- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ੍ਰਿੱਜ ਦੇ ਪੁਰਜ਼ਿਆਂ ਤੋਂ ਸ਼ੁਰੂਆਤ ਕਰਨ ਵਾਲੀ ਇਸ ਕੰਪਨੀ ਨੇ ਵੋਲਵੋ ਦੀ ਇੰਜੀਨੀਅਰਿੰਗ ਤਕਨੀਕ ਦਾ ਇਸਤੇਮਾਲ ਕਰ ਕੇ ਪ੍ਰੀਮੀਅਮ ਈਵੀ ਬ੍ਰਾਂਡ ਜੀਕਰ ਲਾਂਚ ਕੀਤਾ।

ਜਾਸ, ਸਿਡਨੀ : ਆਲਮੀ ਆਟੋਮੋਬਾਈਲ ਬਾਜ਼ਾਰ ਵਿਚ ਚੀਨ ਦੀਆਂ ਇਲੈਕਟ੍ਰਿਕ ਵਾਹਨ (ਈਵੀ) ਕੰਪਨੀਆਂ ਦਾ ਦਬਦਬਾ ਤੇਜ਼ੀ ਨਾਲ ਵਧ ਰਿਹਾ ਹੈ। ਸਿਡਨੀ ਟੈਕਨਾਲੋਜੀ ਯੂਨੀਵਰਸਿਟੀ (ਯੂਟੀਐੱਸ) ਦੀ ਐਸੋਸੀਏਟ ਪ੍ਰੋਫੈਸਰ ਮਰੀਨਾ ਯੂ ਝਾਂਗ ਦੇ ਇਕ ਤਾਜ਼ਾ ਵਿਸ਼ਲੇਸ਼ਣ ਅਨੁਸਾਰ, ਚੀਨ ਨੇ ਨਾ ਸਿਰਫ਼ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਅਤੇ ਵਿਕਰੀ ਵਿਚ ਸਿਖਰਲੀ ਸਥਿਤੀ ਹਾਸਲ ਕੀਤੀ ਹੈ, ਸਗੋਂ ਉਹ ਦੁਨੀਆ ਭਰ ਵਿਚ ਕਾਰਾਂ ਅਤੇ ਬੈਟਰੀਆਂ ਦਾ ਸਭ ਤੋਂ ਵੱਡਾ ਨਿਰਯਾਤਕ ਵੀ ਬਣ ਗਿਆ ਹੈ।
ਸਰਕਾਰੀ ਮਦਦ ਤੇ ਸਖ਼ਤ ਮੁਕਾਬਲਾ ਬਣੇ ਤਾਕਤ
ਚੀਨ ਦੀ ਇਸ ਸਫਲਤਾ ਦੇ ਪਿੱਛੇ ਲਗਪਗ ਦੋ ਦਹਾਕਿਆਂ ਦੀ ਸੋਚੀ-ਸਮਝੀ ਰਣਨੀਤੀ ਹੈ। 2009 ਤੋਂ 2022 ਦੇ ਦਰਮਿਆਨ ਚੀਨੀ ਸਰਕਾਰ ਨੇ ਈਵੀ ਖੇਤਰ ਨੂੰ ਉਤਸ਼ਾਹਤ ਕਰਨ ਲਈ 41 ਅਰਬ ਆਸਟ੍ਰੇਲਿਆਈ ਡਾਲਰ (ਲਗਪਗ 2.30 ਲੱਖ ਕਰੋੜ ਰੁਪਏ) ਤੋਂ ਵੱਧ ਦੀ ਸਬਸਿਡੀ ਅਤੇ ਟੈਕਸ ਛੋਟ ਦਿੱਤੀ।
ਇਸ ਦਾ ਮੁੱਖ ਟੀਚਾ ਵਿਦੇਸ਼ੀ ਤੇਲ ’ਤੇ ਆਪਣੀ ਨਿਰਭਰਤਾ ਘਟਾਉਣਾ ਅਤੇ ਪਰੰਪਰਾਗਤ ਕਾਰ ਨਿਰਮਾਤਾ ਦੇਸ਼ਾਂ ਜਿਵੇਂ ਕਿ ਜਰਮਨੀ, ਜਾਪਾਨ ਅਤੇ ਅਮਰੀਕਾ ਨੂੰ ਪਿੱਛੇ ਛੱਡਣਾ ਸੀ। ਹਾਲਾਂਕਿ, ਇਸ ਸਫਲਤਾ ਵਿਚ ਸਿਰਫ਼ ਸਰਕਾਰੀ ਮਦਦ ਹੀ ਨਹੀਂ ਹੈ। ਇਕ ਸਮੇਂ ਚੀਨ ਵਿਚ 500 ਤੋਂ ਵੱਧ ਈਵੀ ਸਟਾਰਟਅਪ ਮੌਜੂਦ ਸਨ। ਜਿਵੇਂ ਹੀ ਸਰਕਾਰ ਨੇ ਸਬਸਿਡੀ ਘਟਾਈ, ਬਾਜ਼ਾਰ ਦੇ ਸਖ਼ਤ ਮੁਕਾਬਲੇ ਕਾਰਨ ਲਗਪਗ 90 ਫ਼ੀਸਦੀ ਕਮਜ਼ੋਰ ਕੰਪਨੀਆਂ ਬੰਦ ਹੋ ਗਈਆਂ। ਇਸ ‘ਸਰਵਾਈਵਲ ਆਫ ਦਿ ਫਿਟੈਸਟ’ ਦੀ ਪ੍ਰਕਿਰਿਆ ਨੇ ਸਿਰਫ਼ ਬੀਵਾਈਡੀ, ਗੀਲੀ ਅਤੇ ਸ਼ਿਆਓਮੀ ਵਰਗੀਆਂ ਮਜ਼ਬੂਤ ਕੰਪਨੀਆਂ ਨੂੰ ਹੀ ਜੀਵਿਤ ਰੱਖਿਆ।
ਪ੍ਰਮੁੱਖ ਚੀਨੀ ਬ੍ਰਾਂਡਾਂ ਦਾ ਆਲਮੀ ਉਭਾਰ
ਬੀਵਾਈਡੀ : ਸ਼ੁਰੂਆਤ ਵਿਚ ਬੈਟਰੀਆਂ ਬਣਾਉਣ ਵਾਲੀ ਬੀਵਾਈਡੀ ਅੱਜ ਹਰ 52 ਸਕਿੰਟ ਵਿਚ ਇਕ ਕਾਰ ਅਸੈਂਬਲ ਕਰਦੀ ਹੈ। ਆਪਣੀ ਪੂਰੀ ਸਪਲਾਈ ਚੇਨ ’ਤੇ ਨਿਯੰਤਰਣ ਦੇ ਆਧਾਰ ’ਤੇ ਕੰਪਨੀ ਨੇ ਸਾਲ 2025 ਵਿਚ ਦੁਨੀਆ ਭਰ ਵਿਚ ਰਿਕਾਰਡ 45 ਲੱਖ ਵਾਹਨਾਂ ਦੀ ਡਲਿਵਰੀ ਕੀਤੀ।
ਗੀਲੀ : ਫ੍ਰਿੱਜ ਦੇ ਪੁਰਜ਼ਿਆਂ ਤੋਂ ਸ਼ੁਰੂਆਤ ਕਰਨ ਵਾਲੀ ਇਸ ਕੰਪਨੀ ਨੇ ਵੋਲਵੋ ਦੀ ਇੰਜੀਨੀਅਰਿੰਗ ਤਕਨੀਕ ਦਾ ਇਸਤੇਮਾਲ ਕਰ ਕੇ ਪ੍ਰੀਮੀਅਮ ਈਵੀ ਬ੍ਰਾਂਡ ਜੀਕਰ ਲਾਂਚ ਕੀਤਾ।
ਸ਼ਿਆਓਮੀ : ਸਮਾਰਟਫੋਨ ਖੇਤਰ ਦੀ ਇਹ ਦਿੱਗਜ ਕੰਪਨੀ 2024 ਵਿਚ ਈਵੀ ਬਾਜ਼ਾਰ ਵਿਚ ਉਤਰੀ ਅਤੇ ਆਪਣੀ ਬਿਹਤਰ ਆਪ੍ਰੇਟਿੰਗ ਸਿਸਟਮ ਤਕਨੀਕ ਦੇ ਬਲਬੂਤੇ ਤੇਜ਼ੀ ਨਾਲ ਜਗ੍ਹਾ ਬਣਾਈ।