ਭਾਰਤ ਨੂੰ ਅੱਖਾਂ ਦਿਖਾਉਣ ਵਾਲੇ ਬੰਗਲਾਦੇਸ਼ 'ਚ ਪਹਿਲੀ ਅੰਡਰਗਰਾਊਂਡ ਮੈਟਰੋ ਬਣਾਏਗੀ ਭਾਰਤੀ ਕੰਪਨੀ! L&T ਨੂੰ ਲਗਾਤਾਰ ਮਿਲਿਆ ਚੌਥਾ ਵਿਦੇਸ਼ੀ ਪ੍ਰੋਜੈਕਟ
ਐੱਲਐਂਡਟੀ ਨੂੰ ਪਿਛਲੇ ਹਫ਼ਤੇ ਦੋ ਸਰਕਾਰੀ ਆਰਡਰ ਮਿਲੇ ਸਨ। ਪਹਿਲਾ ਆਰਡਰ ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਵੱਲੋਂ ਦਿੱਤਾ ਗਿਆ ਹੈ। ਇਸ ਤਹਿਤ ਨਵੀਂ ਦਿੱਲੀ 'ਚ ਕਰਤੱਵਯ ਪਥ ਦੇ ਨੇੜੇ ਭਾਰਤ ਸਰਕਾਰ ਦੇ ਕਾਮਨ ਸੈਂਟਰਲ ਸਕੱਤਰੇਤ ਦੀਆਂ ਇਮਾਰਤਾਂ ਨੰਬਰ 4 ਅਤੇ 5 ਦਾ ਨਿਰਮਾਣ ਕੀਤਾ ਜਾਣਾ ਹੈ।
Publish Date: Tue, 27 Oct 2026 01:04 PM (IST)
Updated Date: Tue, 27 Oct 2026 01:08 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : L&T Latest News: ਦੇਸ਼ ਦੀ ਦਿੱਗਜ ਇਨਫ੍ਰਾਸਟ੍ਰਕਚਰ ਕੰਪਨੀ ਲਾਰਸਨ ਐਂਡ ਟੂਬਰੋ ਯਾਨੀ ਐੱਲਐਂਡਟੀ (L&T International Projects) ਨੂੰ ਇੱਕ ਹੋਰ ਵੱਡਾ ਵਿਦੇਸ਼ੀ ਠੇਕਾ ਮਿਲਿਆ ਹੈ। ਸਾਊਦੀ ਅਰਬ, ਯੂਏਈ ਅਤੇ ਉਜ਼ਬੇਕਿਸਤਾਨ ਤੋਂ ਬਾਅਦ ਹੁਣ ਐੱਲਐਂਡਟੀ ਨੂੰ ਗੁਆਂਢੀ ਦੇਸ਼ ਬੰਗਲਾਦੇਸ਼ ਤੋਂ 5,000 ਤੋਂ 10,000 ਕਰੋੜ ਰੁਪਏ ਦਾ ਵੱਡਾ ਠੇਕਾ ਮਿਲਿਆ ਹੈ। ਇਸ ਪ੍ਰੋਜੈਕਟ ਤਹਿਤ ਕੰਪਨੀ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਦੇਸ਼ ਦੀ ਪਹਿਲੀ ਅੰਡਰਗਰਾਊਂਡ ਮੈਟਰੋ ਲਾਈਨ ਬਣਾਉਣ ਜਾ ਰਹੀ ਹੈ।
31 ਕਿਲੋਮੀਟਰ ਹੋਵੇਗੀ ਪ੍ਰੋਜੈਕਟ ਦੀ ਲੰਬਾਈ
ਇਸ 'ਢਾਕਾ ਮੈਟਰੋ ਲਾਈਨ-1' ਪ੍ਰੋਜੈਕਟ ਲਈ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (JICA) ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ। ਇਸ ਮੈਟਰੋ ਲਾਈਨ ਦੀ ਕੁੱਲ ਲੰਬਾਈ ਲਗਭਗ 31 ਕਿਲੋਮੀਟਰ ਹੋਵੇਗੀ। ਇਹ ਇੱਕ ਬੇਹੱਦ ਆਧੁਨਿਕ ਮਾਸ ਟ੍ਰਾਂਜ਼ਿਟ ਸਿਸਟਮ ਹੋਵੇਗਾ, ਜੋ ਢਾਕਾ ਦੇ ਲੋਕਾਂ ਦੇ ਸਫ਼ਰ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ।
ਇਸ ਪ੍ਰੋਜੈਕਟ 'ਚ ਦੋ ਅਹਿਮ ਰੂਟ ਸ਼ਾਮਲ ਕੀਤੇ ਗਏ ਹਨ। ਪਹਿਲਾ ਰੂਟ ਕਮਲਾਪੁਰ ਤੋਂ ਹਵਾਈ ਅੱਡੇ ਤੱਕ ਜਾਵੇਗਾ, ਜਦਕਿ ਦੂਜਾ ਰੂਟ ਨਤੁਨ ਬਾਜ਼ਾਰ ਤੋਂ ਪੂਰਬਾਚਲ ਟਰਮੀਨਲ ਤੱਕ ਦੀ ਦੂਰੀ ਤੈਅ ਕਰੇਗਾ। ਇਸ ਪੂਰੇ ਨੈੱਟਵਰਕ 'ਚ ਕੁੱਲ 19 ਸਟੇਸ਼ਨ ਬਣਾਏ ਜਾਣਗੇ। ਇਸ ਦੇ ਨਾਲ ਹੀ ਪੀਤਲਗੰਜ 'ਚ ਇੱਕ ਵੱਡਾ ਡਿਪੂ ਵੀ ਤਿਆਰ ਕੀਤਾ ਜਾਵੇਗਾ।
ਐੱਲਐਂਡਟੀ ਦੇ ਟ੍ਰਾਂਸਪੋਰਟੇਸ਼ਨ ਇਨਫ੍ਰਾਸਟ੍ਰਕਚਰ ਕਾਰੋਬਾਰ ਨੂੰ ਇਸ ਪ੍ਰੋਜੈਕਟ ਦੇ ਦੋ ਸਭ ਤੋਂ ਅਹਿਮ ਸਿਸਟਮ ਪੈਕੇਜਾਂ (CP09 ਅਤੇ CP10) ਦਾ ਕੰਮ ਸੌਂਪਿਆ ਗਿਆ ਹੈ। ਪੈਕੇਜ CP09 ਤਹਿਤ ਐੱਲਐਂਡਟੀ ਆਪਣੇ ਜਾਪਾਨੀ ਭਾਈਵਾਲ 'ਸੁਮਿਤੋਮੋ ਕਾਰਪੋਰੇਸ਼ਨ' ਨਾਲ ਮਿਲ ਕੇ ਕੰਮ ਕਰੇਗੀ। ਦੋਵੇਂ ਕੰਪਨੀਆਂ ਮਿਲ ਕੇ ਪੂਰਾ ਮੈਟਰੋ ਟ੍ਰੈਕ ਵਿਛਾਉਣਗੀਆਂ।
CP10 ਪੈਕੇਜ ਦੀ ਜ਼ਿੰਮੇਵਾਰੀ ਐੱਲਐਂਡਟੀ ਨੂੰ
ਇਸ ਦੇ ਨਾਲ ਹੀ ਬਿਜਲੀ ਦੀ ਸਪਲਾਈ, ਵੰਡ ਪ੍ਰਣਾਲੀ ਅਤੇ ਬਿਜਲੀ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਸਹੂਲਤਾਂ ਵੀ ਤਿਆਰ ਕੀਤੀਆਂ ਜਾਣਗੀਆਂ। ਦੂਜੇ ਪਾਸੇ, ਪੈਕੇਜ CP10 ਦੀ ਪੂਰੀ ਜ਼ਿੰਮੇਵਾਰੀ ਇਕੱਲੀ ਐੱਲਐਂਡਟੀ ਦੇ ਮੋਢਿਆਂ 'ਤੇ ਹੋਵੇਗੀ। ਇਸ ਤਹਿਤ ਪੂਰੇ ਮੈਟਰੋ ਨੈੱਟਵਰਕ ਲਈ ਸਿਗਨਲਿੰਗ ਸਿਸਟਮ ਅਤੇ ਦੂਰਸੰਚਾਰ ਨਾਲ ਜੁੜਿਆ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸੁਰੱਖਿਆ ਲਈ ਪਲੇਟਫਾਰਮ ਸਕ੍ਰੀਨ ਡੋਰ (PSD) ਵੀ ਲਗਾਏ ਜਾਣਗੇ।
ਦਿਲਚਸਪ ਗੱਲ ਇਹ ਹੈ ਕਿ ਢਾਕਾ ਲਈ ਐੱਲਐਂਡਟੀ ਕੋਈ ਨਵਾਂ ਨਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੰਪਨੀ ਢਾਕਾ ਮੈਟਰੋ ਲਾਈਨ-6 ਦਾ ਕੰਮ ਸਫ਼ਲਤਾਪੂਰਵਕ ਪੂਰਾ ਕਰ ਚੁੱਕੀ ਹੈ। ਇਹ ਬੰਗਲਾਦੇਸ਼ ਦਾ ਪਹਿਲਾ ਮੈਟਰੋ ਰੇਲ ਕੌਰੀਡੋਰ ਸੀ। ਇਹ ਹੁਣ ਆਮ ਲੋਕਾਂ ਲਈ ਪੂਰੀ ਤਰ੍ਹਾਂ ਚਾਲੂ ਹੈ ਅਤੇ ਲੋਕ ਇਸ ਦਾ ਲਾਭ ਲੈ ਰਹੇ ਹਨ।
ਤੈਅ ਸਮੇਂ 'ਚ ਹੀ ਪੂਰਾ ਕਰਾਂਗੇ ਕੰਮ
ਇਸ ਨਵੀਂ ਕਾਮਯਾਬੀ 'ਤੇ ਐੱਲਐਂਡਟੀ ਦੇ ਟ੍ਰਾਂਸਪੋਰਟੇਸ਼ਨ ਇਨਫ੍ਰਾਸਟ੍ਰਕਚਰ ਵਿਭਾਗ ਦੇ ਮੁਖੀ ਅਤੇ ਸੀਨੀਅਰ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਰਾਮਕੁਮਾਰ ਐੱਸ ਨੇ ਖ਼ੁਸ਼ੀ ਜਤਾਈ। ਉਨ੍ਹਾਂ ਕਿਹਾ, "ਢਾਕਾ ਮਾਸ ਟ੍ਰਾਂਜ਼ਿਟ ਕੰਪਨੀ ਤੋਂ ਮੁੜ ਇੰਨਾ ਵੱਡਾ ਆਰਡਰ ਮਿਲਣਾ ਸਾਡੀ ਸਮਰੱਥਾ ਦਾ ਸਬੂਤ ਹੈ।
ਇਹ ਸਾਬਤ ਕਰਦਾ ਹੈ ਕਿ ਐੱਲਐਂਡਟੀ ਵਿਸ਼ਵ ਪੱਧਰ ਦੇ ਪ੍ਰੋਜੈਕਟਾਂ ਨੂੰ ਸ਼ਾਨਦਾਰ ਤਰੀਕੇ ਨਾਲ ਪੂਰਾ ਕਰਦੀ ਹੈ।" ਉਨ੍ਹਾਂ ਭਰੋਸਾ ਜਤਾਇਆ ਕਿ ਜਕਾਰਤਾ ਅਤੇ ਢਾਕਾ ਮੈਟਰੋ ਦੇ ਪੁਰਾਣੇ ਤਜਰਬਿਆਂ ਦੇ ਆਧਾਰ 'ਤੇ ਕੰਪਨੀ ਇਸ ਨਵੇਂ ਪ੍ਰੋਜੈਕਟ ਨੂੰ ਵੀ ਵਿਸ਼ਵ ਪੱਧਰੀ ਗੁਣਵੱਤਾ ਨਾਲ ਤੈਅ ਸਮੇਂ 'ਚ ਪੂਰਾ ਕਰੇਗੀ।
ਕੰਪਨੀ ਕੋਲ ਕਿਹੜੇ-ਕਿਹੜੇ ਵਿਦੇਸ਼ੀ ਪ੍ਰੋਜੈਕਟ ਹਨ?
ਐੱਲਐਂਡਟੀ ਨੂੰ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ 'ਚ ਇੱਕ ਨਵਾਂ ਅਤੇ ਆਧੁਨਿਕ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦਾ ਆਰਡਰ ਮਿਲਿਆ ਹੈ। ਇਸ ਦੀ ਕੀਮਤ 15,000 ਕਰੋੜ ਰੁਪਏ ਹੈ। ਕੰਪਨੀ ਨੂੰ ਇਸ ਵੱਡੇ ਗ੍ਰੀਨਫੀਲਡ ਪ੍ਰੋਜੈਕਟ ਲਈ ਸ਼ੁਰੂਆਤੀ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ।
ਇਸ ਤੋਂ ਇਲਾਵਾ, 5 ਅਕਤੂਬਰ ਨੂੰ ਕੰਪਨੀ ਨੂੰ ਸਾਊਦੀ ਅਰਬ ਅਤੇ ਯੂਏਈ ਤੋਂ EPC ਆਰਡਰ ਵੀ ਮਿਲੇ ਸਨ, ਜਿਨ੍ਹਾਂ ਦੀ ਕੀਮਤ 10,000 ਤੋਂ 15,000 ਕਰੋੜ ਰੁਪਏ ਹੈ। ਇਸ ਪ੍ਰੋਜੈਕਟ ਤਹਿਤ ਕੰਪਨੀ ਨੂੰ ਟ੍ਰਾਂਸਮਿਸ਼ਨ ਲਾਈਨਾਂ, ਸਬਸਟੇਸ਼ਨਾਂ ਅਤੇ ਕੇਬਲਿੰਗ ਦਾ ਕੰਮ ਕਰਨਾ ਹੈ।
ਭਾਰਤ 'ਚ ਕੰਪਨੀ ਕੋਲ ਕਿਹੜੇ-ਕਿਹੜੇ ਪ੍ਰੋਜੈਕਟ ਹਨ?
ਐੱਲਐਂਡਟੀ ਨੂੰ ਪਿਛਲੇ ਹਫ਼ਤੇ ਦੋ ਸਰਕਾਰੀ ਆਰਡਰ ਮਿਲੇ ਸਨ। ਪਹਿਲਾ ਆਰਡਰ ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਵੱਲੋਂ ਦਿੱਤਾ ਗਿਆ ਹੈ। ਇਸ ਤਹਿਤ ਨਵੀਂ ਦਿੱਲੀ 'ਚ ਕਰਤੱਵਯ ਪਥ ਦੇ ਨੇੜੇ ਭਾਰਤ ਸਰਕਾਰ ਦੇ ਕਾਮਨ ਸੈਂਟਰਲ ਸਕੱਤਰੇਤ ਦੀਆਂ ਇਮਾਰਤਾਂ ਨੰਬਰ 4 ਅਤੇ 5 ਦਾ ਨਿਰਮਾਣ ਕੀਤਾ ਜਾਣਾ ਹੈ।
ਦੂਜਾ ਆਰਡਰ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਦਿੱਤਾ ਗਿਆ ਹੈ। ਇਹ ਪ੍ਰੋਜੈਕਟ ਅਮਰਾਵਤੀ ਕੁਆਂਟਮ ਕੰਪਿਊਟਿੰਗ ਸੈਂਟਰ ਦੇ ਦੋਵੇਂ ਪਾਸੇ ਦੋ ਦਫ਼ਤਰੀ ਟਾਵਰ ਬਣਾਉਣ ਨਾਲ ਸਬੰਧਤ ਹੈ। ਇਨ੍ਹਾਂ ਦੋਵੇਂ ਟਾਵਰਾਂ 'ਚ ਬੇਸਮੈਂਟ, ਗਰਾਊਂਡ ਫਲੋਰ ਅਤੇ 47 ਮੰਜ਼ਿਲਾਂ ਹੋਣਗੀਆਂ। ਇਨ੍ਹਾਂ ਦਾ ਕੁੱਲ ਨਿਰਮਿਤ ਖੇਤਰਫਲ 37.5 ਲੱਖ ਵਰਗ ਫੁੱਟ ਹੋਵੇਗਾ।
ਇਹ ਡਿਜ਼ਾਈਨ ਐਂਡ ਬਿਲਡ ਆਰਡਰ ਹੈ, ਜਿਸ 'ਚ ਐੱਲਐਂਡਟੀ ਮੁੱਖ ਤੌਰ 'ਤੇ ਇਮਾਰਤ ਦੇ ਸ਼ੈੱਲ ਅਤੇ ਕੋਰ ਦਾ ਕੰਮ ਕਰੇਗੀ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ 30 ਮਹੀਨਿਆਂ ਦੀ ਸਮਾਂ-ਸੀਮਾ ਤੈਅ ਕੀਤੀ ਗਈ ਹੈ। ਕੰਪਨੀ ਮੁਤਾਬਕ, ਹਰੇਕ ਪ੍ਰੋਜੈਕਟ ਦੀ ਕੀਮਤ 2,500 ਕਰੋੜ ਤੋਂ 5,000 ਕਰੋੜ ਰੁਪਏ ਦੇ ਵਿਚਕਾਰ ਹੈ।