5 ਸਾਲਾਂ ਦੀ ਉਡੀਕ, ਲੱਖਾਂ ਡਾਲਰ ਦਾ ਖ਼ਰਚ...ਮੰਗਲ ਗ੍ਰਹਿ ਦੇ ਚੰਦ ਤੋਂ ਮਿੱਟੀ ਕਿਉਂ ਲਿਆਉਣਾ ਚਾਹੁੰਦਾ ਹੈ ਜਾਪਾਨ ?
ਲਗਪਗ ਚਾਰ ਅਰਬ ਸਾਲ ਪਹਿਲਾਂ ਮੰਗਲ ਗ੍ਰਹਿ 'ਤੇ ਪਾਣੀ ਮੌਜੂਦ ਹੋਣ ਦੇ ਸੰਕੇਤ ਮਿਲਦੇ ਹਨ। ਉੱਥੇ ਝੀਲਾਂ ਹੋਣ ਦੇ ਸਬੂਤ ਵੀ ਸਾਹਮਣੇ ਆਏ ਹਨ। ਜੇ ਫੋਬੋਸ ਤੋਂ ਇਕੱਠੇ ਕੀਤੇ ਨਮੂਨਿਆਂ 'ਚ ਮੰਗਲ ਗ੍ਰਹਿ ਤੋਂ ਆਏ ਕਣ ਮਿਲਦੇ ਹਨ, ਤਾਂ ਵਿਗਿਆਨੀ ਪਾਣੀ ਨਾਲ ਸਬੰਧਤ ਖਣਿਜਾਂ, ਜੈਵਿਕ ਪਦਾਰਥਾਂ ਅਤੇ ਜੀਵਨ ਨਾਲ ਜੁੜੇ ਸੰਕੇਤਾਂ ਦੀ ਖੋਜ ਕਰ ਸਕਣਗੇ।
Publish Date: Wed, 21 Oct 2026 03:00 PM (IST)
Updated Date: Wed, 21 Oct 2026 03:02 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਜਾਪਾਨ ਦੀ ਪੁਲਾੜ ਏਜੰਸੀ ਜੈਕਸਾ (JAXA) ਨੇ ਆਪਣੇ ਵਿਸ਼ੇਸ਼ ਪੁਲਾੜ ਮਿਸ਼ਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮਿਸ਼ਨ ਤਹਿਤ ਮੰਗਲ ਗ੍ਰਹਿ ਦੇ ਚੰਦ ਦੀ ਸਤ੍ਹਾ ਤੋਂ ਮਿੱਟੀ ਅਤੇ ਚੱਟਾਨਾਂ ਦੇ ਨਮੂਨੇ ਇਕੱਠੇ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਧਰਤੀ 'ਤੇ ਵਾਪਸ ਲਿਆਂਦਾ ਜਾਵੇਗਾ।
ਜਾਪਾਨ ਵੱਲੋਂ ਸ਼ੁਰੂ ਕੀਤੇ ਗਏ ਇਸ ਪੁਲਾੜ ਮਿਸ਼ਨ ਦਾ ਨਾਂ ਮਾਰਸ਼ੀਅਨ ਮੂਨਜ਼ ਐਕਸਪਲੋਰੇਸ਼ਨ (Martian Moons Exploration- MMX) ਹੈ। ਇਹ ਮਿਸ਼ਨ ਮੰਗਲ ਗ੍ਰਹਿ ਦੇ ਚੰਦ ਤੋਂ ਨਮੂਨੇ ਧਰਤੀ 'ਤੇ ਲਿਆ ਕੇ ਕਈ ਅਹਿਮ ਭੇਤ ਖੋਲ੍ਹਣ 'ਚ ਮਦਦ ਕਰੇਗਾ। ਹੁਣ ਤੱਕ ਕੋਈ ਵੀ ਪੁਲਾੜ ਯਾਨ ਮੰਗਲ ਗ੍ਰਹਿ ਤੋਂ ਨਮੂਨੇ ਲੈ ਕੇ ਧਰਤੀ 'ਤੇ ਵਾਪਸ ਨਹੀਂ ਆਇਆ ਹੈ।
ਕਦੋਂ ਜਾਵੇਗਾ ਅਤੇ ਕਦੋਂ ਵਾਪਸ ਆਵੇਗਾ ਪੁਲਾੜ ਯਾਨ?
ਇਸ ਮਿਸ਼ਨ ਲਈ ਐੱਚ-3 (H3) ਰਾਕੇਟ ਰਾਹੀਂ ਪੁਲਾੜ ਯਾਨ ਰਵਾਨਾ ਕੀਤਾ ਗਿਆ ਹੈ। ਮਿਸ਼ਨ ਦੀ ਸ਼ੁਰੂਆਤ ਬੁੱਧਵਾਰ ਨੂੰ ਹੋਈ। ਹਾਲਾਂਕਿ, ਇਹ ਪੁਲਾੜ ਯਾਨ 2027 'ਚ ਮੰਗਲ ਗ੍ਰਹਿ ਤੱਕ ਪਹੁੰਚੇਗਾ। ਉੱਥੇ ਇਹ ਮੰਗਲ ਦੇ ਚੰਦ ਦੀ ਨੇੜਿਓਂ ਜਾਂਚ ਕਰੇਗਾ ਅਤੇ ਨਮੂਨੇ ਇਕੱਠੇ ਕਰੇਗਾ। ਇਸ ਪੁਲਾੜ ਯਾਨ ਦੇ ਧਰਤੀ 'ਤੇ ਵਾਪਸ ਆਉਣ ਦਾ ਟੀਚਾ 2031 ਰੱਖਿਆ ਗਿਆ ਹੈ।
ਮੰਗਲ ਗ੍ਰਹਿ ਦੇ ਹਨ ਦੋ ਚੰਦ
ਮੰਗਲ ਗ੍ਰਹਿ ਦੇ ਦੋ ਚੰਦ ਹਨ, ਜਿਨ੍ਹਾਂ ਦੇ ਨਾਂ ਫੋਬੋਸ (Phobos) ਅਤੇ ਡੀਮੋਸ (Deimos) ਹਨ। ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਇਨ੍ਹਾਂ ਚੰਦਾਂ ਦੀ ਉਤਪਤੀ ਕਿਵੇਂ ਹੋਈ।
ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਛੋਟੇ ਗ੍ਰਹਿ ਹੋ ਸਕਦੇ ਹਨ, ਜੋ ਗੁਰੂਤਾ ਖਿੱਚ ਕਾਰਨ ਮੰਗਲ ਦੇ ਨੇੜੇ ਆ ਗਏ ਅਤੇ ਇਸ ਦੇ ਆਲੇ-ਦੁਆਲੇ ਘੁੰਮਣ ਲੱਗੇ। ਉੱਥੇ ਹੀ, ਕੁਝ ਵਿਗਿਆਨੀਆਂ ਦਾ ਵਿਚਾਰ ਹੈ ਕਿ ਕਿਸੇ ਖਗੋਲੀ ਪਿੰਡ ਨਾਲ ਟੱਕਰ ਹੋਣ ਤੋਂ ਬਾਅਦ ਇਨ੍ਹਾਂ ਚੰਦਾਂ ਦੀ ਉਤਪਤੀ ਹੋਈ ਹੋ ਸਕਦੀ ਹੈ।
ਇਹ ਚੰਦ ਮੰਗਲ ਦੀ ਸਤ੍ਹਾ ਤੋਂ ਲਗਭਗ 6,000 ਕਿਲੋਮੀਟਰ ਦੀ ਦੂਰੀ 'ਤੇ ਹਨ। ਇੱਥੇ ਗੁਰੂਤਾ ਖਿੱਚ ਧਰਤੀ ਦੇ ਗੁਰੂਤਾ ਖਿੱਚ ਦੇ ਮੁਕਾਬਲੇ ਲਗਭਗ 1/1700 ਹੈ।
10 ਗ੍ਰਾਮ ਮਿੱਟੀ ਲਿਆਉਣ 'ਚ ਪੰਜ ਸਾਲ ਕਿਉਂ ਲੱਗਣਗੇ?
ਤੁਸੀਂ ਸੋਚ ਰਹੇ ਹੋਵੋਗੇ ਕਿ ਜੇ ਮੰਗਲ ਤੱਕ ਪਹੁੰਚਣ 'ਚ ਲਗਪਗ ਇਕ ਸਾਲ ਲੱਗੇਗਾ, ਤਾਂ ਨਮੂਨੇ ਲਿਆਉਣ ਲਈ ਪੰਜ ਸਾਲ ਉਡੀਕ ਕਿਉਂ ਕਰਨੀ ਪਵੇਗੀ? ਤੁਹਾਨੂੰ ਦੱਸ ਦੇਈਏ ਕਿ ਪੁਲਾੜ ਯਾਨ ਨੂੰ ਮੰਗਲ ਤੱਕ ਪਹੁੰਚਣ 'ਚ ਲਗਭਗ ਇੱਕ ਸਾਲ ਲੱਗੇਗਾ, ਪਰ ਇਸ ਤੋਂ ਬਾਅਦ ਇਹ 2027 ਤੋਂ 2030 ਤੱਕ ਫੋਬੋਸ ਦਾ ਨਕਸ਼ਾ ਤਿਆਰ ਕਰੇਗਾ।
ਨਕਸ਼ਾ ਤਿਆਰ ਕਰਨ ਦਾ ਮੁੱਖ ਮਕਸਦ ਉਤਰਨ ਲਈ ਢੁਕਵੀਂ ਜਗ੍ਹਾ ਦੀ ਭਾਲ ਕਰਨਾ ਹੋਵੇਗਾ, ਤਾਂ ਜੋ ਹੇਠਾਂ ਉਤਰਦੇ ਸਮੇਂ ਪੁਲਾੜ ਯਾਨ ਕਿਸੇ ਚੱਟਾਨ ਜਾਂ ਹੋਰ ਵਸਤੂ ਨਾਲ ਨਾ ਟਕਰਾ ਜਾਵੇ। ਇਸ ਤੋਂ ਬਾਅਦ 2031 'ਚ ਇਹ ਧਰਤੀ 'ਤੇ ਵਾਪਸ ਪਰਤੇਗਾ।
ਮੰਗਲ ਗ੍ਰਹਿ 'ਤੇ ਪਾਣੀ ਦੇ ਭੇਤ ਖੁੱਲ੍ਹਣ ਦੀ ਉਮੀਦ
ਲਗਪਗ ਚਾਰ ਅਰਬ ਸਾਲ ਪਹਿਲਾਂ ਮੰਗਲ ਗ੍ਰਹਿ 'ਤੇ ਪਾਣੀ ਮੌਜੂਦ ਹੋਣ ਦੇ ਸੰਕੇਤ ਮਿਲਦੇ ਹਨ। ਉੱਥੇ ਝੀਲਾਂ ਹੋਣ ਦੇ ਸਬੂਤ ਵੀ ਸਾਹਮਣੇ ਆਏ ਹਨ। ਜੇ ਫੋਬੋਸ ਤੋਂ ਇਕੱਠੇ ਕੀਤੇ ਨਮੂਨਿਆਂ 'ਚ ਮੰਗਲ ਗ੍ਰਹਿ ਤੋਂ ਆਏ ਕਣ ਮਿਲਦੇ ਹਨ, ਤਾਂ ਵਿਗਿਆਨੀ ਪਾਣੀ ਨਾਲ ਸਬੰਧਤ ਖਣਿਜਾਂ, ਜੈਵਿਕ ਪਦਾਰਥਾਂ ਅਤੇ ਜੀਵਨ ਨਾਲ ਜੁੜੇ ਸੰਕੇਤਾਂ ਦੀ ਖੋਜ ਕਰ ਸਕਣਗੇ।
ਇਸ ਮਿਸ਼ਨ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਸ ਨਾਲ ਭਵਿੱਖ 'ਚ ਮੰਗਲ ਗ੍ਰਹਿ 'ਤੇ ਜਾਣ ਵਾਲੇ ਪੁਲਾੜ ਯਾਤਰੀਆਂ ਲਈ ਸੰਭਾਵੀ ਖ਼ਤਰਿਆਂ ਦਾ ਪਤਾ ਲਗਾਉਣ 'ਚ ਮਦਦ ਮਿਲ ਸਕਦੀ ਹੈ। ਇਸ ਰਾਹੀਂ ਇਹ ਸਮਝਣ 'ਚ ਵੀ ਸਹਾਇਤਾ ਮਿਲੇਗੀ ਕਿ ਉੱਥੇ ਜਾਣਾ ਕਿੰਨਾ ਸੁਰੱਖਿਅਤ ਹੋ ਸਕਦਾ ਹੈ। ਇਸ ਤੋਂ ਇਲਾਵਾ, ਪੁਲਾੜ 'ਚ ਰੇਡੀਏਸ਼ਨ ਵਰਗੇ ਖ਼ਤਰਿਆਂ ਬਾਰੇ ਵੀ ਚੇਤਾਵਨੀ ਦੇਣ 'ਚ ਮਦਦ ਮਿਲ ਸਕਦੀ ਹੈ।