ਬੰਗਲਾਦੇਸ਼ ’ਚ ਚੋਣਾਂ ਦਰਮਿਆਨ ਇਕ ਹੋਰ ਹਿੰਦੂ ਦਾ ਕਤਲ, ਮੌਲਵੀ ਬਾਜ਼ਾਰ ਇਲਾਕੇ 'ਚ ਖ਼ੂਨ ਨਾਲ ਲਿਬੜੀ ਮਿਲੀ ਲਾਸ਼
ਰਤਨ ਦੇ ਹੱਥ ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਇਹ ਕਤਲ ਅਜਿਹੇ ਸਮੇਂ ਹੋਇਆ ਹੈ ਜਦੋਂ ਦੇਸ਼ ਵਿਚ ਚੋਣ ਸਰਗਰਮੀਆਂ ਤੇਜ਼ ਹਨ। ਪਿਛਲੇ ਤਿੰਨ ਦਿਨਾਂ ਵਿਚ ਕਿਸੇ ਹਿੰਦੂ ਵਿਅਕਤੀ ਦੀ ਹੱਤਿਆ ਦਾ ਇਹ ਦੂਜਾ ਮਾਮਲਾ ਹੈ।
Publish Date: Fri, 13 Feb 2026 08:39 AM (IST)
Updated Date: Fri, 13 Feb 2026 08:42 AM (IST)
ਢਾਕਾ, ਪੀਟੀਆਈ : ਬੰਗਲਾਦੇਸ਼ ਵਿਚ 13ਵੀਂ ਸੰਸਦੀ ਚੋਣ ਵਿਚਾਲੇ ਘੱਟਗਿਣਤੀਆਂ ’ਤੇ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਉੱਤਰ ਪੂਰਬੀ ਬੰਗਲਾਦੇਸ਼ ਦੇ ਮੌਲਵੀਬਾਜ਼ਾਰ ਇਲਾਕੇ ਦਾ ਹੈ, ਜਿੱਥੇ ਬੁੱਧਵਾਰ ਨੂੰ ਚਾਹ ਬਗ਼ੀਚੇ ਵਿਚ ਕੰਮ ਕਰਨ ਵਾਲੇ ਇਕ ਹਿੰਦੂ ਰਤਨ ਸ਼ੁਭੋ ਕਰ (28) ਦੀ ਖੂਨ ਨਾਲ ਲਿੱਬੜੀ ਲਾਸ਼ ਮਿਲੀ। ਰਤਨ ਦੇ ਹੱਥ ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਇਹ ਕਤਲ ਅਜਿਹੇ ਸਮੇਂ ਹੋਇਆ ਹੈ ਜਦੋਂ ਦੇਸ਼ ਵਿਚ ਚੋਣ ਸਰਗਰਮੀਆਂ ਤੇਜ਼ ਹਨ। ਪਿਛਲੇ ਤਿੰਨ ਦਿਨਾਂ ਵਿਚ ਕਿਸੇ ਹਿੰਦੂ ਵਿਅਕਤੀ ਦੀ ਹੱਤਿਆ ਦਾ ਇਹ ਦੂਜਾ ਮਾਮਲਾ ਹੈ।
ਬੇਰਹਿਮੀ ਦੀ ਦਾਸਤਾਂ : ਹੱਥ ਪੈਰ ਬੰਨ੍ਹ ਕੇ ਕੀਤੀ ਗਈ ਹੱਤਿਆ
ਸਥਾਨਕ ਲੋਕਾਂ ਨੇ ਕਮਾਲਗੰਜ ਉਪਜਿਲ੍ਹਾ ਤਹਿਤ ਇਸਲਾਮਪੁਰ ਦੇ ਮੌਲਵੀਬਾਜ਼ਾਰ ਇਲਾਕੇ ਵਿਚ ਸਥਿਤ ਚੰਮਪਾਰਾ ਚਾਹ ਦੇ ਬਗ਼ੀਚਿਆਂ ਵਿਚ ਸਵੇਰੇ 10 ਵਜੇ ਰਤਨ ਦੀ ਲਾਸ਼ ਦੇਖੀ। ਉਹ ਇਸੇ ਬਗ਼ੀਚੇ ਵਿਚ ਕੰਮ ਕਰਦੇ ਸਨ। ਰਤਨ ਦੇ ਵੱਡੇ ਭਰਾ ਲਸ਼ਮਣ ਕਰ ਨੇ ਦੱਸਿਆ, ‘ਅਸੀਂ ਰਾਤ ਤੋਂ ਹੀ ਰਤਨ ਦੀ ਭਾਲ ਕਰ ਰਹੇ ਸੀ। ਸਵੇਰੇ ਪਤਾ ਲੱਗਿਆ ਕਿ ਉਸ ਦੀ ਲਾਸ਼ ਬਗ਼ੀਚੇ ਵਿਚ ਪਈ ਹੈ। ਸਾਨੂੰ ਨਹੀਂ ਪਤਾ ਉਸ ਨੂੰ ਕਿਉਂ ਮਾਰਿਆ ਗਿਆ।’ ਕਮਾਲਗੰਜ ਥਾਣਾ ਇੰਚਾਰਜ ਅਬਦੁਲ ਅਵਲ ਨੇ ਪੁਸ਼ਟੀ ਕੀਤੀ ਕਿ ਲਾਸ਼ ਨੂੰ ਪੋਸਟਮਾਰਟਮ ਲਈ ਮੌਲਵੀਬਾਜ਼ਾਰ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਚੋਣ ਹਿੰਸਾ ਤੇ ਘੱਟਗਿਣਤੀਆਂ ’ਤੇ ਵਧਦਾ ਸੰਕਟ
ਸੋਮਵਾਰ ਨੂੰ ਮੇਮਨਸਿੰਘ ਦੇ ਤ੍ਰਿਸ਼ਾਲ ਵਿਚ 62 ਸਾਲਾ ਹਿੰਦੂ ਵਪਾਰੀ ਸੁਮੇਨ ਚੰਦਰ ਸਰਕਾਰ ਦੀ ਉਨ੍ਹਾਂ ਦੀ ਦੁਕਾਨ ਵਿਚ ਵੜ ਕੇ ਹੱਤਿਆ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਦਸੰਬਰ ਵਿਚ ਕੱਟੜਪੰਥੀ ਨੌਜਵਾਨ ਨੇਤਾ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਬੰਗਲਾਦੇਸ਼ ਵਿਚ ਹਿੰਦੂ ਆਬਾਦੀ ਲਗਾਤਾਰ ਹਮਲਿਆਂ ਦਾ ਸਾਹਮਣਾ ਕਰ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਹੱਤਿਆ ਦੇ ਤਾਰ ਚੋਣਾਂ ਨਾਲ ਜੁੜੇ ਹੋ ਸਕਦੇ ਹਨ ਹਾਲਾਂਕਿ ਪੁਲਿਸ ਹਾਲੇ ਕਿਸੇ ਨਤੀਜੇ ’ਤੇ ਪਹੁੰਚਣ ਤੋਂ ਡਰ ਰਹੀ ਹੈ। ਡਰ ਅਤੇ ਬੇਯਕੀਨੀ ਵਿਚ ਘੱਟਗਿਣਤੀਆਂ ਦੀ ਸੁਰੱਖਿਆ ’ਤੇ ਸਵਾਲ ਉੱਠ ਰਹੇ ਹਨ।