- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਪਰਤਣ ਤੋਂ ਬਾਅਦ ਉਨ੍ਹਾਂ ਨੇ ਸਮਾਜਿਕ ਸੰਸਥਾਵਾਂ ਨਾਲ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਪੇਂਡੂ ਇਲਾਕਿਆਂ 'ਚ ਛੋਟੇ ਕਰਜ਼ਿਆਂ ਦੀ ਲੋੜ ਅਤੇ ਲੋਕਾਂ ਦੀ ਸ਼ਾਹੂਕਾਰਾਂ 'ਤੇ ਨਿਰਭਰਤਾ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਰਿਪੋਰਟ ਮੁਤਾਬਕ, ਕਈ ਸ਼ਾਹੂਕਾਰ ਛੋਟੇ ਕਰਜ਼ਿਆਂ 'ਤੇ 200 ਤੋਂ 300 ਫ਼ੀਸਦੀ ਤੱਕ ਵਿਆਜ ਵਸੂਲਦੇ ਸਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਬੰਧਨ ਬੈਂਕ ਇਨ੍ਹੀਂ ਦਿਨੀਂ ਚਰਚਾ 'ਚ ਹੈ। ਇਸ ਦਾ ਕਾਰਨ ਅਬੂ ਧਾਬੀ ਦੀ ਇੱਕ ਨਿਵੇਸ਼ ਕੰਪਨੀ ਹੈ, ਜੋ ਬੰਧਨ ਬੈਂਕ ਦੀ ਪ੍ਰਮੋਟਰ ਕੰਪਨੀ ਬੰਧਨ ਫਾਈਨੈਂਸ਼ੀਅਲ ਸਰਵਿਸਿਜ਼ 'ਚ ਹਿੱਸੇਦਾਰੀ ਖਰੀਦਣ ਦੀ ਤਿਆਰੀ ਕਰ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬੰਧਨ ਬੈਂਕ ਦੀ ਸ਼ੁਰੂਆਤ ਕਰਨ ਦਾ ਵਿਚਾਰ ਕਿਸ ਦੇ ਦਿਮਾਗ 'ਚ ਆਇਆ ਸੀ? ਬੰਗਲਾਦੇਸ਼ ਤੋਂ ਮਿਲਿਆ ਉਹ ਕਿਹੜਾ ਆਈਡੀਆ ਸੀ, ਜਿਸ ਨੇ ਪਹਿਲਾਂ ਇੱਕ NGO ਦਾ ਰੂਪ ਲਿਆ ਅਤੇ ਫਿਰ ਹੌਲੀ-ਹੌਲੀ ਬੈਂਕ ਦਾ ਰੂਪ ਧਾਰ ਲਿਆ? ਆਖ਼ਰ ਉਧਾਰ ਲਏ 2 ਲੱਖ ਰੁਪਏ ਨਾਲ ਸ਼ੁਰੂ ਹੋਇਆ ਇਹ ਸਫ਼ਰ ਹਜ਼ਾਰਾਂ ਕਰੋੜ ਰੁਪਏ ਦੇ ਬੈਂਕ ਤੱਕ ਕਿਵੇਂ ਪਹੁੰਚਿਆ? ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਬੈਂਕ ਦੀਆਂ ਸਭ ਤੋਂ ਵੱਧ ਗਾਹਕ ਔਰਤਾਂ ਕਿਵੇਂ ਬਣੀਆਂ? ਆਓ, ਜਾਣਦੇ ਹਾਂ ਬੰਧਨ ਬੈਂਕ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੇ ਵਿਕਾਸ ਤੱਕ ਦੀ ਪੂਰੀ ਕਹਾਣੀ।
ਬੰਧਨ ਬੈਂਕ ਦੀ ਸ਼ੁਰੂਆਤ ਇੱਕ ਅਜਿਹੇ ਵਿਚਾਰ ਨਾਲ ਹੋਈ, ਜਿਸ 'ਚ ਗਰੀਬ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੀ ਤਾਕਤ ਦਿਖਾਈ ਦਿੱਤੀ। ਬੰਧਨ ਬੈਂਕ ਦੇ ਸੰਸਥਾਪਕ ਚੰਦਰਸ਼ੇਖਰ ਘੋਸ਼ ਨੇ ਮਹਿਸੂਸ ਕੀਤਾ ਕਿ ਛੋਟੇ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਵਧਾਉਣ ਲਈ ਅਕਸਰ ਸ਼ਾਹੂਕਾਰਾਂ ਤੋਂ ਉੱਚੀਆਂ ਵਿਆਜ ਦਰਾਂ 'ਤੇ ਕਰਜ਼ਾ ਲੈਣਾ ਪੈਂਦਾ ਹੈ। ਇਸੇ ਸਮੱਸਿਆ ਨੇ ਬੰਧਨ ਬੈਂਕ ਦੀ ਨੀਂਹ ਰੱਖੀ।
ਚੰਦਰਸ਼ੇਖਰ ਘੋਸ਼ ਨੇ 1985 'ਚ ਬੰਗਲਾਦੇਸ਼ ਦੀ ਢਾਕਾ ਯੂਨੀਵਰਸਿਟੀ ਤੋਂ ਅੰਕੜਾ ਵਿਗਿਆਨ 'ਚ ਮਾਸਟਰ ਡਿਗਰੀ ਹਾਸਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੰਗਲਾਦੇਸ਼ 'ਚ ਔਰਤਾਂ ਦੇ ਸਸ਼ਕਤੀਕਰਨ ਅਤੇ ਪੇਂਡੂ ਵਿਕਾਸ ਲਈ ਕੰਮ ਕਰਨ ਵਾਲੀ ਸੰਸਥਾ BRAC 'ਚ ਕੰਮ ਕੀਤਾ। ਉੱਥੇ ਉਨ੍ਹਾਂ ਨੇ ਦੇਖਿਆ ਕਿ ਥੋੜ੍ਹੀ ਜਿਹੀ ਵਿੱਤੀ ਮਦਦ ਵੀ ਔਰਤਾਂ ਦੀ ਜ਼ਿੰਦਗੀ ਬਦਲ ਸਕਦੀ ਹੈ।
ਭਾਰਤ ਪਰਤਣ ਤੋਂ ਬਾਅਦ ਉਨ੍ਹਾਂ ਨੇ ਸਮਾਜਿਕ ਸੰਸਥਾਵਾਂ ਨਾਲ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਪੇਂਡੂ ਇਲਾਕਿਆਂ 'ਚ ਛੋਟੇ ਕਰਜ਼ਿਆਂ ਦੀ ਲੋੜ ਅਤੇ ਲੋਕਾਂ ਦੀ ਸ਼ਾਹੂਕਾਰਾਂ 'ਤੇ ਨਿਰਭਰਤਾ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਰਿਪੋਰਟ ਮੁਤਾਬਕ, ਕਈ ਸ਼ਾਹੂਕਾਰ ਛੋਟੇ ਕਰਜ਼ਿਆਂ 'ਤੇ 200 ਤੋਂ 300 ਫ਼ੀਸਦੀ ਤੱਕ ਵਿਆਜ ਵਸੂਲਦੇ ਸਨ।
ਸਾਲ 2000 'ਚ ਨੌਕਰੀ ਛੱਡਣ ਤੋਂ ਬਾਅਦ ਘੋਸ਼ ਨੇ 2001 'ਚ ਬੰਧਨ ਦੀ ਸ਼ੁਰੂਆਤ ਕੀਤੀ। ਉਸ ਸਮੇਂ ਉਨ੍ਹਾਂ ਕੋਲ ਲਗਭਗ 2 ਲੱਖ ਰੁਪਏ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਰਕਮ ਰਿਸ਼ਤੇਦਾਰਾਂ ਤੋਂ ਉਧਾਰ ਲਈ ਗਈ ਸੀ। ਸ਼ੁਰੂਆਤ ਸਿਰਫ਼ ਤਿੰਨ ਮੁਲਾਜ਼ਮਾਂ ਨਾਲ ਹੋਈ ਅਤੇ ਪੱਛਮੀ ਬੰਗਾਲ ਦੇ ਬਾਗਨਾਨ ਇਲਾਕੇ ਤੋਂ ਛੋਟੇ ਕਰਜ਼ੇ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ।
ਸ਼ੁਰੂਆਤੀ ਦੌਰ 'ਚ ਔਰਤਾਂ ਨੂੰ ਕਰਜ਼ਾ ਲੈਣ ਲਈ ਮਨਾਉਣਾ ਵੀ ਸੌਖਾ ਨਹੀਂ ਸੀ। ਉਨ੍ਹਾਂ ਨੂੰ ਭਰੋਸਾ ਦਿਵਾਉਣਾ ਪੈਂਦਾ ਸੀ ਕਿ ਇਹ ਪੈਸਾ ਕਾਰੋਬਾਰ ਵਧਾਉਣ ਅਤੇ ਪਰਿਵਾਰ ਦੀ ਆਮਦਨ ਸੁਧਾਰਨ 'ਚ ਮਦਦ ਕਰ ਸਕਦਾ ਹੈ।
ਬੰਧਨ ਨਾਮ ਵੀ ਇਸੇ ਸੋਚ ਨਾਲ ਜੁੜਿਆ ਹੋਇਆ ਹੈ। ਇਸ ਦਾ ਅਰਥ ਹੈ 'ਜੁੜਾਅ' ਜਾਂ 'ਰਿਸ਼ਤਾ'। ਘੋਸ਼ ਦਾ ਮਕਸਦ ਵੀ ਇਹੀ ਸੀ ਕਿ ਗਰੀਬ ਔਰਤਾਂ ਨੂੰ ਕਰਜ਼ਾ ਦੇ ਕੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਆਤਮਨਿਰਭਰ ਬਣਾਇਆ ਜਾਵੇ। ਸ਼ੁਰੂ 'ਚ ਪਿੰਡਾਂ ਦੀਆਂ ਔਰਤਾਂ ਉਨ੍ਹਾਂ 'ਤੇ ਭਰੋਸਾ ਨਹੀਂ ਕਰਦੀਆਂ ਸਨ, ਪਰ ਹੌਲੀ-ਹੌਲੀ ਇਹ ਮਾਡਲ ਅੱਗੇ ਵਧਣ ਲੱਗਾ। ਅੱਜ ਬੰਧਨ ਬੈਂਕ ਦੇ ਗਾਹਕਾਂ 'ਚ ਔਰਤਾਂ ਦੀ ਵੱਡੀ ਗਿਣਤੀ ਹੈ।
ਬੰਧਨ ਨੇ ਅਪ੍ਰੈਲ 2001 'ਚ ਇੱਕ ਗੈਰ-ਮੁਨਾਫ਼ਾ ਸੰਸਥਾ ਵਜੋਂ ਕੰਮ ਸ਼ੁਰੂ ਕੀਤਾ। ਅਪ੍ਰੈਲ 2006 'ਚ ਇਸ ਨੇ NBFC (ਨਾਨ-ਬੈਂਕਿੰਗ ਫਾਈਨੈਂਸ਼ੀਅਲ ਕੰਪਨੀ) ਵਜੋਂ ਆਪਣਾ ਵਿਸਥਾਰ ਕੀਤਾ। ਇਸ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ (RBI) ਤੋਂ ਬੈਂਕਿੰਗ ਲਾਇਸੈਂਸ ਮਿਲਣ 'ਤੇ 23 ਅਗਸਤ 2015 ਨੂੰ ਬੰਧਨ ਬੈਂਕ ਨੇ ਰਸਮੀ ਤੌਰ 'ਤੇ ਆਪਣਾ ਕੰਮ ਸ਼ੁਰੂ ਕੀਤਾ।
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਬੈਂਕ ਦਾ ਉਦਘਾਟਨ ਕੀਤਾ ਸੀ। ਪਹਿਲੇ ਹੀ ਦਿਨ ਬੈਂਕ ਨੇ 501 ਸ਼ਾਖਾਵਾਂ, 50 ATM ਅਤੇ 24 ਸੂਬਿਆਂ 'ਚ ਮੌਜੂਦਗੀ ਨਾਲ ਕੰਮ ਸ਼ੁਰੂ ਕੀਤਾ। ਉਸ ਸਮੇਂ ਬੈਂਕ ਕੋਲ 1.43 ਕਰੋੜ ਖਾਤੇ ਅਤੇ ਲਗਭਗ 10,448 ਕਰੋੜ ਰੁਪਏ ਦੇ ਕਰਜ਼ੇ ਸਨ।
ਬੰਧਨ ਬੈਂਕ ਦਾ ਮਾਰਕੀਟ ਕੈਪ 27,261 ਕਰੋੜ ਰੁਪਏ ਦੱਸਿਆ ਗਿਆ ਹੈ। ਬੈਂਕ ਦੇ ਦੇਸ਼ ਭਰ 'ਚ 6,400 ਤੋਂ ਵੱਧ ਆਊਟਲੈੱਟ ਅਤੇ 435 ਤੋਂ ਵੱਧ ATM ਹਨ। ਬੈਂਕ 'ਚ ਲਗਭਗ 75,000 ਮੁਲਾਜ਼ਮ ਕੰਮ ਕਰਦੇ ਹਨ। ਕੰਪਨੀ 'ਚ ਪ੍ਰਮੋਟਰਾਂ ਦੀ ਹਿੱਸੇਦਾਰੀ 37.54 ਫ਼ੀਸਦੀ ਹੈ। ਇਸ ਤੋਂ ਇਲਾਵਾ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਦੀ ਹਿੱਸੇਦਾਰੀ 18.64 ਫ਼ੀਸਦੀ, ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਦੀ 27.47 ਫ਼ੀਸਦੀ ਅਤੇ ਸਰਕਾਰ ਦੀ ਹਿੱਸੇਦਾਰੀ 0.07 ਫ਼ੀਸਦੀ ਹੈ।