ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖ਼ਬਰੀ: ਮੋਦੀ ਤੇ ਐਲਬਨੀਜ਼ ਨੇ ਜਾਰੀ ਕੀਤਾ 'ਸਪੋਰਟਸ ਰੋਡਮੈਪ', ਪਹਿਲੀ ਵਾਰ ਭਾਰਤ 'ਚ ਹੋਣਗੇ ਬਿਗ ਬੈਸ਼ ਲੀਗ ਦੇ ਮੁਕਾਬਲੇ; ਚੇਨਈ ਕਰੇਗਾ ਮੇਜ਼ਬਾਨੀ! ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤਿੰਨ ਦਿਨਾਂ ਦੇ ਆਸਟ੍ਰੇਲੀਆ ਦੌਰੇ ਦੇ ਆਖਰੀ ਦਿਨ ਮੈਲਬੌਰਨ ਦੇ ਇਤਿਹਾਸਕ ਮੈਲਬੌਰਨ ਕ੍ਰਿਕੇਟ ਗਰਾਊਂਡ (MCG) ਵਿੱਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡਾਂ ਨੂੰ ਨਵੀਂ ਦਿਸ਼ਾ ਦੇਣ ਵਾਲੇ ਕਈ ਮਹੱਤਵਪੂਰਨ ਐਲਾਨ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਾਂਝੇ ਤੌਰ ’ਤੇ ਭਾਰਤ ਆਸਟ੍ਰੇਲੀਆ ਖੇਡ ਸਹਿਯੋਗ ਰੋਡਮੈਪ ਜਾਰੀ ਕੀਤਾ ਜਿਸ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਖੇਡਾਂ, ਕੋਚਿੰਗ, ਖੇਡ ਵਿਗਿਆਨ, ਖਿਡਾਰੀਆਂ ਦੇ ਅਦਾਨ ਪ੍ਰਦਾਨ ਅਤੇ ਵੱਡੇ ਖੇਡ ਸਮਾਗਮਾਂ ਦੇ ਖੇਤਰ ਵਿੱਚ
Publish Date: Fri, 10 Jul 2026 04:14 PM (IST)
Updated Date: Fri, 10 Jul 2026 04:17 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤਿੰਨ ਦਿਨਾਂ ਦੇ ਆਸਟ੍ਰੇਲੀਆ ਦੌਰੇ ਦੇ ਆਖਰੀ ਦਿਨ ਮੈਲਬੌਰਨ ਦੇ ਇਤਿਹਾਸਕ ਮੈਲਬੌਰਨ ਕ੍ਰਿਕੇਟ ਗਰਾਊਂਡ (MCG) ਵਿੱਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡਾਂ ਨੂੰ ਨਵੀਂ ਦਿਸ਼ਾ ਦੇਣ ਵਾਲੇ ਕਈ ਮਹੱਤਵਪੂਰਨ ਐਲਾਨ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਾਂਝੇ ਤੌਰ ’ਤੇ ਭਾਰਤ ਆਸਟ੍ਰੇਲੀਆ ਖੇਡ ਸਹਿਯੋਗ ਰੋਡਮੈਪ ਜਾਰੀ ਕੀਤਾ ਜਿਸ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਖੇਡਾਂ, ਕੋਚਿੰਗ, ਖੇਡ ਵਿਗਿਆਨ, ਖਿਡਾਰੀਆਂ ਦੇ ਅਦਾਨ ਪ੍ਰਦਾਨ ਅਤੇ ਵੱਡੇ ਖੇਡ ਸਮਾਗਮਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣਾ ਹੈ।
ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ Big Bash League (BBL) ਦੇ 2026 -27 ਸੀਜ਼ਨ ਦਾ ਉਦਘਾਟਨੀ ਮੁਕਾਬਲਾ 12 ਦਸੰਬਰ ਨੂੰ ਚੇਨਈ ਦੇ ਐੱਮ. ਏ. ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। BBL ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਲੀਗ ਦਾ ਕੋਈ ਅਧਿਕਾਰਤ ਮੈਚ ਆਸਟ੍ਰੇਲੀਆ ਤੋਂ ਬਾਹਰ ਖੇਡਿਆ ਜਾਵੇਗਾ। ਕ੍ਰਿਕੇਟ ਆਸਟ੍ਰੇਲੀਆ ਨੇ ਵੀ ਕਿਹਾ ਕਿ ਇਸ ਇਤਿਹਾਸਕ ਮੁਕਾਬਲੇ ਵਿੱਚ Melbourne Renegades ਅਤੇ Perth Scorchers ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਇਸ ਐਲਾਨ ਨੂੰ ਭਾਰਤ ਆਸਟ੍ਰੇਲੀਆ ਖੇਡ ਸਬੰਧਾਂ ਵਿੱਚ ਇੱਕ ਨਵੇਂ ਮੀਲ ਪੱਥਰ ਵਜੋਂ ਦੇਖਿਆ ਜਾ ਰਿਹਾ ਹੈ।
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਲਬੌਰਨ ਕ੍ਰਿਕਟ ਗਰਾਊਂਡ ਨਾਲ ਭਾਰਤ ਦਾ ਹਰੇਕ ਨਾਗਰਿਕ ਭਾਵਨਾਤਮਕ ਨਾਲ ਜੁੜਿਆ ਹੋਇਆ ਹੈ । ਭਾਰਤ ਆਸਟ੍ਰੇਲੀਆ ਕ੍ਰਿਕਟ ਮੈਚਾਂ ਦੇ ਮੁਕਾਬਲਿਆਂ ਦਾ ਰੋਮਾਂਚ ਦੋਵਾਂ ਦੇਸ਼ਾਂ ਦੀ ਸਾਂਝੀ ਪਹਿਚਾਣ ਤੇ ਦੋਸਤੀ ਦਾ ਪ੍ਰਤੀਕ ਹੈ ਤੇ ਨਵਾਂ ਖੇਡ ਰੋਡਮੈਪ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੋਦੀ ਦਾ ਐਮ. ਸੀ. ਜੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਇਹ ਮੈਦਾਨ ਟੈਸਟ ਕ੍ਰਿਕਟ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਕੇਂਦਰ ਰਿਹਾ ਹੈ ਅਤੇ ਭਾਰਤ ਆਸਟ੍ਰੇਲੀਆ ਦੀਆਂ ਅਨੇਕਾਂ ਯਾਦਗਾਰ ਮੁਕਾਬਲਿਆਂ ਦਾ ਗਵਾਹ ਰਿਹਾ ਹੈ। ਉਨ੍ਹਾਂ ਨੇ 2024 25 Border-Gavaskar Trophy ਦੌਰਾਨ MCG ਵਿੱਚ ਪੰਜ ਦਿਨਾਂ ਵਿੱਚ 3.7 ਲੱਖ ਤੋਂ ਵੱਧ ਦਰਸ਼ਕਾਂ ਦੀ ਹਾਜ਼ਰੀ ਦੋਵਾਂ ਦੇਸ਼ਾਂ ਵਿੱਚ ਕ੍ਰਿਕਟ ਪ੍ਰਤੀ ਡੂੰਘੇ ਪਿਆਰ ਦੀ ਮਿਸਾਲ ਰਹੀ ਹੈ ਉਨ੍ਹਾਂ ਕਿਹਾ ਕਿ ਨਵਾਂ ਖੇਡ ਰੋਡਮੈਪ ਸਿਰਫ਼ ਕ੍ਰਿਕਟ ਤੱਕ ਸੀਮਿਤ ਨਹੀਂ ਰਹੇਗਾ ਸਗੋਂ ਵਪਾਰ, ਸੈਰ ਸਪਾਟੇ, ਨਿਵੇਸ਼ ਅਤੇ ਲੋਕਾਂ ਨਾਲ ਲੋਕਾਂ ਦੇ ਸੰਪਰਕ ਨੂੰ ਵੀ ਨਵਾਂ ਉਤਸ਼ਾਹ ਦੇਵੇਗਾ।
ਇਸ ਸਮਾਗਮ ਵਿੱਚ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ, ਸਾਬਕਾ ਆਸਟ੍ਰੇਲੀਆਈ ਕਪਤਾਨ ਸਟੀਵ ਵਾੱਗ, ਲਿਸਾ ਸਥਾਲਕਰ ਸਾਬਕਾ ਖਿਡਾਰੀ,ਏ.ਐਫ. ਐਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਂਡਰਿੳ ਡਿਲਨ, ਸਮੇਤ ਵਿਕਟੋਰੀਆ ਸਰਕਾਰ ਦੇ ਮੰਤਰੀ, ਖੇਡ ਅਧਿਕਾਰੀ ਨੌਜਵਾਨ ਕ੍ਰਿਕਟਰ ਅਤੇ ਆਸਟ੍ਰੇਲੀਆਈ ਫੁੱਟਬਾਲ ਖਿਡਾਰੀ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਵਿਕਟੋਰੀਆ ਸਰਕਾਰ ਵੱਲੋਂ ਆਯੋਜਿਤ ਅਧਿਕਾਰਕ ਸਵਾਗਤ ਅਤੇ ਸਟੇਟ ਲੰਚ ਵਿੱਚ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਨੈਸ਼ਨਲ ਖੇਡ ਮਿਊਜੀਅਮ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਕ੍ਰਿਕਟ ਇਤਿਹਾਸ ਨਾਲ ਜੁੜੀਆਂ ਯਾਦਗਾਰ ਨਿਸ਼ਾਨੀਆਂ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨਾਲ ਗੱਲਬਾਤ ਕੀਤੀ, ਜਰਸੀਆਂ ਅਤੇ ਬੈਟਾਂ ’ਤੇ ਦਸਤਖ਼ਤ ਕੀਤੇ ਅਤੇ ਸਮੂਹ ਤਸਵੀਰਾਂ ਵੀ ਖਿਚਵਾਈਆਂ।