'ਕੈਪਟਨ, ਸੌਣਾ ਨਹੀਂ...', ਫਲਾਈਦੁਬਈ ਜਹਾਜ਼ ਦੇ ਹੀਰੋ ਦੀ ਡੈਂਟਿਸਟ ਨੇ ਇੰਝ ਬਚਾਈ ਜਾਨ; ਦੱਸਿਆ ਪੂਰਾ ਵਾਕਿਆ
ਡੈਂਟਿਸਟ ਸ਼ੋਤਾ ਮੁਸਾਏਵ ਨੇ ਕਿਹਾ, 'ਸਮਿਤ ਨੇ ਸਾਡੀ ਜਾਨ ਬਚਾਈ। ਸਮਿਤ ਇੱਕ ਹੀਰੋ ਹਨ ਅਤੇ ਮੇਰੇ ਪਰਿਵਾਰ ਤੇ ਸਾਰੇ ਯਾਤਰੀਆਂ ਨੂੰ ਬਚਾਉਣ ਲਈ ਉਨ੍ਹਾਂ ਨੇ ਜੋ ਕੁਝ ਵੀ ਕੀਤਾ, ਉਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਹ ਕਰਮ ਦਾ ਫਲ ਹੈ। ਉਨ੍ਹਾਂ ਨੇ ਸਾਡੀ ਜਾਨ ਬਚਾਈ ਅਤੇ ਅਸੀਂ ਉਨ੍ਹਾਂ ਦੀ ਜਾਨ ਬਚਾਈ।'
Publish Date: Wed, 07 Oct 2026 12:41 PM (IST)
Updated Date: Wed, 07 Oct 2026 12:45 PM (IST)
ਡਿਜੀਟਲ ਡੈਸਕ, ਤੇਲ ਅਵੀਵ : ਇਜ਼ਰਾਇਲੀ ਡੈਂਟਿਸਟ ਸ਼ੋਤਾ ਮੁਸਾਏਵ ਪਿਛਲੇ ਹਫ਼ਤੇ ਜਦੋਂ ਫਲਾਈਦੁਬਈ ਦੀ ਫਲਾਈਟ FZ1073 'ਚ ਸਵਾਰ ਹੋਏ ਤਾਂ ਉਹ ਸਿਰਫ਼ ਆਮ ਯਾਤਰੀ ਸਨ ਪਰ ਉਨ੍ਹਾਂ ਦੀ ਪੇਸ਼ੇਵਰ ਸੂਝ-ਬੂਝ ਨੇ ਉਨ੍ਹਾਂ ਨੂੰ ਹੀਰੋ ਬਣਾ ਦਿੱਤਾ। ਉਨ੍ਹਾਂ ਨੇ ਬੁਰੀ ਤਰ੍ਹਾਂ ਜ਼ਖ਼ਮੀ ਪਾਇਲਟ ਸਮਿਤ ਮੱਛਰ ਦਾ ਇਲਾਜ ਕੀਤਾ।
ਤੇਲ ਅਵੀਵ ਜਾਣ ਵਾਲੀ ਫਲਾਈਟ ਦੇ ਕਾਕਪਿਟ 'ਚ ਕੋ-ਪਾਇਲਟ ਹਮਾਮ ਅਲ-ਹਮਮੀ ਨੇ ਐਮਰਜੈਂਸੀ ਕ੍ਰੈਸ਼ ਐਕਸ (ਕੁਹਾੜੀ) ਨਾਲ ਭਾਰਤੀ ਪਾਇਲਟ ਸਮਿਤ 'ਤੇ ਹਮਲਾ ਕੀਤਾ, ਜਿਸ ਕਾਰਨ ਉਨ੍ਹਾਂ ਦੀ ਖੋਪੜੀ 'ਚ ਫ੍ਰੈਕਚਰ ਹੋ ਗਿਆ ਤੇ ਹੱਥਾਂ ਤੇ ਗਰਦਨ 'ਤੇ ਡੂੰਘੇ ਜ਼ਖ਼ਮ ਆਏ। ਫਲਾਈਟ 'ਚ ਮੌਜੂਦ ਇਸ ਡੈਂਟਿਸਟ ਦੀ ਲਗਾਤਾਰ 45 ਮਿੰਟ ਦੀ ਕੋਸ਼ਿਸ਼ ਕਾਰਨ ਹੀ ਉਨ੍ਹਾਂ ਦੀ ਜਾਨ ਬਚ ਸਕੀ।
ਚੀਕਾਂ ਸੁਣ ਕੇ ਕਾਕਪਿਟ ਵੱਲ ਦੌੜੇ ਮੁਸਾਏਵ
ਉਸ ਜਹਾਜ਼ 'ਚ ਮੌਜੂਦ ਇਕਲੌਤੇ ਡਾਕਟਰ ਸ਼ੋਤਾ ਮੁਸਾਏਵ ਨੇ ਏਬੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪੂਰੇ ਘਟਨਾਕ੍ਰਮ ਨੂੰ ਯਾਦ ਕੀਤਾ। ਮੁਸਾਏਵ ਨੇ ਦੱਸਿਆ ਕਿ ਚੀਕਾਂ ਸੁਣ ਕੇ ਉਹ ਕਾਕਪਿਟ ਵੱਲ ਦੌੜੇ ਅਤੇ ਕੈਪਟਨ ਦਾ ਇਲਾਜ ਕਰਨ ਤੋਂ ਪਹਿਲਾਂ ਹਮਲਾਵਰ ਨੂੰ ਕਾਬੂ ਕਰਨ 'ਚ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਸਮਿਤ ਦੀ ਹਾਲਤ ਨੂੰ ਸਥਿਰ ਕਰਨ ਲਈ ਜੁਗਾੜ ਨਾਲ ਬਣਾਈਆਂ ਪ੍ਰੈਸ਼ਰ ਡ੍ਰੈਸਿੰਗ ਅਤੇ ਆਈਸ ਪੈਕ ਦੀ ਵਰਤੋਂ ਕੀਤੀ, ਕਿਉਂਕਿ ਮੱਛਰ ਦੀ ਨਬਜ਼ ਕਮਜ਼ੋਰ ਹੋ ਗਈ ਸੀ।
ਹਮਲਾਵਰ 'ਤੇ ਕਾਬੂ ਪਾਉਣ ਤੋਂ ਬਾਅਦ ਮੁਸਾਏਵ ਨੇ ਤੁਰੰਤ ਆਪਣਾ ਧਿਆਨ ਪਾਇਲਟ ਵੱਲ ਕੀਤਾ, ਜਿਨ੍ਹਾਂ ਦੇ ਸਿਰ, ਗਰਦਨ ਅਤੇ ਹੱਥਾਂ 'ਤੇ ਲੱਗੀਆਂ ਸੱਟਾਂ ਤੋਂ ਖੂਨ ਵਹਿ ਰਿਹਾ ਸੀ। ਉਨ੍ਹਾਂ ਕਿਹਾ, 'ਮੈਂ ਸੋਚ ਰਿਹਾ ਸੀ ਕਿ ਇਸ ਸਥਿਤੀ 'ਚ ਸਾਰਿਆਂ ਦੀ ਮਦਦ ਕਿਵੇਂ ਕਰ ਸਕਦਾ ਹਾਂ? ਮੈਂ ਕਿਵੇਂ ਮਦਦ ਕਰਾਂ? ਅਤੇ ਮੈਂ ਦੇਖਿਆ ਕਿ ਇੱਕ ਪਾਇਲਟ ਜ਼ਮੀਨ 'ਤੇ ਪਿਆ ਸੀ ਅਤੇ ਖੂਨ ਵਹਿ ਰਿਹਾ ਸੀ।'
'ਸਿਰ ਅਤੇ ਹੱਥ ਤੋਂ ਵਹਿ ਰਿਹਾ ਸੀ ਖੂਨ'
ਡੈਂਟਿਸਟ ਨੇ ਕਿਹਾ, 'ਉਨ੍ਹਾਂ ਦੇ ਸਿਰ ਅਤੇ ਖੱਬੇ ਹੱਥ ਤੋਂ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ।' ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜ਼ਖ਼ਮਾਂ ਨੂੰ ਦਬਾਉਣ ਲਈ ਟੀ-ਸ਼ਰਟ ਦੀ ਵਰਤੋਂ ਕੀਤੀ, ਪਰ ਖੂਨ ਵਹਿਣਾ ਬੰਦ ਨਹੀਂ ਹੋਇਆ। ਮੁਸਾਏਵ ਨੇ ਕਿਹਾ, 'ਉਨ੍ਹਾਂ ਨੂੰ ਬਹੁਤ ਡੂੰਘੇ ਜ਼ਖ਼ਮ ਲੱਗੇ ਸਨ ਤੇ ਸਾਨੂੰ ਕਈ ਆਈਸ ਪੈਕ ਦੀ ਲੋੜ ਪਈ, ਪਰ ਜਦੋਂ ਵੀ ਮੈਂ ਬਲੀਡਿੰਗ ਦੇਖਣ ਲਈ ਟੀ-ਸ਼ਰਟ ਹਟਾਉਂਦਾ ਤਾਂ ਖੂਨ ਹੋਰ ਜ਼ਿਆਦਾ ਵਹਿਣ ਲੱਗਦਾ। ਇਸ ਲਈ ਮੈਂ ਬਰਫ਼ ਨਾਲ ਹਲਕਾ ਪ੍ਰੈਸ਼ਰ ਬਣਾਈ ਰੱਖਿਆ। ਪੂਰੇ 45 ਮਿੰਟ ਤੱਕ ਮੈਂ ਦਬਾਅ ਬਣਾਈ ਰੱਖਿਆ।'
ਉਨ੍ਹਾਂ ਅੱਗੇ ਕਿਹਾ, 'ਮੈਂ ਸਮਿਤ ਨੂੰ ਕਿਹਾ ਕਿ ਪਲੀਜ਼ ਸੌਣਾ ਨਹੀਂ, ਸਾਨੂੰ ਤੁਹਾਡੀ ਲੋੜ ਹੈ। ਮੈਂ ਪੁੱਛਿਆ ਕਿ ਉਨ੍ਹਾਂ ਦੇ ਕਿੰਨੇ ਬੱਚੇ ਹਨ ਅਤੇ ਉਨ੍ਹਾਂ ਦੇ ਕੀ ਨਾਮ ਹਨ। ਮੈਂ ਉਨ੍ਹਾਂ ਨੂੰ ਕਹਿੰਦਾ ਰਿਹਾ ਕਿ ਡਰੋ ਨਾ, ਤੁਸੀਂ ਆਪਣੇ ਪਰਿਵਾਰ ਕੋਲ ਵਾਪਸ ਜਾਓਗੇ, ਅਸੀਂ ਜਲਦੀ ਲੈਂਡ ਕਰਨ ਵਾਲੇ ਹਾਂ।'
ਵਿਗੜਨ ਲੱਗੀ ਸਮਿਤ ਦੀ ਹਾਲਤ
ਮੁਸਾਏਵ ਨੇ ਦੱਸਿਆ ਕਿ ਪਾਇਲਟ ਨੇ ਆਪਣਾ ਨਾਮ ਅਤੇ ਉਮਰ ਦੱਸੀ ਤੇ ਕਿਹਾ ਕਿ ਉਹ ਦੁਬਈ 'ਚ ਰਹਿੰਦੇ ਹਨ ਅਤੇ ਭਾਰਤ ਤੋਂ ਹਨ। ਉਨ੍ਹਾਂ ਨੇ ਦਰਦ ਘੱਟ ਕਰਨ ਲਈ ਮਦਦ ਮੰਗੀ। ਮੁਸਾਏਵ ਨੇ ਪਾਇਲਟ ਨੂੰ ਕਿਹਾ, 'ਸਭ ਠੀਕ ਹੋ ਜਾਵੇਗਾ।' ਉਨ੍ਹਾਂ ਨੇ ਮੈਨੂੰ ਕਿਹਾ, 'ਪਲੀਜ਼ ਮੇਰੀ ਮਦਦ ਕਰੋ। ਮੈਂ ਇੱਥੇ ਮਰਨਾ ਨਹੀਂ ਚਾਹੁੰਦਾ।'
ਮੁਸਾਏਵ ਨੇ ਕਿਹਾ, 'ਉਨ੍ਹਾਂ ਨੂੰ ਬੁਰੀ ਤਰ੍ਹਾਂ ਸੱਟ ਲੱਗੀ ਸੀ ਅਤੇ ਉਹ ਕਹਿ ਰਹੇ ਸਨ ਕਿ ਮੇਰੇ ਹੱਥਾਂ 'ਚ ਗਰਮੀ ਮਹਿਸੂਸ ਹੋ ਰਹੀ ਹੈ। ਮੈਂ ਉਨ੍ਹਾਂ ਨੂੰ ਦਿਲਾਸਾ ਦਿੰਦਾ ਰਿਹਾ ਕਿ ਉਹ ਠੀਕ ਹੋ ਜਾਣਗੇ।' ਜਦੋਂ ਸਮਿਤ ਦੀ ਹਾਲਤ ਵਿਗੜਨ ਲੱਗੀ ਤਾਂ ਡੈਂਟਿਸਟ ਨੇ ਉਨ੍ਹਾਂ ਦੇ ਪੈਰ ਉੱਪਰ ਚੁੱਕ ਦਿੱਤੇ। ਡੈਂਟਿਸਟ ਨੇ ਕਿਹਾ, 'ਇੱਕ ਸਮੇਂ ਉਨ੍ਹਾਂ ਦੀ ਨਬਜ਼ ਬਹੁਤ ਘੱਟ ਹੋ ਗਈ ਸੀ, ਇਸ ਲਈ ਮੈਂ ਉਨ੍ਹਾਂ ਦੇ ਪੈਰ ਉੱਪਰ ਚੁੱਕੇ ਤੇ ਨਬਜ਼ ਵਾਪਸ ਆ ਗਈ। ਜਦੋਂ ਮੈਂ ਦੇਖਿਆ ਕਿ ਉਨ੍ਹਾਂ ਦੇ ਬੁੱਲ੍ਹ ਨੀਲੇ ਪੈ ਰਹੇ ਹਨ ਤਾਂ ਮੈਂ ਸਟੀਵਰਡ ਨੂੰ ਕਿਹਾ ਕਿ ਸਾਨੂੰ ਜਲਦੀ ਲੈਂਡ ਕਰਨਾ ਹੋਵੇਗਾ। ਉਨ੍ਹਾਂ ਕੋਲ ਜ਼ਿਆਦਾ ਸਮਾਂ ਨਹੀਂ ਹੈ।'
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਸਮਿਤ ਨੂੰ ਪੇਨਕਿਲਰ ਮੰਗਦੇ ਹੋਏ ਸੁਣਿਆ ਜਾ ਸਕਦਾ ਹੈ। ਮੁਸਾਏਵ ਨੇ ਦੱਸਿਆ ਕਿ ਉਨ੍ਹਾਂ ਨੇ ਪਾਇਲਟ ਨੂੰ ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਪਿਲਾਇਆ, ਪਰ ਜ਼ਿਆਦਾ ਬਲੀਡਿੰਗ ਕਾਰਨ ਉਨ੍ਹਾਂ ਨੂੰ ਕੋਈ ਗੋਲੀ ਨਾ ਦੇਣ ਦਾ ਫ਼ੈਸਲਾ ਕੀਤਾ।
ਡੈਂਟਿਸਟ ਨੇ ਦੱਸਿਆ, 'ਉਹ ਪਿੱਠ ਦੇ ਭਾਰ ਲੇਟੇ ਹੋਏ ਸਨ ਅਤੇ ਮੈਂ ਉਨ੍ਹਾਂ ਨੂੰ ਚੁੱਕਣ ਤੋਂ ਝਿਜਕ ਰਿਹਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਦੁਬਾਰਾ ਬਲੀਡਿੰਗ ਸ਼ੁਰੂ ਹੋ ਜਾਵੇ। ਉਨ੍ਹਾਂ ਨੂੰ ਹਿਲਾਉਣਾ-ਡੁਲਾਉਣਾ ਜਾਂ ਦਵਾਈ ਦੇਣਾ ਖ਼ਤਰਨਾਕ ਹੋ ਸਕਦਾ ਸੀ। ਸਟੀਵਰਡ ਉਨ੍ਹਾਂ ਨੂੰ ਦਵਾਈ ਦੇਣਾ ਚਾਹੁੰਦੇ ਸਨ, ਪਰ ਮੈਂ ਇਸ ਲਈ ਸਹਿਮਤ ਨਹੀਂ ਸੀ।'
'ਉਨ੍ਹਾਂ ਨੇ ਸਾਡੀ ਜਾਨ ਬਚਾਈ ਤੇ ਅਸੀਂ ਉਨ੍ਹਾਂ ਦੀ'
ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਲਗਪਗ 40 ਮਿੰਟ ਤੱਕ ਜਹਾਜ਼ ਹਵਾ 'ਚ ਰਿਹਾ। ਸਾਊਦੀ ਅਰਬ ਪਹੁੰਚਣ 'ਤੇ ਮੁਸਾਏਵ ਨੇ ਕੈਪਟਨ ਨੂੰ ਉੱਥੇ ਮੌਜੂਦ ਡਾਕਟਰਾਂ ਦੇ ਹਵਾਲੇ ਕਰ ਦਿੱਤਾ ਅਤੇ ਉਨ੍ਹਾਂ ਨੂੰ ਸਿਰਫ਼ ਇੰਨਾ ਕਿਹਾ, 'ਗੁੱਡ ਲੱਕ, ਮੇਰੇ ਦੋਸਤ। ਸਭ ਠੀਕ ਹੋ ਜਾਵੇਗਾ।'
ਡੈਂਟਿਸਟ ਨੇ ਅੱਗੇ ਕਿਹਾ, 'ਸਮਿਤ ਨੇ ਸਾਡੀ ਜਾਨ ਬਚਾਈ। ਸਮਿਤ ਇੱਕ ਹੀਰੋ ਹਨ ਅਤੇ ਮੇਰੇ ਪਰਿਵਾਰ ਤੇ ਸਾਰੇ ਯਾਤਰੀਆਂ ਨੂੰ ਬਚਾਉਣ ਲਈ ਉਨ੍ਹਾਂ ਨੇ ਜੋ ਕੁਝ ਵੀ ਕੀਤਾ, ਉਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਹ ਕਰਮ ਦਾ ਫਲ ਹੈ। ਉਨ੍ਹਾਂ ਨੇ ਸਾਡੀ ਜਾਨ ਬਚਾਈ ਅਤੇ ਅਸੀਂ ਉਨ੍ਹਾਂ ਦੀ ਜਾਨ ਬਚਾਈ।'