤੀ, ਜਦੋਂਕਿ ਲਾਈਟਨਿੰਗ ਨੇ 9.47 ਸਕਿੰਟ ਦਾ ਸਮਾਂ ਲਿਆ। ਹਾਲਾਂਕਿ, ਇਹ ਪ੍ਰਾਪਤੀ ਮਨੁੱਖੀ ਅਥਲੈਟਿਕਸ ਦੇ ਅਧਿਕਾਰਤ ਆਲਮੀ ਰਿਕਾਰਡ ਦੀ ਸ਼੍ਰੇਣੀ ਵਿਚ ਨਹੀਂ ਆਉਂਦੀ ਪਰ ਸ਼ਤਰੰਜ ਤੋਂ ਲੈ ਕੇ ਦੌੜ ਦੇ ਮੈਦਾਨ ਤੱਕ ਮਸ਼ੀਨਾਂ ਦੀ ਵਧ ਰਹੀ ਸਮਰੱਥਾ ਆਉਣ ਵਾਲੇ ਸਮੇਂ ਵਿਚ ਇਨਸਾਨ ਤੇ ਰੋਬੋਟ ਵਿਚਾਲੇ ਮੁਕਾਬਲੇ ਦੀ ਤਸਵੀਰ ਨੂੰ ਹੋਰ ਦਿਲਚਸਪ ਬਣਾ ਸਕਦੀ ਹੈ।

ਬੀਜਿੰਗ (ਰਾਇਟਰ) : ਇਨਸਾਨੀ ਦਿਮਾਗ਼ ਨੂੰ ਚੁਣੌਤੀ ਦੇਣ ਤੋਂ ਸ਼ੁਰੂ ਹੋਈ ਇਨਸਾਨ ਬਨਾਮ ਮਸ਼ੀਨ ਦੀ ਮੁਕਾਬਲਾਬਾਜ਼ੀ ਹੁਣ ਸਰੀਰਕ ਦਮਖ਼ਮ ਤੱਕ ਪਹੁੰਚ ਗਈ ਹੈ। 1997 ਵਿਚ ਡੀਪ ਬਲੂ ਨਾਂ ਦੇ ਆਈਬੀਐੱਮ ਕੰਪਿਊਟਰ ਨੇ ਦਿੱਗਜ ਸ਼ਤਰੰਜ ਖਿਡਾਰੀ ਗੈਰੀ ਕਾਸਪਾਰੋਵ ਨਾਲ ਮੁਕਾਬਲਾ ਕਰ ਕੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਨਵੇਂ ਘਟਨਾਕ੍ਰਮ ਵਿਚ ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਉਸੈਨ ਬੋਲਟ ਦੇ 100 ਮੀਟਰ ਦੇ ਰਿਕਾਰਡ ਨੂੰ ਦੋ ਹਿਊਮਨਾਇਡ ਰੋਬੋਟਾਂ ਨੇ ਸ਼ਨੀਵਾਰ ਨੂੰ ‘ਆਲਮੀ ਹਿਊਮਨਾਇਡ ਰੋਬੋਟ ਖੇਡਾਂ’ ਵਿਚ ਤੋੜ ਦਿੱਤਾ। ਖ਼ਾਸ ਗੱਲ ਇਹ ਹੈ ਕਿ ਪਿਛਲੇ 17 ਸਾਲਾਂ ਤੋਂ ਬੋਲਟ ਦਾ ਰਿਕਾਰਡ ਕਾਇਮ ਹੈ ਅਤੇ ਕੋਈ ਇਨਸਾਨ ਇਸ ਨੂੰ ਨਹੀਂ ਤੋੜ ਸਕਿਆ।
ਬੀਜਿੰਗ ਹਿਊਮਨਾਇਡ ਰੋਬੋਟ ਇਨੋਵੇਸ਼ਨ ਸੈਂਟਰ ਵੱਲੋਂ ਵਿਕਸਤ ਤਿਆਨਗਾਂਗ ਅਲਟਰਾ ਨੇ 0.08 ਸਕਿੰਟ ਦੇ ਫ਼ਰਕ ਨਾਲ ਇਹ ਦੌੜ ਚੀਨੀ ਸਮਾਰਟਫੋਨ ਕੰਪਨੀ ਆਨਰ ਦੇ ਹਿਊਮਨਾਇਡ ਰੋਬੋਟ ‘ਲਾਈਟਨਿੰਗ’ ਤੋਂ ਜਿੱਤੀ ਹੈ। ਤਿਆਨਗਾਂਗ ਨੇ 100 ਮੀਟਰ ਦੀ ਦੂਰੀ 9.39 ਸਕਿੰਟਾਂ ਵਿਚ ਪੂਰੀ ਕੀਤੀ, ਜਦੋਂਕਿ ਲਾਈਟਨਿੰਗ ਨੇ 9.47 ਸਕਿੰਟ ਦਾ ਸਮਾਂ ਲਿਆ। ਹਾਲਾਂਕਿ, ਇਹ ਪ੍ਰਾਪਤੀ ਮਨੁੱਖੀ ਅਥਲੈਟਿਕਸ ਦੇ ਅਧਿਕਾਰਤ ਆਲਮੀ ਰਿਕਾਰਡ ਦੀ ਸ਼੍ਰੇਣੀ ਵਿਚ ਨਹੀਂ ਆਉਂਦੀ ਪਰ ਸ਼ਤਰੰਜ ਤੋਂ ਲੈ ਕੇ ਦੌੜ ਦੇ ਮੈਦਾਨ ਤੱਕ ਮਸ਼ੀਨਾਂ ਦੀ ਵਧ ਰਹੀ ਸਮਰੱਥਾ ਆਉਣ ਵਾਲੇ ਸਮੇਂ ਵਿਚ ਇਨਸਾਨ ਤੇ ਰੋਬੋਟ ਵਿਚਾਲੇ ਮੁਕਾਬਲੇ ਦੀ ਤਸਵੀਰ ਨੂੰ ਹੋਰ ਦਿਲਚਸਪ ਬਣਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਜਮੈਕਾ ਦੇ ਦਿੱਗਜ ਦੌੜਾਕ ਉਸੈਨ ਬੋਲਟ ਨੇ 2009 ਵਿਚ ਬਰਲਿਨ ਵਿਚ ਹੋਈ ਆਲਮੀ ਅਥਲੈਟਿਕਸ ਚੈਂਪੀਅਨਸ਼ਿਪ ਵਿਚ 100 ਮੀਟਰ ਦੀ ਦੌੜ 9.58 ਸਕਿੰਟ ਵਿਚ ਪੂਰੀ ਕਰ ਕੇ ਕੌਮਾਂਤਰੀ ਰਿਕਾਰਡ ਬਣਾਇਆ ਸੀ। ਦੋਵਾਂ ਰੋਬੋਟਾਂ ਲਈ ਇਹ ਪ੍ਰਾਪਤੀ ਇਸ ਕਰ ਕੇ ਵੀ ਖ਼ਾਸ ਹੈ ਕਿਉਂਕਿ ਤਿਆਨਗਾਂਗ ਅਲਟਰਾ ਨੇ ਪਿਛਲੇ ਸਾਲ 100 ਮੀਟਰ ਦੀ ਦੌੜ 21.50 ਸਕਿੰਟ ਵਿਚ ਪੂਰੀ ਕੀਤੀ ਸੀ। ਉੱਥੇ ਦੂਜਾ ਰੋਬੋਟ ‘ਲਾਈਟਨਿੰਗ’ ਅਪ੍ਰੈਲ ਵਿਚ ਹੋਈ 21 ਕਿੱਲੋਮੀਟਰ ਦੀ ਹਾਫ਼ ਮੈਰਾਥਨ ਵਿਚ ਹਿੱਸਾ ਲੈ ਚੁੱਕਾ ਹੈ ਅਤੇ 50 ਮਿੰਟ 26 ਸਕਿੰਟਾਂ ਵਿਚ ਸਭ ਤੋਂ ਤੇਜ਼ ਦੌੜ ਪੂਰੀ ਕਰਨ ਵਾਲਾ ਰੋਬੋਟ ਬਣਿਆ ਸੀ। ਤੇਜ਼ ਦੌੜਣ ਲਈ ਉਸ ਦੀਆਂ ਲੱਤਾਂ ਦੀ ਲੰਬਾਈ ਵੀ 10 ਸੈਂਟੀਮੀਟਰ ਵਧਾਈ ਗਈ ਹੈ। ਉਸ ਦੀ ਕੁੱਲ ਲੰਬਾਈ 169 ਸੈਂਟੀਮੀਟਰ ਹੈ, ਜਿਸ ਵਿਚ ਲੱਤਾਂ ਦੀ ਲੰਬਾਈ 95 ਸੈਂਟੀਮੀਟਰ ਤੋਂ ਵਧਾ ਕੇ 1.05 ਮੀਟਰ ਕੀਤੀ ਗਈ ਹੈ।
‘ਆਲਮੀ ਹਿਊਮਨਾਇਡ ਰੋਬੋਟ ਖੇਡਾਂ’ ਵਿਚ ਖੇਡਾਂ ਦੇ ਕੁੱਲ 51 ਮੁਕਾਬਲੇ ਰੱਖੇ ਗਏ ਹਨ, ਜਿਨ੍ਹਾਂ ਵਿਚ ਫੁੱਟਬਾਲ, ਡਾਂਸਿੰਗ ਅਤੇ ਉਦਯੋਗਿਕ ਕੰਮਾਂ ਨਾਲ ਜੁੜੇ ਮੁਕਾਬਲੇ ਪ੍ਰਮੁੱਖ ਹਨ। ਇਸ ਮੁਕਾਬਲੇ ਵਿਚ 16 ਦੇਸ਼ਾਂ ਦੀਆਂ 666 ਟੀਮਾਂ ਵੱਲੋਂ 2056 ਰੋਬੋਟ ਹਿੱਸਾ ਲੈ ਰਹੇ ਹਨ। ਹਿਊਮਨਾਇਡ ਰੋਬੋਟਾਂ ਦੇ ਇਸ ਪ੍ਰਦਰਸ਼ਨ ਨੂੰ ਚੀਨ ਦੀ ਉਸ ਖ਼ਾਹਿਸ਼ੀ ਰਣਨੀਤੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਤਹਿਤ ਉਹ ਰੋਬੋਟਿਕਸ ਨੂੰ ਭਵਿੱਖ ਦੀਆਂ ਤਰਜੀਹੀ ਸਨਅਤਾਂ ਵਿਚ ਸ਼ਾਮਲ ਕਰ ਰਿਹਾ ਹੈ।