ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ 'ਯੁੱਧ ਸ਼ਕਤੀਆਂ' 'ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਰੇਲੂ ਮੋਰਚੇ ’ਤੇ ਆਪਣੀਆਂ ਨੀਤੀਆਂ ਅਤੇ ਸ਼ਕਤੀਆਂ ’ਤੇ ਦੋਹਰਾ ਝਟਕਾ ਲੱਗਾ ਹੈ। ਪਹਿਲਾ ਝਟਕਾ ਸੈਨੇਟ ਤੋਂ ਲੱਗਾ, ਜਦਕਿ ਦੂਜਾ ਝਟਕਾ ਇਕ ਜੱਜ ਨੇ ਦਿੱਤਾ। ਸੰਸਦ ਦੇ ਉੱਚ ਸਦਨ ਸੈਨੇਟ ਨੇ ਪਹਿਲੀ ਵਾਰ ਯੁੱਧ ਸ਼ਕਤੀਆਂ ਨਾਲ ਜੁੜਿਆ ਇਕ ਪ੍ਰਸਤਾਵ ਪਾਸ ਕੀਤਾ ਹੈ। ਇਸ ਦਾ ਮਕਸਦ ਈਰਾਨ ਖ਼ਿਲਾਫ਼ ਅਮਰੀਕੀ ਫ਼ੌਜੀ ਕਾਰਵਾਈ ਨੂੰ ਰੋਕਣਾ ਹੈ। ਇਹ ਪ੍ਰਸਤਾਵ ਉਸ ਸਮੇਂ ਪਾਸ ਕੀਤਾ ਗਿਆ ਹੈ ਜਦੋਂ ਅਮਰੀਕਾ ਅਤੇ ਈਰਾਨ ਵਿਚਕਾਰ ਸਥਾਈ ਸ਼ਾਂਤੀ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਤੇ ਈਰਾਨ ਯੁੱਧ ਨਾਲ ਜੁੜੇ ਖ਼ਰਚਿਆਂ ਦੀ ਭਰਪਾਈ ਲਈ ਟਰੰਪ ਪ੍ਰਸ਼ਾਸਨ ਨੇ ਸੰਸਦ ਤੋਂ 80 ਅਰਬ ਡਾਲਰ ਦੀ ਵਾਧੂ
Publish Date: Thu, 25 Jun 2026 11:06 AM (IST)
Updated Date: Thu, 25 Jun 2026 11:08 AM (IST)

ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਰੇਲੂ ਮੋਰਚੇ ’ਤੇ ਆਪਣੀਆਂ ਨੀਤੀਆਂ ਅਤੇ ਸ਼ਕਤੀਆਂ ’ਤੇ ਦੋਹਰਾ ਝਟਕਾ ਲੱਗਾ ਹੈ। ਪਹਿਲਾ ਝਟਕਾ ਸੈਨੇਟ ਤੋਂ ਲੱਗਾ, ਜਦਕਿ ਦੂਜਾ ਝਟਕਾ ਇਕ ਜੱਜ ਨੇ ਦਿੱਤਾ। ਸੰਸਦ ਦੇ ਉੱਚ ਸਦਨ ਸੈਨੇਟ ਨੇ ਪਹਿਲੀ ਵਾਰ ਯੁੱਧ ਸ਼ਕਤੀਆਂ ਨਾਲ ਜੁੜਿਆ ਇਕ ਪ੍ਰਸਤਾਵ ਪਾਸ ਕੀਤਾ ਹੈ। ਇਸ ਦਾ ਮਕਸਦ ਈਰਾਨ ਖ਼ਿਲਾਫ਼ ਅਮਰੀਕੀ ਫ਼ੌਜੀ ਕਾਰਵਾਈ ਨੂੰ ਰੋਕਣਾ ਹੈ। ਇਹ ਪ੍ਰਸਤਾਵ ਉਸ ਸਮੇਂ ਪਾਸ ਕੀਤਾ ਗਿਆ ਹੈ ਜਦੋਂ ਅਮਰੀਕਾ ਅਤੇ ਈਰਾਨ ਵਿਚਕਾਰ ਸਥਾਈ ਸ਼ਾਂਤੀ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਤੇ ਈਰਾਨ ਯੁੱਧ ਨਾਲ ਜੁੜੇ ਖ਼ਰਚਿਆਂ ਦੀ ਭਰਪਾਈ ਲਈ ਟਰੰਪ ਪ੍ਰਸ਼ਾਸਨ ਨੇ ਸੰਸਦ ਤੋਂ 80 ਅਰਬ ਡਾਲਰ ਦੀ ਵਾਧੂ ਰਕਮ ਮੰਗੀ ਹੈ।
ਸੈਨੇਟ ਨੇ ਮੰਗਲਵਾਰ ਨੂੰ ‘ਵਾਰ ਪਾਵਰਜ਼ ਰੈਜ਼ੋਲਿਊਸ਼ਨ’ (ਰਾਸ਼ਟਰਪਤੀ ਦੀਆਂ ਯੁੱਧ ਸ਼ਕਤੀਆਂ ਨਾਲ ਜੁੜਿਆ ਪ੍ਰਸਤਾਵ) ਨੂੰ ਮਨਜ਼ੂਰੀ ਦਿੱਤੀ। ਇਸ ਪ੍ਰਸਤਾਵ ਨੂੰ 50-48 ਵੋਟਾਂ ਨਾਲ ਪਾਸ ਕੀਤਾ ਗਿਆ। ਇਹ 10ਵੀਂ ਵਾਰ ਹੈ, ਜਦੋਂ ਸੈਨੇਟ ਨੇ ਯੁੱਧ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਪ੍ਰਸਤਾਵ ਮੁੱਖ ਤੌਰ ’ਤੇ ਪ੍ਰਤੀਕਾਤਮਕ ਹੈ ਅਤੇ ਇਸ ਦਾ ਕਾਨੂੰਨੀ ਪ੍ਰਭਾਵ ਨਹੀਂ ਹੈ ਪਰ ਇਹ ਦਰਸਾਉਂਦਾ ਹੈ ਕਿ ਅਮਰੀਕੀ ਸੰਸਦ ਦੇ ਦੋਹਾਂ ਸਦਨਾਂ ਸੈਨੇਟ ਅਤੇ ਪ੍ਰਤੀਨਿਧੀ ਸਭਾ ਯੁੱਧ ਅਤੇ ਟਰੰਪ ਦੁਆਰਾ ਈਰਾਨ ਨਾਲ ਕੀਤੇ ਗਏ ਸਮਝੌਤੇ ਨੂੰ ਲੈ ਕੇ ਚਿੰਤਤ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਪ੍ਰਤੀਨਿਧੀ ਸਭਾ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। 1973 ਵਿਚ ਵਾਰ ਪਾਵਰਜ਼ ਰੈਜ਼ੋਲਿਊਸ਼ਨ (ਜਿਸ ਨੂੰ ਆਮ ਤੌਰ ’ਤੇ ਵਾਰ ਪਾਵਰਜ਼ ਐਕਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਦੇ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਦੋਹਾਂ ਸਦਨਾਂ ਨੇ ਰਾਸ਼ਟਰਪਤੀ ਨੂੰ ਅਮਰੀਕੀ ਸੈਨਾਵਾਂ ਨੂੰ ਯੁੱਧ ਤੋਂ ਹਟਾਉਣ ਦਾ ਹੁਕਮ ਦੇਣ ਵਾਲਾ ਪ੍ਰਸਤਾਵ ਪਾਸ ਕੀਤਾ ਹੈ।
ਟਰੰਪ ਨੇ ਆਪਣੇ ਇੰਟਰਨੈੱਟ ਮੀਡੀਆ ਪਲੇਟਫਾਰਮ ’ਤੇ ਪ੍ਰਸਤਾਵ ਨੂੰ ਲੈ ਕੇ ਗਹਿਰੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਇਸ ਨੂੰ ਗ਼ਲਤ ਸਮੇਂ ’ਤੇ ਲਿਆ ਗਿਆ ਅਤੇ ਬੇਕਾਰ ਫ਼ੈਸਲਾ ਦੱਸਿਆ। ਟਰੰਪ ਨੇ ਕਿਹਾ, ‘‘ਇਸ ਪ੍ਰਸਤਾਵ ਨੂੰ ਪਾਸ ਕਰਨਾ ਈਰਾਨ ਨੂੰ ਮਦਦ ਅਤੇ ਹੌਸਲਾ ਦੇਣ ਵਰਗਾ ਹੈ।’’ ਜਦਕਿ ਸੈਨੇਟ ਵਿਚ ਡੈਮੋਕ੍ਰੈਟਿਕ ਆਗੂ ਚਕ ਸ਼ੂਮਰ ਨੇ ਕਿਹਾ, ‘‘ਈਰਾਨ ਵਿਚ ਟਰੰਪ ਦੀ ਇਤਿਹਾਸਕ ਗ਼ਲਤੀ ਦੀ ਕੀਮਤ ਅਮਰੀਕੀਆਂ ਨੂੰ ਚੁਕਾਉਣੀ ਪਈ ਹੈ। ਇਸ ਨੂੰ ਇਤਿਹਾਸ ਦੀਆਂ ਕਿਤਾਬਾਂ ਵਿਚ ਅਮਰੀਕਾ ਦੀ ਹੁਣ ਤੱਕ ਦੀ ਸਭ ਤੋਂ ਖ਼ਰਾਬ ਨੀਤੀ ਦੇ ਤੌਰ ’ਤੇ ਦਰਜ ਕੀਤਾ ਜਾਵੇਗਾ।’’
ਚਾਰ ਰਿਪਬਲਿਕਨ ਸੰਸਦ ਮੈਂਬਰਾਂ ’ਤੇ ਭੜਕੇ ਟਰੰਪ
ਚਾਰ ਰਿਪਬਲਿਕਨ ਸੈਨੇਟਰਾਂ ਨੇ ਵੀ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਦਾ ਸਾਥ ਦਿੱਤਾ ਅਤੇ ਪ੍ਰਸਤਾਵ ਦੇ ਪੱਖ ਵਿਚ ਵੋਟਿੰਗ ਕੀਤੀ। ਟਰੰਪ ਖ਼ਿਲਾਫ਼ ਵੋਟਿੰਗ ਕਰਨ ਵਾਲੇ ਰਿਪਬਲਿਕਨ ਸੈਨੇਟਰਾਂ ਵਿਚ ਸੁਸਾਨ ਕੋਲਿਨਜ਼, ਲਿਜ਼ਾ ਮੁਰਕੋਵਸਕੀ, ਰੈਂਡ ਪਾਲ ਅਤੇ ਬਿਲ ਕੈਸਿਡੀ ਸ਼ਾਮਲ ਹਨ। ਜਦਕਿ ਡੈਮੋਕ੍ਰੈਟਿਕ ਸੰਸਦ ਮੈਂਬਰ ਜੌਨ ਫੇਟਰਮੈਨ ਨੇ ਪ੍ਰਸਤਾਵ ਖ਼ਿਲਾਫ਼ ਵੋਟਿੰਗ ਕੀਤੀ। ਟਰੰਪ ਨੇ ਪ੍ਰਸਤਾਵ ਦੇ ਪੱਖ ਵਿਚ ਵੋਟਿੰਗ ਕਰਨ ਵਾਲੇ ਚਾਰ ਰਿਪਬਲਿਕਨ ਸੰਸਦ ਮੈਂਬਰਾਂ ਦੀ ਆਲੋਚਨਾ ਕੀਤੀ ਅਤੇ ਕਿਹਾ, ‘‘ਇਨ੍ਹਾਂ ਸੈਨੇਟਰਾਂ ਨੇ ਮੇਰਾ ਕੰਮ ਹੋਰ ਮੁਸ਼ਕਲ ਬਣਾ ਦਿੱਤਾ ਹੈ।’’