
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਸਪਤਾਲ ਦੀ ਇਹ ਪਹਿਲ ਦੇਸ਼ ਭਰ ਵਿਚ ਸ਼ੁਰੂ ਕੀਤੀਆਂ ਜਾ ਰਹੀਆਂ ਅਜਿਹੀਆਂ ਹੀ ਹੋਰ ਸਹੂਲਤਾਂ ਦਾ ਹਿੱਸਾ ਹੈ। ਰਿਪੋਰਟ ਮੁਤਾਬਕ, ਪਿਛਲੇ ਮਹੀਨੇ ਤਿਆਨਜਿਨ 'ਚ ਪੋਸਟਲ ਸੇਵਿੰਗਜ਼ ਬੈਂਕ ਆਫ ਚਾਈਨਾ ਦੀ ਇਕ ਸ਼ਾਖਾ ਵਿਆਹ ਰਜਿਸਟ੍ਰੇਸ਼ਨ ਦੀਆਂ ਸੇਵਾਵਾਂ ਦੇਣ ਵਾਲਾ ਦੇਸ਼ ਦਾ ਪਹਿਲਾ ਬੈਂਕ ਬਣ ਗਿਆ।

ਡਿਜੀਟਲ ਡੈਸਕ, ਬੀਜਿੰਗ : ਚੀਨ ਵਿਚ ਸਥਾਨਕ ਪ੍ਰਸ਼ਾਸਨ ਵਿਆਹ ਦੀ ਪ੍ਰਕਿਰਿਆ ਨੂੰ ਵੱਧ ਤੋਂ ਵੱਧ ਆਸਾਨ ਤੇ ਸੁਖਾਲਾ ਬਣਾਉਣ ਲਈ ਅਨੋਖੇ ਕਦਮ ਚੁੱਕ ਰਿਹਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ, ਇਸ ਲਈ ਮੈਟਰਨਿਟੀ ਹਸਪਤਾਲਾਂ, ਬੈਂਕਾਂ ਤੇ ਨਾਈਟਕਲੱਬ ਵਰਗੀਆਂ ਅਣ-ਕਿਆਸੀਆਂ ਥਾਵਾਂ ’ਤੇ ਵਿਆਹ ਰਜਿਸਟ੍ਰੇਸ਼ਨ ਕਾਊਂਟਰ ਸਥਾਪਤ ਕੀਤੇ ਜਾ ਰਹੇ ਹਨ।
ਇਸੇ ਕੜੀ 'ਚ ਹਾਲ ਹੀ ਵਿਚ ਕਿਕਸੀ ਫੈਸਟੀਵਲ ਦੌਰਾਨ ਸ਼ਾਨਦੋਂਗ ਸੂਬੇ ਦੇ ਲਿੰਜ਼ੀ ਜ਼ਿਲ੍ਹੇ ਦੇ ਮੈਟਰਨਲ ਐਂਡ ਚਾਈਲਡ ਹੈਲਥ ਹਸਪਤਾਲ ਨੇ ਇਕ ਨਵੀਂ ਸਹੂਲਤ ਸ਼ੁਰੂ ਕੀਤੀ। ਹੁਣ ਜੋੜੇ ਸਿੱਧੇ ਹਸਪਤਾਲ ਦੇ ਅਹਾਤੇ ਵਿਚ ਹੀ ਕਾਨੂੰਨੀ ਤੌਰ ’ਤੇ ਵਿਆਹ ਕਰ ਸਕਦੇ ਹਨ।
ਇਹ ਵਿਵਸਥਾ ਵਨ-ਸਟਾਪ ਸ਼ਾਪ ਵਾਂਗ ਕੰਮ ਕਰਦੀ ਹੈ ਜਿੱਥੇ ਨਵ-ਵਿਆਹੇ ਜੋੜੇ ਆਪਣਾ ਵਿਆਹ ਰਜਿਸਟਰ ਕਰਵਾਉਣ ਦੇ ਨਾਲ-ਨਾਲ ਵਿਆਹ ਤੋਂ ਪਹਿਲਾਂ ਸਿਹਤ ਜਾਂਚ ਵੀ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਹਸਪਤਾਲ ਤੋਂ ਬਾਹਰ ਨਿਕਲੇ ਬਿਨਾਂ ਉਹ ਗਰਭਧਾਰਨ ਨਾਲ ਜੁੜੀ ਜ਼ਰੂਰੀ ਕਾਊਂਸਲਿੰਗ ਦਾ ਲਾਭ ਵੀ ਲੈ ਸਕਦੇ ਹਨ।
ਹਸਪਤਾਲ ਦੀ ਇਹ ਪਹਿਲ ਦੇਸ਼ ਭਰ ਵਿਚ ਸ਼ੁਰੂ ਕੀਤੀਆਂ ਜਾ ਰਹੀਆਂ ਅਜਿਹੀਆਂ ਹੀ ਹੋਰ ਸਹੂਲਤਾਂ ਦਾ ਹਿੱਸਾ ਹੈ। ਰਿਪੋਰਟ ਮੁਤਾਬਕ, ਪਿਛਲੇ ਮਹੀਨੇ ਤਿਆਨਜਿਨ 'ਚ ਪੋਸਟਲ ਸੇਵਿੰਗਜ਼ ਬੈਂਕ ਆਫ ਚਾਈਨਾ ਦੀ ਇਕ ਸ਼ਾਖਾ ਵਿਆਹ ਰਜਿਸਟ੍ਰੇਸ਼ਨ ਦੀਆਂ ਸੇਵਾਵਾਂ ਦੇਣ ਵਾਲਾ ਦੇਸ਼ ਦਾ ਪਹਿਲਾ ਬੈਂਕ ਬਣ ਗਿਆ। ਦੂਜੇ ਪਾਸੇ, ਗੁਆਂਗਝੌ ਬੈਯੁਨ ਇੰਟਰਨੈਸ਼ਨਲ ਏਅਰਪੋਰਟ ਨੇ ਵੀ ਉਡਾਣਾਂ ਦੇ ਖੂਬਸੂਰਤ ਨਜ਼ਾਰਿਆਂ ਵਿਚਕਾਰ ਵਿਆਹ ਸਰਟੀਫਿਕੇਟ ਜਾਰੀ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ।
ਉਥੇ ਹੀ, ਸ਼ੰਘਾਈ ਦੇ ਇਕ ਨਾਈਟਕਲੱਬ ਨੇ ਸਥਾਨਕ ਨਾਗਰਿਕ ਮਾਮਲਿਆਂ ਦੇ ਅਧਿਕਾਰੀਆਂ ਨਾਲ ਮਿਲ ਕੇ ਵਿਆਹ ਸਮਾਗਮ ਕਰਵਾਏ, ਜਿਨ੍ਹਾਂ ਵਿਚ ਨਵ-ਵਿਆਹੇ ਜੋੜਿਆਂ ਨੂੰ ਇਲੈਕਟ੍ਰੌਨਿਕ ਮਿਊਜ਼ਿਕ ਫੈਸਟੀਵਲ ਦੇ ਤੋਹਫ਼ੇ ਵੀ ਵੰਡੇ ਗਏ।
ਸਹੂਲਤਾਂ ਨੂੰ ਇੰਨਾ ਆਸਾਨ ਬਣਾ ਦਿੱਤਾ ਗਿਆ ਹੈ ਕਿ ਹੁਣ ਜੋੜੇ ਮੈਟਰੋ ਸਟੇਸ਼ਨਾਂ, ਜਨਤਕ ਪਾਰਕਾਂ ਅਤੇ ਇਤਿਹਾਸਕ ਮੰਦਰਾਂ ਵਰਗੀਆਂ ਥਾਵਾਂ ’ਤੇ ਵੀ ਵਿਆਹ ਦੇ ਬੰਧਨ ਵਿਚ ਬੱਝ ਸਕਦੇ ਹਨ।
ਪ੍ਰਸ਼ਾਸਨ ਵੱਲੋਂ ਇਹ ਅਸਾਧਾਰਨ ਕਦਮ ਦੇਸ਼ ਵਿਚ ਛਾਏ ਇਕ ਗੰਭੀਰ ਜਨਸੰਖਿਆ ਸੰਕਟ ਕਾਰਨ ਚੁੱਕੇ ਗਏ ਹਨ। ਚੀਨ ਵਿਚ ਜਨਮ ਦਰ ਵਿਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ ਤੇ ਕੰਮਕਾਜੀ ਆਬਾਦੀ ਲਗਾਤਾਰ ਘੱਟ ਰਹੀ ਹੈ। ਇਹੀ ਵਜ੍ਹਾ ਹੈ ਕਿ ਚੀਨੀ ਅਧਿਕਾਰੀ ਨੌਜਵਾਨਾਂ ਨੂੰ ਪਰਿਵਾਰ ਵਸਾਉਣ ਲਈ ਉਤਸ਼ਾਹਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਹਾਲਾਂਕਿ, ਕਾਗਜ਼ੀ ਕਾਰਵਾਈ ਨੂੰ ਆਸਾਨ ਬਣਾਉਣ ਦੇ ਇਨ੍ਹਾਂ ਯਤਨਾਂ ਨਾਲ ਪਿਛਲੇ ਸਾਲ ਦੇ ਅੰਤ ਵਿਚ ਵਿਆਹਾਂ ਦੀ ਗਿਣਤੀ ਵਿਚ ਕੁਝ ਸਮੇਂ ਲਈ ਤੇਜ਼ੀ ਜ਼ਰੂਰ ਆਈ ਸੀ, ਪਰ ਹਾਲੀਆ ਅੰਕੜੇ ਫਿਰ ਚਿੰਤਾਜਨਕ ਹਨ। ਇਸ ਸਾਲ ਦੀ ਪਹਿਲੀ ਛਿਮਾਹੀ ਵਿਚ ਵਿਆਹ ਰਜਿਸਟ੍ਰੇਸ਼ਨ ਦੀ ਦਰ ਵਿਚ 7.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।