
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Tibbet Flood affected Nepal : ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਰਸੂਵਾ ਦੇ ਪਹਾੜੀ ਜ਼ਿਲ੍ਹੇ ਵਿੱਚ ਸਿਆਪ੍ਰੂ ਬੇਸੀ ਅਤੇ ਤਿਮੁਰੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭੋਟੇ ਕੋਸ਼ੀ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਡਿਜੀਟਲ ਡੈਸਕ, ਕਾਠਮੰਡੂ : ਤਿੱਬਤ ਦੀ ਸਰਹੱਦ ਨਾਲ ਲੱਗਦੇ ਨੇਪਾਲ ਦੇ ਇਲਾਕੇ 'ਚ ਅਚਾਨਕ ਆਏ ਜ਼ਬਰਦਸਤ ਹੜ੍ਹ ਨੇ ਕਈ ਪਿੰਡਾਂ ਤੇ ਪ੍ਰਾਜੈਕਟ ਸਾਈਟਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ 28 ਪੁਲਿਸ ਮੁਲਾਜ਼ਮ ਲਾਪਤਾ ਹਨ। ਅਧਿਕਾਰੀਆਂ ਨੇ ਭਾਰੀ ਜਾਨੀ-ਮਾਲੀ ਨੁਕਸਾਨ ਦਾ ਖ਼ਦਸ਼ਾ ਜਤਾਉਂਦਿਆਂ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਰਸੂਵਾ ਦੇ ਪਹਾੜੀ ਜ਼ਿਲ੍ਹੇ 'ਚ ਸਿਆਪੂਰ ਬੇਸੀ ਅਤੇ ਤਿਮੁਰੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭੋਟੇ ਕੋਸ਼ੀ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਜ਼ਿਲ੍ਹਾ ਪ੍ਰਸ਼ਾਸਕ ਨਰਿੰਦਰ ਪਰਿਆਰ ਨੇ ਰਾਇਟਰਜ਼ ਨੂੰ ਦੱਸਿਆ, “ਸਾਨੂੰ ਪਿੰਡਾਂ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰਾਜੈਕਟ ਸਾਈਟਾਂ ਦੇ ਰੁੜ੍ਹ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ।” ਉਨ੍ਹਾਂ ਅੱਗੇ ਕਿਹਾ ਕਿ ਅਜੇ ਜਾਨੀ-ਮਾਲੀ ਨੁਕਸਾਨ ਦਾ ਕੋਈ ਪੱਕਾ ਅੰਦਾਜ਼ਾ ਉਪਲਬਧ ਨਹੀਂ ਹੈ। ਉਨ੍ਹਾਂ ਕਿਹਾ, “ਕਾਫ਼ੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ ਪਰ ਅਜੇ ਮੈਂ ਪੱਕੇ ਤੌਰ ’ਤੇ ਕੁਝ ਨਹੀਂ ਕਹਿ ਸਕਦਾ।”
ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਕਿਹਾ ਕਿ ਬਚਾਅ ਅਤੇ ਰਾਹਤ ਟੀਮਾਂ ਦੇ ਨਾਲ-ਨਾਲ ਪੁਲਿਸ ਅਤੇ ਫ਼ੌਜ ਨੂੰ ਵੀ ਮਦਦ ਦੇ ਕੰਮ 'ਚ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਨੇ ਆਪਣੇ ਬਿਆਨ 'ਚ ਕਿਹਾ, “ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਧੇਰੇ ਸਾਵਧਾਨੀ ਵਰਤਣ ਅਤੇ ਚੌਕਸ ਰਹਿਣ।”
ਇਸ ਹੜ੍ਹ ਕਾਰਨ ਸੁਰੱਖਿਆ ਬਲਾਂ ਦੇ 28 ਜਵਾਨ ਲਾਪਤਾ ਹੋ ਗਏ ਹਨ। ਜਿਨ੍ਹਾਂ 28 ਸੁਰੱਖਿਆ ਮੁਲਾਜ਼ਮਾਂ ਨਾਲ ਸੰਪਰਕ ਨਹੀਂ ਹੋ ਸਕਿਆ, ਉਨ੍ਹਾਂ ਵਿੱਚ 19 ਨੇਪਾਲ ਪੁਲਿਸ ਅਤੇ 9 ਆਰਮਡ ਪੁਲਿਸ ਫੋਰਸ (APF) ਦੇ ਜਵਾਨ ਸ਼ਾਮਲ ਹਨ।
ਬਾਗਮਤੀ ਸੂਬਾ ਪੁਲਿਸ ਦਫ਼ਤਰ ਅਨੁਸਾਰ, ਰਸੂਵਾਗੜ੍ਹੀ ਪੁਲਿਸ ਪੋਸਟ ’ਤੇ ਤਾਇਨਾਤ 22 ਪੁਲਿਸ ਮੁਲਾਜ਼ਮਾਂ 'ਚੋਂ 13 ਨਾਲ ਸੰਪਰਕ ਨਹੀਂ ਹੋ ਰਿਹਾ, ਜਦਕਿ 9 ਨਾਲ ਸੰਪਰਕ ਹੋ ਗਿਆ ਹੈ। ਸਿਆਪੂਰ ਬੇਸੀ ਇਲਾਕੇ 'ਚ ਤਾਇਨਾਤ 9 ਪੁਲਿਸ ਮੁਲਾਜ਼ਮਾਂ 'ਚੋਂ 3 ਨਾਲ ਸੰਪਰਕ ਹੋ ਗਿਆ ਹੈ, ਜਦਕਿ 6 ਅਜੇ ਵੀ ਲਾਪਤਾ ਹਨ। ਇਸੇ ਤਰ੍ਹਾਂ ਤਿਮੁਰੇ ਬਾਰਡਰ ਆਊਟਪੋਸਟ (BOP) ’ਤੇ ਤਾਇਨਾਤ APF ਦੇ 9 ਜਵਾਨ ਵੀ ਸੰਪਰਕ ਤੋਂ ਬਾਹਰ ਹਨ।
ਭੋਟੇ ਕੋਸ਼ੀ ਦਰਿਆ ਤਿੱਬਤ ਤੋਂ ਨਿਕਲਦਾ ਹੈ ਅਤੇ ਨੇਪਾਲ ਦੀ ਤ੍ਰਿਸ਼ੂਲੀ ਨਦੀ 'ਚ ਮਿਲਦਾ ਹੈ, ਜੋ ਅੱਗੇ ਚੱਲ ਕੇ ਭਾਰਤ ਵਿੱਚ ਗੰਡਕ ਦਰਿਆ ਦੇ ਰੂਪ ਵਿੱਚ ਵਗਦੀ ਹੈ। ਪਿਛਲੇ ਸਾਲ ਭੋਟੇ ਕੋਸ਼ੀ ਦਰਿਆ ਵਿੱਚ ਆਈ ਬਾਢ਼ ਕਾਰਨ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 24 ਲੋਕ ਲਾਪਤਾ ਹੋ ਗਏ ਸਨ। ਇਸ ਤੋਂ ਇਲਾਵਾ ਨੇਪਾਲ ਅਤੇ ਚੀਨ ਨੂੰ ਜੋੜਨ ਵਾਲਾ ਫ੍ਰੈਂਡਸ਼ਿਪ ਬ੍ਰਿਜ ਵੀ ਰੁੜ੍ਹ ਗਿਆ ਸੀ, ਜਿਸ ਕਾਰਨ ਕਈ ਮਹੀਨਿਆਂ ਤਕ ਆਵਾਜਾਈ ਤੇ ਵਪਾਰ ਪ੍ਰਭਾਵਿਤ ਰਿਹਾ ਸੀ।