VIDEO : ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਦੇ ਰਿਜ਼ੋਰਟ 'ਚ ਭਿਆਨਕ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ; 9 ਦੀ ਹਾਲਤ ਗੰਭੀਰ
ਉਖੀਆ ਪੁਲਿਸ ਥਾਣੇ ਦੇ ਮੁਖੀ ਮੁਹੰਮਦ ਅਤੀਕੁਰ ਰਹਿਮਾਨ ਮਜੂਮਦਾਰ ਮੁਤਾਬਕ, ਇਹ ਹਾਦਸਾ ਇਨਾਨੀ ਇਲਾਕੇ 'ਚ ਮਰੀਨ ਡਰਾਈਵ 'ਤੇ ਪਟੂਆਰਟੇਕ ਬੀਚ ਨੇੜੇ ਸਥਿਤ ਟੁਪਟੁਪ ਰੈਸਟੋ ਐਂਡ ਰਿਜ਼ੋਰਟ 'ਚ ਵਾਪਰਿਆ। ਅੱਗ ਸ਼ਨੀਵਾਰ ਸਵੇਰੇ ਕਰੀਬ 6:30 ਵਜੇ ਲੱਗੀ।
Publish Date: Sat, 17 Oct 2026 03:47 PM (IST)
Updated Date: Sat, 17 Oct 2026 04:19 PM (IST)
ਡਿਜੀਟਲ ਡੈਸਕ, ਢਾਕਾ : ਬੰਗਲਾਦੇਸ਼ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਕੌਕਸ ਬਾਜ਼ਾਰ ਸਥਿਤ ਸਮੁੰਦਰੀ ਕੰਢੇ ਦੇ ਇਕ ਰਿਜ਼ੋਰਟ 'ਚ ਸ਼ਨਿਚਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ 'ਚ ਘੱਟੋ-ਘੱਟ 10 ਲੋਕਾਂ ਦੀ ਸੜਨ ਕਾਰਨ ਮੌਤ ਹੋ ਗਈ, ਜਦਕਿ 9 ਹੋਰ ਲੋਕ ਜ਼ਖ਼ਮੀ ਹੋ ਗਏ। ਉਖੀਆ ਪੁਲਿਸ ਥਾਣੇ ਦੇ ਮੁਖੀ ਮੁਹੰਮਦ ਅਤੀਕੁਰ ਰਹਿਮਾਨ ਮਜੂਮਦਾਰ ਮੁਤਾਬਕ, ਇਹ ਹਾਦਸਾ ਇਨਾਨੀ ਇਲਾਕੇ 'ਚ ਮਰੀਨ ਡਰਾਈਵ 'ਤੇ ਪਟੂਆਰਟੇਕ ਬੀਚ ਨੇੜੇ ਸਥਿਤ ਟੁਪਟੁਪ ਰੈਸਟੋ ਐਂਡ ਰਿਜ਼ੋਰਟ 'ਚ ਵਾਪਰਿਆ। ਅੱਗ ਸ਼ਨੀਵਾਰ ਸਵੇਰੇ ਕਰੀਬ 6:30 ਵਜੇ ਲੱਗੀ। ਫਾਇਰ ਸਰਵਿਸ ਦੇ ਬੁਲਾਰੇ ਤਲਹਾ ਬਿਨ ਜਾਸਿਮ ਨੇ ਦੁਪਹਿਰ ਕਰੀਬ 1:30 ਵਜੇ 10 ਲੋਕਾਂ ਦੀ ਮੌਤ ਅਤੇ 9 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ।
ਬਾਂਸ ਤੇ ਲੱਕੜ ਨਾਲ ਬਣਿਆ ਹੋਇਆ ਸੀ ਤਿੰਨ ਮੰਜ਼ਿਲਾ ਰਿਜ਼ੌਰਟ
ਇਹ ਤਿੰਨ ਮੰਜ਼ਿਲਾ ਰਿਜ਼ੌਰਟ ਮੁੱਖ ਤੌਰ 'ਤੇ ਬਾਂਸ ਅਤੇ ਲੱਕੜ ਨਾਲ ਬਣਾਇਆ ਗਿਆ ਸੀ। ਇਹ ਕੋਲਾਤੋਲੀ ਤੋਂ ਲਗਪਗ 29 ਕਿਲੋਮੀਟਰ ਦੂਰ ਸਥਿਤ ਹੈ। ਜਲਣਸ਼ੀਲ ਸਮੱਗਰੀ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਤੇ ਇਸ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ 'ਚ ਲੈ ਲਿਆ।
ਕੌਕਸ ਬਾਜ਼ਾਰ ਫਾਇਰ ਸਰਵਿਸ ਦੇ ਉਪ ਸਹਾਇਕ ਨਿਰਦੇਸ਼ਕ ਸਈਅਦ ਮੁਹੰਮਦ ਮੋਰਸ਼ੇਦ ਹੁਸੈਨ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ 'ਚ ਰਿਜ਼ੌਰਟ ਦਾ ਪੂਰਾ ਢਾਂਚਾ ਸੜ ਕੇ ਸੁਆਹ ਹੋ ਗਿਆ ਹੈ।
ਰਿਜ਼ੌਰਟ 'ਚ ਮੌਜੂਦ ਸਨ 30 ਲੋਕ
ਹਾਦਸੇ ਸਮੇਂ ਰਿਜ਼ੌਰਟ 'ਚ ਲਗਪਗ 30 ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ ਸਿਰਫ਼ ਚਾਰ ਤੋਂ ਪੰਜ ਲੋਕ ਹੀ ਆਪਣੀ ਜਾਨ ਬਚਾਅ ਕੇ ਬਾਹਰ ਨਿਕਲਣ 'ਚ ਸਫ਼ਲ ਰਹੇ। ਹਾਦਸੇ 'ਚ ਜ਼ਖ਼ਮੀ ਹੋਏ 9 ਲੋਕਾਂ ਨੂੰ ਕੌਕਸ ਬਾਜ਼ਾਰ ਸਦਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਫ਼ਸਰ ਸਬੁਕਤਗਿਨ ਮਹਿਮੂਦ ਸੋਹੇਲ ਨੇ ਦੱਸਿਆ ਕਿ ਅੱਗ ਨਾਲ ਝੁਲਸੇ 5 ਮਰੀਜ਼ਾਂ ਦਾ ਇਲਾਜ ਜਾਰੀ ਹੈ, ਜਦਕਿ ਡਿੱਗਣ ਕਾਰਨ ਜ਼ਖ਼ਮੀ ਹੋਏ ਇਕ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਤੇਜ਼
ਕੌਕਸ ਬਾਜ਼ਾਰ ਦੇ ਡਿਪਟੀ ਕਮਿਸ਼ਨਰ ਏ. ਮੰਨਾਨ ਨੇ ਦੱਸਿਆ ਕਿ ਹੁਣ ਤੱਕ ਛੇ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਲਾਸ਼ਾਂ ਦੀ ਪਛਾਣ ਯਕੀਨੀ ਬਣਾਉਣ ਲਈ ਪਰਿਵਾਰਾਂ ਨੂੰ ਸੌਂਪਣ ਤੋਂ ਪਹਿਲਾਂ ਉਨ੍ਹਾਂ ਦੇ ਡੀਐੱਨਏ ਦੇ ਨਮੂਨੇ ਲਏ ਜਾਣਗੇ। ਫਿਲਹਾਲ ਅੱਗ ਲੱਗਣ ਦਾ ਅਸਲ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।
ਸ਼ੁਰੂਆਤੀ ਤੌਰ 'ਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਰਿਜ਼ੌਰਟ ਦੀ ਰਸੋਈ ਤੋਂ ਲੱਗੀ ਹੋਵੇਗੀ। ਹਾਲਾਂਕਿ, ਫਾਇਰ ਬ੍ਰਿਗੇਡ ਵਿਭਾਗ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।