ਵ੍ਹਿਸਕੀ ਡੇਟਸ ਤੋਂ ਅਰਬਾਂ ਡਾਲਰ ਦੇ ਸੌਦਿਆਂ ਤਕ... ਚੀਨੀ ਜਾਸੂਸ ਦੇ ਜਾਲ 'ਚ ਕਿਵੇਂ ਫਸੇ Nvidia ਦੇ CEO ਜੇਨਸਨ ਹੁਆਂਗ? ਜਾਣੋ ਪੂਰੀ Inside Story
ਖੁਫੀਆ ਰਿਪੋਰਟਾਂ ਮੁਤਾਬਕ, ਇਹ ਕਦਮ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਤਕਨੀਕੀ ਕਾਰੋਬਾਰੀਆਂ 'ਚ ਸ਼ਾਮਲ ਜੇਨਸਨ ਹੁਆਂਗ ਤੋਂ ਸੰਵੇਦਨਸ਼ੀਲ ਜਾਣਕਾਰੀਆਂ ਹਾਸਲ ਕਰਨ ਅਤੇ ਗਲੋਬਲ AI ਉਦਯੋਗ ਨਾਲ ਜੁੜੇ ਉਨ੍ਹਾਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਇਕ ਸੋਚੀ-ਸਮਝੀ ਜਾਸੂਸੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ।
Publish Date: Mon, 09 Nov 2026 03:02 PM (IST)
Updated Date: Mon, 09 Nov 2026 03:19 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ : AI ਤੇ ਚਿੱਪ ਬਣਾਉਣ ਵਾਲੀ ਦਿੱਗਜ ਅਮਰੀਕੀ ਕੰਪਨੀ Nvidia ਦੇ CEO ਜੇਨਸਨ ਹੁਆਂਗ ਇਕ ਵੱਡੇ ਵਿਵਾਦ ਦੇ ਕੇਂਦਰ 'ਚ ਆ ਗਏ ਹਨ। ਅਮਰੀਕੀ ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਚੀਨੀ ਖੁਫੀਆ ਤੰਤਰ ਲਈ ਕੰਮ ਕਰਨ ਵਾਲੀ ਇਕ ਕਾਰੋਬਾਰੀ ਔਰਤ ਐਲਿਸ ਹੁਆਂਗ ਨੇ ਜੇਨਸਨ ਹੁਆਂਗ ਨਾਲ ਬੇਹੱਦ ਨਜ਼ਦੀਕੀ ਅਤੇ ਕਥਿਤ ਰੋਮਾਂਟਿਕ ਰਿਸ਼ਤੇ ਬਣਾਏ ਸਨ।
ਖੁਫੀਆ ਰਿਪੋਰਟਾਂ ਮੁਤਾਬਕ, ਇਹ ਕਦਮ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਤਕਨੀਕੀ ਕਾਰੋਬਾਰੀਆਂ 'ਚ ਸ਼ਾਮਲ ਜੇਨਸਨ ਹੁਆਂਗ ਤੋਂ ਸੰਵੇਦਨਸ਼ੀਲ ਜਾਣਕਾਰੀਆਂ ਹਾਸਲ ਕਰਨ ਅਤੇ ਗਲੋਬਲ AI ਉਦਯੋਗ ਨਾਲ ਜੁੜੇ ਉਨ੍ਹਾਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਇਕ ਸੋਚੀ-ਸਮਝੀ ਜਾਸੂਸੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ।
ਕਲਾਸੀਫਾਈਡ ਮੈਮੋ ਤੋਂ ਹੋਇਆ ਸਨਸਨੀਖੇਜ਼ ਖੁਲਾਸਾ
Financial Times ਅਤੇ The New York Times ਮੁਤਾਬਕ, ਅਮਰੀਕੀ ਖੁਫੀਆ ਤੰਤਰ ਨੇ ਇਸ ਮਾਮਲੇ ਨੂੰ ਜਨਤਕ ਹੋਣ ਤੋਂ ਕਾਫ਼ੀ ਪਹਿਲਾਂ ਹੀ ਭਾਂਪ ਲਿਆ ਸੀ। ਅਮਰੀਕੀ ਅਧਿਕਾਰੀਆਂ ਨੇ ਦੋਵਾਂ ਦੇ ਕਥਿਤ ਸਬੰਧਾਂ ਬਾਰੇ ਇਕ ਗੁਪਤ ਮੈਮੋ ਤਿਆਰ ਕੀਤਾ ਸੀ, ਜਿਸ ਨੂੰ ਚੁਣੇ ਹੋਏ ਸੀਨੀਅਰ ਸਰਕਾਰੀ ਅਧਿਕਾਰੀਆਂ ਵਿਚਾਲੇ ਸਾਂਝਾ ਕੀਤਾ ਗਿਆ ਸੀ। Daily Mail ਮੁਤਾਬਕ, ਇਹ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਚੀਨੀ ਖੁਫੀਆ ਤੰਤਰ ਨੇ ਜੇਨਸਨ ਹੁਆਂਗ ਤੱਕ ਪਹੁੰਚ ਬਣਾਉਣ ਲਈ ਐਲਿਸ ਹੁਆਂਗ ਦੀ ਵਰਤੋਂ ਕੀਤੀ ਹੋ ਸਕਦੀ ਹੈ।
ਤਾਈਪੇ ਦੇ ਪ੍ਰੋਗਰਾਮਾਂ 'ਚ ਇਕੱਠੇ ਨਜ਼ਰ ਆਏ ਦੋਵੇਂ
ਰਿਪੋਰਟਾਂ ਮੁਤਾਬਕ, ਦੋਵਾਂ ਦਾ ਸੰਪਰਕ ਜੂਨ 2024 ਤੋਂ ਸਾਹਮਣੇ ਆਉਣ ਲੱਗਾ ਸੀ। ਉਸ ਸਮੇਂ ਤਾਈਪੇ 'ਚ ਇਕ ਤਕਨੀਕੀ ਵਪਾਰ ਮੇਲੇ ਤੋਂ ਬਾਅਦ ਦੋਵਾਂ ਨੂੰ ਇਕ ਬਾਰ 'ਚ ਇਕੱਠੇ ਦੇਖਿਆ ਗਿਆ ਸੀ। ਉਸ ਦੌਰਾਨ ਉਦਯੋਗ ਨਾਲ ਜੁੜੇ ਹੋਰ ਅਧਿਕਾਰੀਆਂ ਦੇ ਨਾਲ ਜੇਨਸਨ ਹੁਆਂਗ ਆਪਣੀ ਜਾਣੀ-ਪਛਾਣੀ ਕਾਲੀ ਚਮੜੇ ਦੀ ਜੈਕੇਟ 'ਚ ਐਲਿਸ ਦੇ ਕੋਲ ਬੈਠੇ ਨਜ਼ਰ ਆਏ ਸਨ।
ਇਸ ਤੋਂ ਬਾਅਦ ਮਈ 2025 'ਚ ਤਾਈਪੇ 'ਚ ਕਰਵਾਈ ਗਈ Computex Tech ਪ੍ਰਦਰਸ਼ਨੀ ਦੌਰਾਨ Nvidia ਮੁਖੀ ਵੱਲੋਂ ਦਿੱਤੀ ਗਈ ਡਿਨਰ ਪਾਰਟੀ 'ਚ ਵੀ ਦੋਵੇਂ ਇਕੱਠੇ ਦਿਖਾਈ ਦਿੱਤੇ। ਲਾਈਵਸਟ੍ਰੀਮ ਫੁਟੇਜ ਅਤੇ ਤਸਵੀਰਾਂ 'ਚ ਐਲਿਸ ਹੁਆਂਗ ਉਨ੍ਹਾਂ ਦੇ ਬੇਹੱਦ ਕਰੀਬ ਬੈਠੀ ਨਜ਼ਰ ਆਈ। ਜਦੋਂ ਜੇਨਸਨ ਮੀਡੀਆ ਨਾਲ ਗੱਲ ਕਰਨ ਲਈ ਬਾਹਰ ਆਏ ਤਾਂ ਐਲਿਸ ਵੀ ਉਨ੍ਹਾਂ ਦੇ ਪਿੱਛੇ ਦਿਖਾਈ ਦਿੱਤੀ। ਬਾਅਦ 'ਚ ਦੋਵੇਂ ਇਕੋ ਕਾਰ 'ਚ ਬੈਠ ਕੇ ਉੱਥੋਂ ਰਵਾਨਾ ਹੋਏ।
ਐਲਿਸ ਹੁਆਂਗ ਦਾ MegaSpeed ਨਾਲ ਕੀ ਹੈ ਸਬੰਧ?
ਐਲਿਸ ਹੁਆਂਗ ਚੀਨੀ ਨਾਗਰਿਕ ਹੈ ਅਤੇ ਗਲੋਬਲ AI ਚਿੱਪ ਉਦਯੋਗ 'ਚ ਉਸ ਦੀ ਮਜ਼ਬੂਤ ਪਹੁੰਚ ਮੰਨੀ ਜਾਂਦੀ ਹੈ। ਉਸ ਨੂੰ ਹੁਆਂਗ ਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਤਕਨੀਕੀ ਖੇਤਰ 'ਚ ਕਦਮ ਰੱਖਣ ਤੋਂ ਪਹਿਲਾਂ ਉਹ ਚੀਨ 'ਚ ਟੈਲੀਵਿਜ਼ਨ ਪੱਤਰਕਾਰ ਵਜੋਂ ਕੰਮ ਕਰ ਚੁੱਕੀ ਹੈ। ਆਨਲਾਈਨ ਡੇਟਾਬੇਸ ਮੁਤਾਬਕ, ਉਹ ਪਹਿਲਾਂ HSBC ਬੈਂਕ ਤੋਂ ਇਲਾਵਾ ਚੀਨੀ ਸਰਕਾਰੀ ਪ੍ਰਸਾਰਕ CCTV ਅਤੇ Hunan TV 'ਚ ਵੀ ਸੇਵਾਵਾਂ ਦੇ ਚੁੱਕੀ ਹੈ। ਬਾਅਦ 'ਚ ਉਹ ਸਿੰਗਾਪੁਰ ਸਥਿਤ ਕੰਪਨੀ MegaSpeed International 'ਚ ਸੀਨੀਅਰ ਅਧਿਕਾਰੀ ਬਣੀ। ਇਹ ਕੰਪਨੀ ਹੋਰ ਕੰਪਨੀਆਂ ਨੂੰ AI ਸਿਸਟਮ ਦੀ ਟ੍ਰੇਨਿੰਗ ਅਤੇ ਸੰਚਾਲਨ ਲਈ ਕੰਪਿਊਟਿੰਗ ਪਾਵਰ ਕਿਰਾਏ 'ਤੇ ਦਿੰਦੀ ਹੈ। ਕੰਪਨੀ ਦੀ ਵੈੱਬਸਾਈਟ 'ਤੇ ਇਸ ਨੂੰ ਏਸ਼ੀਆ-ਪੈਸੀਫਿਕ ਖੇਤਰ 'ਚ Nvidia ਦੇ ਕੰਪਿਊਟਿੰਗ ਪਾਵਰ ਕਲਾਊਡ ਕਾਰੋਬਾਰ ਦਾ ਪ੍ਰਮੁੱਖ ਭਾਈਵਾਲ ਦੱਸਿਆ ਗਿਆ ਹੈ।
ਪਾਬੰਦੀਸ਼ੁਦਾ ਚਿੱਪਾਂ ਦੀ ਸਪਲਾਈ ਦਾ ਸ਼ੱਕ
The New York Times ਮੁਤਾਬਕ, MegaSpeed ਸਾਲ 2024 ਤੋਂ ਹੀ ਅਮਰੀਕੀ ਜਾਂਚ ਏਜੰਸੀਆਂ ਦੇ ਰਡਾਰ 'ਤੇ ਸੀ। ਸ਼ੱਕ ਸੀ ਕਿ ਇਹ ਕੰਪਨੀ ਅਮਰੀਕਾ ਵੱਲੋਂ ਪਾਬੰਦੀਸ਼ੁਦਾ Nvidia ਦੇ ਆਧੁਨਿਕ AI ਪ੍ਰੋਸੈਸਰਾਂ ਨੂੰ ਗੁਪਤ ਤਰੀਕੇ ਨਾਲ ਚੀਨ ਪਹੁੰਚਾਉਣ 'ਚ ਮਦਦ ਕਰ ਰਹੀ ਸੀ। ਸਿੰਗਾਪੁਰ ਦੇ ਅਧਿਕਾਰੀਆਂ ਨੇ ਵੀ ਸਾਲ 2025 'ਚ ਇਸ ਮਾਮਲੇ ਨੂੰ ਲੈ ਕੇ ਐਲਿਸ ਹੁਆਂਗ ਤੋਂ ਪੁੱਛਗਿੱਛ ਕੀਤੀ ਸੀ।
ਰਿਪੋਰਟਾਂ ਮੁਤਾਬਕ, MegaSpeed ਨੇ ਪਿਛਲੇ ਦੋ ਸਾਲਾਂ ਦੌਰਾਨ Nvidia ਤੋਂ 4.8 ਅਰਬ ਡਾਲਰ ਤੋਂ ਵੱਧ ਮੁੱਲ ਦੀਆਂ ਚਿੱਪਾਂ ਖਰੀਦੀਆਂ ਸਨ। ਅਮਰੀਕਾ ਨੇ ਚੀਨ ਦੀ ਫ਼ੌਜੀ ਅਤੇ ਤਕਨੀਕੀ ਤਾਕਤ ਨੂੰ ਵਧਣ ਤੋਂ ਰੋਕਣ ਲਈ ਆਪਣੇ ਅਤਿ-ਆਧੁਨਿਕ AI ਪ੍ਰੋਸੈਸਰਾਂ ਦੀ ਚੀਨ ਨੂੰ ਬਰਾਮਦ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹੋਈਆਂ ਹਨ।
ਹਾਲਾਂਕਿ, MegaSpeed ਨੇ ਚਿੱਪਾਂ ਦੀ ਗ਼ੈਰ-ਕਾਨੂੰਨੀ ਤਬਦੀਲੀ ਦੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਮੀਡੀਆ ਰਿਪੋਰਟਾਂ ਨੂੰ ਗੁੰਮਰਾਹਕੁੰਨ ਦੱਸਿਆ ਹੈ। ਦੂਜੇ ਪਾਸੇ Nvidia ਨੇ ਵੀ ਪਹਿਲਾਂ ਕਿਹਾ ਸੀ ਕਿ ਉਸ ਦੀ ਅੰਦਰੂਨੀ ਜਾਂਚ 'ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਦਾ ਕੋਈ ਸਬੂਤ ਨਹੀਂ ਮਿਲਿਆ।