ਬ੍ਰਾਜ਼ੀਲ 'ਚ ਬੰਜੀ ਜੰਪਿੰਗ ਦੌਰਾਨ ਹਾਦਸਾ, ਬਿਨਾਂ ਰੱਸੀ ਬੰਨ੍ਹੇ 115 ਫੁੱਟ ਦੀ ਉਚਾਈ ਤੋਂ ਡਿੱਗੀ ਮੁਟਿਆਰ; ਮੌਕੇ 'ਤੇ ਹੀ ਮੌਤ
ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਰੀਲਾਂ ਅਤੇ ਵੀਡੀਓਜ਼ ਦੇਖ ਕੇ ਲੋਕ ਅਕਸਰ 'ਖ਼ਤਰਿਆਂ ਦੇ ਖਿਡਾਰੀ' ਬਣਨ ਨਿਕਲ ਪੈਂਦੇ ਹਨ, ਜੋ ਕਿ ਕਈ ਵਾਰ ਉਨ੍ਹਾਂ ਲਈ ਜਾਨਲੇਵਾ ਸਾਬਤ ਹੁੰਦਾ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਤਾਜ਼ਾ ਮਾਮਲਾ ਬ੍ਰਾਜ਼ੀਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਐਡਵੈਂਚਰ ਕੰਪਨੀ ਦੀ ਘੋਰ ਲਾਪਰਵਾਹੀ ਕਾਰਨ 24 ਸਾਲ ਦੀ ਮੁਟਿਆਰ ਦੀ ਬੰਜੀ ਜੰਪਿੰਗ ਦੌਰਾਨ ਮੌਤ ਹੋ ਗਈ।
Publish Date: Sun, 14 Jun 2026 01:56 PM (IST)
Updated Date: Sun, 14 Jun 2026 01:58 PM (IST)

ਡਿਜੀਟਲ ਡੈਸਕ, ਬ੍ਰਾਸੀਲੀਆ। ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਰੀਲਾਂ ਅਤੇ ਵੀਡੀਓਜ਼ ਦੇਖ ਕੇ ਲੋਕ ਅਕਸਰ 'ਖ਼ਤਰਿਆਂ ਦੇ ਖਿਡਾਰੀ' ਬਣਨ ਨਿਕਲ ਪੈਂਦੇ ਹਨ, ਜੋ ਕਿ ਕਈ ਵਾਰ ਉਨ੍ਹਾਂ ਲਈ ਜਾਨਲੇਵਾ ਸਾਬਤ ਹੁੰਦਾ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਤਾਜ਼ਾ ਮਾਮਲਾ ਬ੍ਰਾਜ਼ੀਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਐਡਵੈਂਚਰ ਕੰਪਨੀ ਦੀ ਘੋਰ ਲਾਪਰਵਾਹੀ ਕਾਰਨ 24 ਸਾਲ ਦੀ ਮੁਟਿਆਰ ਦੀ ਬੰਜੀ ਜੰਪਿੰਗ ਦੌਰਾਨ ਮੌਤ ਹੋ ਗਈ।
ਦਰਅਸਲ, ਐਡਵੈਂਚਰ ਕੰਪਨੀ ਦੀ ਵੱਡੀ ਲਾਪਰਵਾਹੀ ਕਾਰਨ ਇੱਕ ਕੁੜੀ ਬਿਨਾਂ ਬੰਜੀ ਕਾਰਡ ਬੰਨ੍ਹੇ ਹੀ 35 ਮੀਟਰ ਦੀ ਉਚਾਈ ਤੋਂ ਹੇਠਾਂ ਕੁੱਦ ਗਈ ਅਤੇ ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਖ਼ੌਫ਼ਨਾਕ ਹਾਦਸੇ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਭੱਜ ਰਹੇ ਕੰਪਨੀ ਦੇ ਸਟਾਫ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਕੀ ਹੈ ਪੂਰਾ ਮਾਮਲਾ?
ਇਹ ਹਾਦਸਾ ਸਾਓ ਪਾਊਲੋ ਰਾਜ ਦੇ ਲੀਮੇਈਰਾ ਅਤੇ ਕੋਰਡੇਈਰੋਪੋਲਿਸ ਸ਼ਹਿਰਾਂ ਨੂੰ ਜੋੜਨ ਵਾਲੇ 'ਪੋਂਟੇ ਡੋ ਐਸਕੇਲੇਟੋ' ਪੁਲ 'ਤੇ ਹੋਇਆ। ਇਹ ਪੁਲ ਹਾਲ ਹੀ ਦੇ ਦਿਨਾਂ ਵਿੱਚ ਐਡਵੈਂਚਰ ਦੇ ਸ਼ੌਕੀਨਾਂ ਅਤੇ ਸੈਲਾਨੀਆਂ ਲਈ ਇੱਕ ਪਸੰਦੀਦਾ ਸਪਾਟ ਬਣ ਗਿਆ ਸੀ ਪਰ ਇਸ ਜਗ੍ਹਾ 'ਤੇ ਸਰਕਾਰ ਜਾਂ ਕਿਸੇ ਅਧਿਕਾਰਤ ਸੰਸਥਾ ਦੀ ਕੋਈ ਨਿਗਰਾਨੀ ਜਾਂ ਸੁਰੱਖਿਆ ਨਿਯਮ ਲਾਗੂ ਨਹੀਂ ਸਨ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਮ੍ਰਿਤਕਾ ਮਾਰੀਆ ਐਡੁਆਰਡਾ ਰੌਡਰਿਗਜ਼ ਡੀ ਫ੍ਰੀਟਾਸ ਨੇ ਇਸ ਖ਼ਤਰਨਾਕ ਬੰਜੀ ਜੰਪ ਅਤੇ ਉਸ ਦੀ ਵੀਡੀਓ ਸ਼ੂਟ ਕਰਵਾਉਣ ਲਈ 'ਐਂਟਰੇ ਕੋਰਡਾਸ' ਨਾਮ ਦੀ ਪ੍ਰਾਈਵੇਟ ਕੰਪਨੀ ਨੂੰ ਕਰੀਬ 290 ਡਾਲਰ (ਲਗਪਗ 24,500 ਰੁਪਏ) ਦਿੱਤੇ ਸਨ। ਉਹ ਇਸ ਵੀਡੀਓ ਨੂੰ ਆਪਣੀਆਂ ਯਾਦਾਂ ਵਿੱਚ ਸਮੇਟਣਾ ਚਾਹੁੰਦੀ ਸੀ।
ਮੁਟਿਆਰ ਨੂੰ ਨਹੀਂ ਬੰਨ੍ਹੀ ਸੀ ਸੁਰੱਖਿਆ ਰੱਸੀ
ਚਸ਼ਮਦੀਦਾਂ ਮੁਤਾਬਕ, ਮੁਟਿਆਰ ਤੋਂ ਪਹਿਲਾਂ ਤਿੰਨ ਹੋਰ ਲੋਕਾਂ ਨੇ ਉੱਥੋਂ ਜੰਪ ਲਗਾਈ ਸੀ, ਜੋ ਸੁਰੱਖਿਅਤ ਰਹੇ ਪਰ ਜਿਵੇਂ ਹੀ ਕੁੜੀ ਦੀ ਵਾਰੀ ਆਈ, ਉੱਥੇ ਮੌਜੂਦ ਕਰੂ ਮੈਂਬਰਾਂ ਨੇ ਸੁਰੱਖਿਆ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਦਿੱਤਾ। ਕਰੂ ਮੈਂਬਰ ਮੁਟਿਆਰ ਨੂੰ ਕੁੱਦਣ ਦਾ ਇਸ਼ਾਰਾ ਕਰਨ ਜਾਂ ਹੇਠਾਂ ਧੱਕਣ ਤੋਂ ਪਹਿਲਾਂ ਇਹ ਚੈੱਕ ਕਰਨਾ ਭੁੱਲ ਗਏ ਕਿ ਉਸ ਦੀ ਸੁਰੱਖਿਆ ਰੱਸੀ ਠੀਕ ਤਰ੍ਹਾਂ ਬੰਨ੍ਹੀ ਹੈ ਜਾਂ ਨਹੀਂ।
ਜਿਵੇਂ ਹੀ ਮੁਟਿਆਰ ਨੇ ਪੁਲ ਤੋਂ ਹੇਠਾਂ ਛਾਲ ਮਾਰੀ, ਉੱਥੇ ਮੌਜੂਦ ਲੋਕਾਂ ਨੂੰ ਤੁਰੰਤ ਪਤਾ ਲੱਗ ਗਿਆ ਕਿ ਉਸ ਦੇ ਪੈਰਾਂ ਜਾਂ ਸਰੀਰ ਨਾਲ ਕੋਈ ਰੱਸੀ ਜੁੜੀ ਹੋਈ ਹੀ ਨਹੀਂ ਸੀ। ਕੁੜੀ ਸਿੱਧੀ 35 ਮੀਟਰ (ਕਰੀਬ 115 ਫੁੱਟ) ਹੇਠਾਂ ਜਾ ਡਿੱਗੀ। ਹਾਦਸੇ ਤੋਂ ਬਾਅਦ ਉੱਥੇ ਮੌਜੂਦ ਕਰਮਚਾਰੀਆਂ ਦੇ ਹੱਥ-ਪੈਰ ਫੁੱਲ ਗਏ।
ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਗਲਤੀ ਦਾ ਅਹਿਸਾਸ ਹੁੰਦੇ ਹੀ ਮੁਲਜ਼ਮ ਇੰਸਟ੍ਰਕਟਰ ਅਤੇ ਸਟਾਫ਼ ਉੱਥੋਂ ਭੱਜਣ ਦੀ ਫ਼ਿਰਾਕ ਵਿੱਚ ਸਨ। ਪਰ ਉਨ੍ਹਾਂ ਦੇ ਭੱਜਣ ਤੋਂ ਪਹਿਲਾਂ ਹੀ ਸਥਾਨਕ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।