ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਓ ਫੁਕੂਦਾ ਦਾ 90 ਸਾਲ ਦੀ ਉਮਰ ’ਚ ਦੇਹਾਂਤ, ਟੋਕੀਓ ਤੋਂ ਬੀਜਿੰਗ ਤੱਕ ਸ਼ੋਕ ਦੀ ਲਹਿਰ ਫੁਕੂਦਾ ਦਾ ਜਨਮ 1936 ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਤਾਕੇਓ ਫੁਕੂਦਾ ਵੀ ਪ੍ਰਧਾਨ ਮੰਤਰੀ ਰਹਿ ਚੁੱਕੇ ਸਨ ਤੇ ਉਨ੍ਹਾਂ ਟੋਕੀਓ ਤੇ ਬੀਜਿੰਗ ਵਿਚਾਲੇ ਸਬੰਧ ਸੁਧਾਰਨ ਲਈ ਕੰਮ ਕੀਤਾ ਸੀ।
Publish Date: Tue, 27 Oct 2026 10:33 AM (IST)
Updated Date: Tue, 27 Oct 2026 10:37 AM (IST)
ਟੋਕੀਓ (ਏਪੀ) : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਓ ਫੁਕੂਦਾ ਦਾ 90 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਸਿਰਫ ਇਕ ਸਾਲ ਤੱਕ ਦੇਸ਼ ਦੀ ਅਗਵਾਈ ਕੀਤੀ ਸੀ ਤੇ ਉਸ ਤੋਂ ਬਾਅਦ ਦੇ ਕਈ ਸਾਲ ਚੀਨ ਨਾਲ ਬਿਹਤਰ ਸਬੰਧ ਬਣਾਉਣ ਦੀ ਕੋਸ਼ਿਸ਼ ’ਚ ਬਿਤਾਏ। ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ ਦੱਸਿਆ ਕਿ ਉਨ੍ਹਾਂ ਦਾ ਦੇਹਾਂਤ ਵੀਰਵਾਰ ਨੂੰ ਹੋਇਆ। ਪਾਰਟੀ ਨੇ ਮੌਤ ਦੇ ਕਾਰਨ ਸਮੇਤ ਹੋਰ ਕੋਈ ਵਿਸਥਾਰ ’ਚ ਜਾਣਕਾਰੀ ਨਹੀਂ ਦਿੱਤੀ।
ਫੁਕੂਦਾ ਦਾ ਜਨਮ 1936 ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਤਾਕੇਓ ਫੁਕੂਦਾ ਵੀ ਪ੍ਰਧਾਨ ਮੰਤਰੀ ਰਹਿ ਚੁੱਕੇ ਸਨ ਤੇ ਉਨ੍ਹਾਂ ਟੋਕੀਓ ਤੇ ਬੀਜਿੰਗ ਵਿਚਾਲੇ ਸਬੰਧ ਸੁਧਾਰਨ ਲਈ ਕੰਮ ਕੀਤਾ ਸੀ।
ਯਾਸੂਓ ਫੁਕੂਦਾ ਨੇ ਸਿਆਸਤ ’ਚ ਆਉਣ ਤੋਂ ਪਹਿਲਾਂ ਇਕ ਜਾਪਾਨੀ ਤੇਲ ਕੰਪਨੀ ’ਚ ਕੰਮ ਕੀਤਾ। 1976 ’ਚ ਜਦੋਂ ਉਨ੍ਹਾਂ ਦੇ ਪਿਤਾ ਪ੍ਰਧਾਨ ਮੰਤਰੀ ਬਣੇ ਤਾਂ ਉਸ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਉਨ੍ਹਾਂ ਦੇ ਨਿੱਜੀ ਸਕੱਤਰ ਦੇ ਤੌਰ ’ਤੇ ਕੰਮ ਕੀਤਾ। ਫੁਕੂਦਾ ਪਹਿਲੀ ਵਾਰ 1990 ’ਚ ਸੰਸਦ ਲਈ ਚੁਣੇ ਗਏ। ਸਾਲ 2000 ’ਚ ਉਨ੍ਹਾਂ ਨੂੰ ਤਤਕਾਲੀ ਪ੍ਰਧਾਨ ਮੰਤਰੀ ਯੋਸ਼ਿਰੋ ਮੋਰੀ ਦੇ ਮੰਤਰੀ ਮੰਡਲ ’ਚ ਮੁੱਖ ਕੈਬਨਿਟ ਸਕੱਤਰ ਦੇ ਤੌਰ ’ਤੇ ਆਪਣਾ ਪਹਿਲਾ ਮੰਤਰੀ ਦਾ ਅਹੁਦਾ ਮਿਲਿਆ। ਫੁਕੂਦਾ ਨੇ ਮਜ਼ਾਕ ’ਚ ਖ਼ੁਦ ਨੂੰ ਸਪੱਸ਼ਟੀਕਰਨ ਦੇਣ ਵਾਲਾ ਸਕੱਤਰ ਦੱਸਿਆ ਸੀ। ਆਪਣੇ ਪਿਤਾ ਦੀ ਤਰ੍ਹਾਂ ਹੀ ਉਨ੍ਹਾਂ ਵੀ ਏਸ਼ਿਆਈ ਦੇਸ਼ਾਂ ਨਾਲ ਦੋਸਤੀ ਵਧਾਉਣ ’ਤੇ ਬਹੁਤ ਜ਼ੋਰ ਦਿੱਤਾ।